ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਆਪਣੇ ਖਰਚੇ 'ਤੇ ਸ਼ੁਰੂ ਕਰਵਾਈ ਖਸਤਾ ਸੜਕ ਦੀ ਮੁਰੰਮਤ
ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਹਲਕਾ ਮੋਹਾਲੀ ਵਿੱਚ ਰੁਕੇ ਹੋਏ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਜਾਣਗੇ।
ਮੋਹਾਲੀ, 21 ਸਤੰਬਰ 2025
ਪਿੰਡ ਸਵਾੜਾ ਤੋਂ ਸੈਦਪੁਰ, ਗਿੱਦੜਪੁਰ ਅਤੇ ਚਡਿਆਲਾ ਸੂਦਾਂ ਨੂੰ ਜੋੜਨ ਵਾਲੀ ਖਸਤਾ ਹਾਲਤ ਲਿੰਕ ਸੜਕ ਦੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਅੱਜ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਕਰਵਾਈ ਗਈ। ਇਸ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਕੋਲ ਫਰੀਆਦ ਕੀਤੀ ਜਾਂਦੀ ਰਹੀ ਸੀ, ਪਰ ਸਰਕਾਰ ਵੱਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਰਕੇ ਲੋਕਾਂ ਨੇ ਆਖ਼ਰਕਾਰ ਸ. ਸਿੱਧੂ ਕੋਲ ਮਦਦ ਲਈ ਗੁਹਾਰ ਲਗਾਈ।
ਸ. ਬਲਬੀਰ ਸਿੰਘ ਸਿੱਧੂ ਨੇ ਲੋਕਾਂ ਦੀਆਂ ਪੀੜਾ ਨੂੰ ਸਮਝਦਿਆਂ ਆਪਣੇ ਨਿੱਜੀ ਖਰਚੇ ਉੱਤੇ ਸੜਕ ਦੀ ਮੁਰੰਮਤ ਕਰਵਾਉਣ ਦਾ ਫੈਸਲਾ ਕੀਤਾ। ਅੱਜ ਉਨ੍ਹਾਂ ਵੱਲੋਂ ਮੌਕੇ 'ਤੇ ਗਟਕਾ ਅਤੇ ਬਜਰੀ ਦੇ ਟਿੱਪਰ ਸੁਟਵਾਏ ਗਏ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਮੋਹਾਲੀ ਹਲਕੇ ਦੇ ਮੌਜੂਦਾ ਵਿਧਾਇਕ ਦੀ ਕਾਰਗੁਜ਼ਾਰੀ ਨੂੰ "ਜੀਰੋ" ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵੀ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਪੌਣੇ ਚਾਰ ਸਾਲਾਂ ਦੇ ਦੌਰਾਨ ਹਲਕੇ ਵਿੱਚ ਕੋਈ ਵੀ ਵਿਸ਼ੇਸ਼ ਵਿਕਾਸ ਕੰਮ ਨਹੀਂ ਹੋਏ। ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਅਤੇ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਇਹ ਵੀ ਦੱਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਉਨ੍ਹਾਂ ਨੇ ਹਰੇਕ ਪਿੰਡ ਨੂੰ ਲਗਭਗ 50 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ, ਪਰ ਮੌਜੂਦਾ ਸਰਕਾਰ ਨੇ ਤਕਰੀਬਨ ਚਾਰ ਸਾਲਾਂ ਵਿੱਚ ਇਕ ਕਾਣੀ ਕੌਡੀ ਵੀ ਨਹੀਂ ਦਿੱਤੀ।
ਸ. ਸਿੱਧੂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਹੁਣ ਵਿਧਾਨ ਸਭਾ ਚੋਣਾਂ ਸਿਰਫ਼ ਕੁਝ ਮਹੀਨੇ ਦੂਰ ਹਨ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਹਲਕਾ ਮੋਹਾਲੀ ਵਿੱਚ ਰੁਕੇ ਹੋਏ ਵਿਕਾਸ ਕਾਰਜ ਦੁਬਾਰਾ ਤੇਜ਼ੀ ਨਾਲ ਸ਼ੁਰੂ ਕੀਤੇ ਜਾਣਗੇ।
ਇਸ ਮੌਕੇ ਉਕਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸ. ਬਲਬੀਰ ਸਿੰਘ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜਸਵਿੰਦਰ ਸਿੰਘ ਸਰਪੰਚ ਗਿੱਦੜਪੁਰ, ਨਰਿੰਦਰ ਸਿੰਘ ਸੋਨੀ, ਸਰਪੰਚ ਗੁਰਪ੍ਰੀਤ ਕੌਰ, ਭਗਤ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਹਰਨੇਕ ਸਿੰਘ, ਵਰਿੰਦਰ ਸਿੰਘ, ਸੁਖਦੀਪ ਕੌਰ, ਰਾਜ ਰਾਣੀ ਸਾਰੇ ਪੰਚਾਇਤ ਮੈਂਬਰ, ਮਨਦੀਪ ਸਿੰਘ ਗੋਲਡੀ, ਗੁਰਿੰਦਰ ਸਿੰਘ ਰਵੀ, ਹਰਪ੍ਰੀਤ ਸਿੰਘ, ਸੁਖਵੀਰ ਸਿੰਘ, ਜਸਪਾਲ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਕੁਲਤਾਰ ਸਿੰਘ, ਜਗਤਾਰ ਸਿੰਘ ਨੰਬਰਦਾਰ, ਰਣਵੀਰ ਸਿੰਘ ਨੰਬਰਦਾਰ, ਰੀਟਾ ਰਾਣੀ ਸਾਬਕਾ ਸਰਪੰਚ ਚਡਿਆਲਾ ਸੂਦਾਂ ਆਦਿ ਵੀ ਮੌਜੂਦ ਸਨ।