ਸਮਰਪਣ ਦਿਵਸ ਮੌਕੇ ਨਿਰੰਕਾਰੀ ਮਿਸ਼ਨ ਦੇ ਪੈਰੋਕਾਰਾਂ ਵੱਲੋਂ ਬਾਬਾ ਹਰਦੇਵ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ
ਅਸ਼ੋਕ ਵਰਮਾ
ਬਠਿੰਡਾ, 14 ਮਈ 2025: ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਮਰਪਣ ਦਿਵਸ ਦੇ ਮੌਕੇ 'ਤੇ ਬਾਬਾ ਹਰਦੇਵ ਸਿੰਘ ਮਹਾਰਾਜ ਦੀ ਪਾਵਨ ਯਾਦ ਵਿੱਚ ਵਰਚੁਅਲ ਸੰਤ ਸਮਾਗਮ ਕਰਵਾਇਆ ਗਿਆ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਦੀ ਅਗਵਾਈ ਹੇਠ
ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਨੇ ਆਨਲਾਈਨ ਹਿੱਸਾ ਲਿਆ। ਸੰਤ ਨਿਰੰਕਾਰੀ ਮੰਡਲ ਜੋਨ ਬਠਿੰਡਾ ਦੇ ਇੰਚਾਰਜ ਐਸ ਪੀ ਦੁੱਗਲ ਨੇ ਦੱਸਿਆ ਕੀ ਸਮਰਪਣ ਦਿਵਸ ਦੇ ਮੌਕੇ 'ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਵਰਚੁਅਲ ਸਤਸੰਗ ਵਿੱਚ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਦਾ ਜੀਵਨ ਹਰ ਪਲ ਪਿਆਰ, ਤਿਆਗ, ਸੇਵਾ ਅਤੇ ਸਿੱਖਿਆਵਾਂ ਨਾਲ ਭਰਪੂਰ ਸੀ। ਅਜਿਹਾ ਹੀ ਭਗਤੀ ਸਮਰਪਣ ਵਾਲਾ ਜੀਵਨ ਸਾਡੇ ਸਭ ਦਾ ਹੋਵੇ। ਇਹ ਸਮਰਪਣ ਸਿਰਫ਼ ਸ਼ਬਦਾਂ ਤੱਕ ਸੀਮਿਤ ਨਾ ਰਹੇ, ਸਗੋਂ ਜੀਵਨ ਦੇ ਵਿਵਹਾਰ ਵਿੱਚ ਉਤਰੇ।
ਸਤਿਗੁਰੂ ਮਾਤਾ ਨੇ ਸਪੱਸ਼ਟ ਕੀਤਾ ਕਿ ਸੱਚਾ ਸਤਿਕਾਰ ਅਤੇ ਪਿਆਰ ਸਿਰਫ਼ ਬੋਲਾਂ ਨਾਲ ਨਹੀਂ, ਸਗੋਂ ਕਰਮਾਂ ਨਾਲ ਪ੍ਰਗਟ ਹੁੰਦਾ ਹੈ। ਜੇ ਅਸੀਂ ਬਾਬਾ ਜੀ ਦੀਆਂ ਸਿੱਖਿਆਵਾਂ ਨੂੰ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਿਤ ਰੱਖਦੇ ਹਾਂ, ਤਾਂ ਇਹ ਸੱਚਾ ਸਮਰਪਣ ਨਹੀਂ ਹੈ। ਸਮਰਪਣ ਦਾ ਅਸਲ ਰੂਪ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਅਸੀਂ ਅੰਦਰ ਝਾਤ ਮਾਰੀਏ ਅਤੇ ਆਤਮ ਮੰਥਣ ਕਰੀਏ ਕਿ ਕੀ ਅਸੀਂ ਸੱਚਮੁੱਚ ਨਿਮਰਤਾ, ਮੁਆਫੀ ਅਤੇ ਪਿਆਰ ਵਰਗੇ ਗੁਣਾਂ ਨੂੰ ਅਪਣਾ ਰਹੇ ਹਾਂ? ਉਨ੍ਹਾਂ ਨੇ ਸਾਧ ਸੰਗਤ ਨੂੰ ਜੀਵਨ ਦੇ ਹਰ ਪਹਿਲੂ 'ਤੇ ਮਹੱਤਤਾ ਦਿੱਤੀ।
ਸਮਰਪਣ ਦਿਵਸ ਸਿਰਫ਼ ਇੱਕ ਤਾਰੀਖ ਨਹੀਂ, ਸਗੋਂ ਇਹ ਮੌਕਾ ਹੈ, ਇਹ ਸੋਚਣ ਦਾ ਕਿ ਕੀ ਅਸੀਂ ਸੱਚਮੁੱਚ ਆਪਣੇ ਜੀਵਨ ਨੂੰ ਇਨ੍ਹਾਂ ਸਿੱਖਿਆਵਾਂ ਨਾਲ ਜੋੜ ਪਾਏ ਹਾਂ? ਪਿਆਰ, ਏਕਤਾ, ਮਨੁੱਖਤਾ ਅਤੇ ਨਿਮਰਤਾ ਨੂੰ ਆਪਣੇ ਅੰਦਰ ਵਸਾ ਕੇ ਹੀ ਅਸੀਂ ਇਸ ਦਿਵਸ ਨੂੰ ਸਾਰਥਕ ਬਣਾ ਸਕਦੇ ਹਾਂ। ਇਹੀ ਬਾਬਾ ਜੀ ਪ੍ਰਤੀ ਸੱਚਾ ਸਤਿਕਾਰ ਅਤੇ ਸਮਰਪਣ ਹੋਵੇਗਾ।