ਸ਼ੋਕ ਸੁਨੇਹਾ: ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਸਦਮਾ - ਪਤਨੀ ਜਸਪਾਲ ਕੌਰ ਅਨੰਤ ਸਦੀਵੀ ਵਿਛੋੜਾ ਦੇ ਗਏ
ਹਰਦਮ ਮਾਨ
ਸਰੀ, 3 ਨਵੰਬਰ 2025- ਸਰੀ ਸ਼ਹਿਰ ਦੇ ਵਸਨੀਕ ਉੱਘੇ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਬੀਤੀ ਰਾਤ ਉਨ੍ਹਾਂ ਦੀ ਪਤਨੀ ਜਸਪਾਲ ਕੌਰ ਅਨੰਤ ਸਦੀਵੀ ਵਿਛੋੜਾ ਦੇ ਗਏ। ਉਹ 73 ਸਾਲਾਂ ਦੇ ਸਨ ਅਤੇ ਬੀਤੇ ਕੁਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਉਹ ਬਹੁਤ ਹੀ ਮਿਲਾਪੜੇ ਅਤੇ ਗੁਰਮਤਿ ਨੂੰ ਪ੍ਰਣਾਏ ਹੋਏ ਇਨਸਾਨ ਸਨ। ਜਸਪਾਲ ਕੌਰ ਅਨੰਤ ਸਰੀ ਸ਼ਹਿਰ ਵਿੱਚ ਪਿਛਲੇ 21 ਸਾਲਾਂ ਤੋਂ ਦੋਭਾਸ਼ੀਆ ਦੇ ਤੌਰ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੇ ਨਾਮੁਰਾਦ ਬਿਮਾਰੀ ਕਰਕੇ ਸਵੈ-ਇੱਛਤ ਮੌਤ ਕਬੂਲ ਕੀਤੀ।
ਉਨ੍ਹਾਂ ਦੀ ਮੌਤ ਉੱਪਰ ਗੁਰੂ ਨਾਨਕ ਇੰਸਟੀਚਿਊਟ ਆਫ ਗੋਲਬਲ ਸਟੱਡੀਜ਼ ਦੇ ਸੀ.ਈ.ਓ. ਗਿਆਨ ਸਿੰਘ ਸੰਧੂ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਗੁਰਚਰਨ ਸਿੰਘ ਟੱਲੇਵਾਲੀਆ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਹਰਦਮ ਸਿੰਘ ਮਾਨ, ਜਰਨੈਲ ਸਿੰਘ ਸਿੱਧੂ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਅਨ ਚੈਪਟਰ ਦੇ ਇੰਚਾਰਜ ਉਜਾਗਰ ਸਿੰਘ (ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ) ਅਤੇ ਬਿਜਲੀ ਬੋਰਡ ਦੇ ਸਾਬਕਾ ਚੀਫ਼ ਇੰਜਨੀਅਰ ਜੋਤਿੰਦਰ ਸਿੰਘ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਜੈਤੇਗ ਸਿੰਘ ਅਨੰਤ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਸਵ. ਜਸਪਾਲ ਕੌਰ ਅਨੰਤ ਆਪਣੇ ਪਿੱਛੇ ਪਤੀ ਜੈਤੇਗ ਸਿੰਘ ਅਨੰਤ, ਸਪੁੱਤਰ ਕੁਲਬੀਰ ਸਿੰਘ, ਨੂੰਹ ਬੰਧਨਾ ਢੀਂਡਸਾ, ਸਪੁੱਤਰੀ ਕੁਲਪ੍ਰੀਤ ਕੌਰ, ਦਾਮਾਦ ਰਾਜਿੰਦਰ ਸਿੰਘ ਵੜੈਚ ਅਤੇ ਪੰਜ ਦੋਹਤੇ ਦੋਹਤੀਆਂ, ਪੋਤੇ-ਪੋਤੀਆਂ ਛੱਡ ਗਏ ਹਨ। ਉਨ੍ਹਾਂ ਦਾ ਸਸਕਾਰ 9 ਨਵੰਬਰ 2025 (ਐਤਵਾਰ) ਨੂੰ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਦੁਪਹਿਰ 12.30 ਵਜੇ ਹੋਵੇਗਾ ਅਤੇ ਅੰਤਿਮ ਅਰਦਾਸ ਉਸੇ ਦਿਨ ਬਾਅਦ ਦੁਪਹਿਰ 2.30 ਵਜੇ ਗੁਰੁਦਆਰਾ ਬਰੁੱਕਸਾਈਡ ਸਰੀ ਵਿਖੇ ਹੋਵੇਗੀ।