ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਵਿੱਚ ਹੜ੍ਹ ਦੀ ਸਥਿਤੀ ਦਾ ਲਿਆ ਜਾਇਜ਼ਾ
ਵਸਨੀਕਾਂ ਨੂੰ ਸੁਰੱਖਿਅਤ ਰਹਿਣ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ
ਪ੍ਰਮੋਦ ਭਾਰਤੀ
ਨੰਗਲ 04 ਸਤੰਬਰ,2025
ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਸ.ਹਰਜੋਤ ਸਿੰਘ ਬੈਂਸ ਨੇ ਅੱਜ ਆਪਣੇ ਹਲਕੇ ਦੇ ਕਈ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਹ ਦੌਰਾ ਭਾਖੜਾ ਨੰਗਲ ਮੈਨੇਜਮੈਂਟ ਬੋਰਡ ਵੱਲੋਂ ਸਤਲੁਜ ਦਰਿਆ ਵਿੱਚ ਪਾਣੀ ਛੱਡਣ ਤੋਂ ਬਾਅਦ ਕੀਤਾ ਗਿਆ। ਉਹ ਲਕਸ਼ਮੀ ਨਰਾਇਣ ਮੰਦਿਰ ਵੀ ਗਏ, ਜਿੱਥੇ ਮੰਦਿਰ ਦਾ ਕੁਝ ਹਿੱਸਾ ਨੁਕਸਾਨੀ ਹੋਇਆ ਸੀ। ਉਹ ਪਿੰਡ ਮੌਜੋਵਾਲ ਵੀ ਗਏ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ। ਇਸ ਤੋਂ ਬਾਅਦ ਉਹ ਬੇਲਾ ਧਿਆਨੀ ਅੱਪਰ ਤੇ ਬੇਲਾ ਧਿਆਨੀ ਗੁੱਜਰ ਬਸਤੀ ਪਹੁੰਚੇ ਤੇ ਹੜ੍ਹ ਸਬੰਧੀ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਸ. ਬੈਂਸ ਨੇ ਫਸਲਾਂ, ਘਰਾਂ ਅਤੇ ਸੜਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਵਸਨੀਕਾਂ ਨਾਲ ਮਿਲ ਕੇ ਪ੍ਰਸ਼ਾਸਨ ਵੱਲੋਂ ਪੂਰੀ ਸਹਾਇਤਾ ਦੇ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਆਪ ਵਲੰਟੀਅਰ ਦਿਨ-ਰਾਤ ਲੋਕਾਂ ਦੀ ਜ਼ਿੰਦਗੀ ਬਚਾਉਣ ਅਤੇ ਰਾਹਤ ਮੁਹੱਈਆ ਕਰਵਾਉਣ ਵਿੱਚ ਜੁਟੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਨੰਗਲ ਨਿਵਾਸ, ਸੇਵਾ ਸਦਨ 2ਆਰਵੀਆਰ ਅਤੇ ਉਨ੍ਹਾਂ ਦਾ ਘਰ ਗੰਭੀਰਪੁਰ ਪਿੰਡ ਵਾਸੀਆਂ ਲਈ ਖੋਲ੍ਹ ਦਿੱਤਾ ਗਿਆ ਹੈ, ਜਿੱਥੇ ਖਾਣ-ਪੀਣ, ਦਵਾਈਆਂ ਅਤੇ ਹੋਰ ਜ਼ਰੂਰੀ ਸਹੂਲਤਾਂ ਉਪਲੱਬਧ ਹਨ। 24 ਘੰਟੇ ਚੱਲਣ ਵਾਲਾ ਹੈਲਪ ਡੈਸਕ ਬਣਾਇਆ ਗਿਆ ਹੈ ਅਤੇ ਹੈਲਪਲਾਈਨ ਨੰਬਰ 87279-62441 ਵੀ ਲਗਾਤਾਰ ਚੱਲ ਰਿਹਾ ਹੈ ਤਾਂ ਜੋ ਲੋਕਾਂ ਦੀ ਤੁਰੰਤ ਸਹਾਇਤਾ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਕਈ ਸ਼ੁਭਚਿੰਤਕ ਵਿੱਤੀ ਸਹਾਇਤਾ ਦੇਣਾ ਚਾਹੁੰਦੇ ਹਨ ਪਰ ਇਸ ਸਮੇਂ ਪ੍ਰਸ਼ਾਸਨ ਨੂੰ ਪੈਸਿਆਂ ਦੀ ਲੋੜ ਨਹੀਂ ਹੈ। ਇਸ ਦੀ ਬਜਾਏ ਉਨ੍ਹਾਂ ਨੇ ਅਪੀਲ ਕੀਤੀ ਕਿ ਜੋ ਵੀ ਯੋਗਦਾਨ ਦੇਣਾ ਚਾਹੁੰਦਾ ਹੈ ਉਹ ਬਾਬਾ ਸਤਨਾਮ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ, ਬਾਬਾ ਬਾਲ ਜੀ ਅਤੇ ਬਾਬਾ ਜੀ ਪੱਸੀਵਾਲ ਵਾਲੇ ਵਰਗੇ ਧਾਰਮਿਕ ਅਸਥਾਨਾ ਰਾਹੀਂ ਸਹਾਇਤਾ ਕਰਨ।
ਸ.ਬੈਂਸ ਨੇ ਕਿਹਾ ਕਿ ਰਾਹਤ ਕੇਂਦਰਾਂ ਵਿੱਚ ਭੋਜਨ, ਪਾਣੀ ਅਤੇ ਦਵਾਈਆਂ ਦੀ ਪੂਰੀ ਸਹੂਲਤ ਹੈ ਅਤੇ ਬਚਾਅ ਕਾਰਜਾਂ ਲਈ ਮੋਟਰ ਵੋਟ ਵੀ ਤੈਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਨੌਜਵਾਨਾਂ, ਪੰਚਾਂ, ਸਰਪੰਚਾਂ ਅਤੇ ਸੇਵਾਦਾਰਾਂ ਦੀ ਲਗਨ ਦੀ ਸ਼ਲਾਘਾ ਕੀਤੀ।
ਆਪਣੇ ਤਜਰਬੇ ਸਾਂਝੇ ਕਰਦੇ ਹੋਏ ਸ.ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਬੇਲਿਆਂ ਪਿੰਡਾਂ ਦਾ ਦੌਰਾ ਕੀਤਾ ਅਤੇ ਦੌਲਾ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੁਰੱਖਿਆ ਤੇ ਸਹੂਲਤ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਈ ਬੰਧਾਂ, ਨਹਿਰਾਂ ਅਤੇ ਖੱਡਾਂ ਦੀ ਮੁਰੰਮਤ ਵਸਨੀਕਾਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ।
ਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਸ.ਬੈਂਸ ਨੇ ਕਿਹਾ “ਅਸੀਂ ਰੱਬ ਦਾ ਧੰਨਵਾਦ ਕਰਦੇ ਹਾਂ ਕਿ ਅਜੇ ਤੱਕ ਅਸੀਂ ਹਰ ਇਕ ਜਾਨ ਨੂੰ ਬਚਾਉਣ ਵਿੱਚ ਕਾਮਯਾਬ ਰਹੇ ਹਾਂ। ਸਭ ਦੇ ਸਹਿਯੋਗ ਨਾਲ ਅਗਲੇ 2–3 ਦਿਨਾਂ ਵਿੱਚ ਮੁੜ-ਵਸਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।”ਸ. ਬੈਂਸ ਨੇ ਫਿਰ ਅਪੀਲ ਕੀਤੀ ਕਿ ਨੀਵੇਂ ਇਲਾਕਿਆਂ ਦੇ ਵਸਨੀਕ ਰਾਹਤ ਕੇਂਦਰਾਂ ਵਿੱਚ ਸ਼ਿਫਟ ਹੋ ਜਾਣ, ਅਫ਼ਵਾਹਾਂ ਤੇ ਧਿਆਨ ਨਾ ਦੇਣ ਅਤੇ ਸਭ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।