ਲੱਗਦਾ ਹੁਣ ਜੰਗ ਖਤਮ ਹੋਵੇਗੀ- ਟਰੰਪ ਨੇ ਜੇ.ਡੀ. ਵੈਂਸ ਨੂੰ ਈਰਾਨ ਜੰਗ ਤੋਂ ਹਟਾਇਆ
ਹੁਣ ਡੈਮੋਕ੍ਰੇਟਿਕ ਸ਼ਾਸਿਤ ਸ਼ਹਿਰਾਂ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਦੀ ਜ਼ਿੰਮੇਵਾਰੀ
( ਬਲਜਿੰਦਰ ਸੇਖਾ)
ਟੋਰਾਂਟੋ 14 ਨਵੰਬਰ, 2026
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਈਰਾਨ ਜੰਗ ਨਾਲ ਜੁੜੀਆਂ ਕੋਸ਼ਿਸ਼ਾਂ ਤੋਂ ਆਪਣਾ ਧਿਆਨ ਹਟਾ ਕੇ ਅਮਰੀਕਾ ਦੇ ਅੰਦਰੂਨੀ ਮਾਮਲਿਆਂ ਵੱਲ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਹਨ।
ਟਰੰਪ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਵੈਂਸ ਆਪਣਾ ਪੂਰਾ ਧਿਆਨ ਡੈਮੋਕ੍ਰੇਟਿਕ ਪਾਰਟੀ ਦੇ ਸ਼ਾਸਨ ਵਾਲੇ ਸ਼ਹਿਰਾਂ ਅਤੇ ਸੂਬਿਆਂ ਵਿੱਚ ਹੋ ਰਹੇ ਕਥਿਤ ਅਪਰਾਧ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਲਗਾਉਣ।
ਟਰੰਪ ਨੇ ਦਾਅਵਾ ਕੀਤਾ ਕਿ ਵੱਡੇ ਪੱਧਰ ’ਤੇ ਹੋ ਰਹੀਆਂ ਕਥਿਤ ਗ਼ਲਤ ਗਤੀਵਿਧੀਆਂ ਨੂੰ ਰੋਕ ਕੇ ਅਮਰੀਕਾ ਦਾ ਸਰਕਾਰੀ ਬਜਟ ਸੰਤੁਲਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਨੂੰ ਹੁਣ ਈਰਾਨ ਨਾਲ ਕਿਸੇ ਸਮਝੌਤੇ ਦੀ ਲੋੜ ਨਹੀਂ ਹੈ।
ਈਰਾਨ ਜੰਗ ਕਾਰਨ ਰਿਪਬਲਿਕਨ ਪਾਰਟੀ ਨੂੰ ਚੋਣਾਂ ਵਿੱਚ ਨੁਕਸਾਨ
ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪਿਛਲੇ ਹਫ਼ਤੇ ਹੋਈਆਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਜੇ.ਡੀ. ਵੈਂਸ ਨੇ ਵੀ ਈਰਾਨ ਜੰਗ ਦੇ ਆਰਥਿਕ ਪ੍ਰਭਾਵਾਂ ਅਤੇ ਵਧਦੀਆਂ ਕੀਮਤਾਂ ਨੂੰ ਪਾਰਟੀ ਦੀ ਚੋਣ ਹਾਰ ਦਾ ਇੱਕ ਕਾਰਨ ਦੱਸਿਆ ਸੀ।
ਵੈਂਸ ਪਹਿਲਾਂ ਈਰਾਨ ਨਾਲ ਜੰਗ ਖ਼ਤਮ ਕਰਨ ਅਤੇ ਸ਼ਾਂਤੀ ਸਮਝੌਤੇ ਦੀਆਂ ਕੋਸ਼ਿਸ਼ਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਈਰਾਨ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਸਿੱਧੀ ਗੱਲਬਾਤ ਦੀ ਸੰਭਾਵਨਾ ਵੀ ਸਾਹਮਣੇ ਆਈ ਸੀ।
ਕੀ ਈਰਾਨ ਨਾਲ ਗੱਲਬਾਤ ਖ਼ਤਮ ਹੋ ਜਾਵੇਗੀ?
ਟਰੰਪ ਦੇ ਤਾਜ਼ਾ ਬਿਆਨ ਨਾਲ ਅਮਰੀਕਾ ਦੀ ਈਰਾਨ ਨੀਤੀ ਵਿੱਚ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਅਮਰੀਕਾ ਨੇ ਈਰਾਨ ਨਾਲ ਸ਼ਾਂਤੀ ਗੱਲਬਾਤ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ ਜਾਂ ਨਹੀਂ।
ਇਸ ਘਟਨਾਕ੍ਰਮ ਨਾਲ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਅੰਦਰੂਨੀ ਰਾਜਨੀਤੀ ਵਿੱਚ ਨਵੀਂ ਚਰਚਾ ਛਿੜ ਗਈ ਹੈ।
- Download Babushahi App
-
-