ਮੋਗਾ ਮੀਟਿੰਗ ਨੇ ਸੂਬੇ ਭਰ ਦੇ ਅਕਾਲੀ ਵਰਕਰਾਂ ਦੀ ਅਣਥੱਕ ਮਿਹਨਤ ਦੇ ਨਤੀਜੇ ਤੇ ਮੋਹਰ ਲਗਾਈ - ਇਯਾਲੀ
- ਚੁੱਪ ਰਹਿਣਾ ਵੀ ਵੱਡਾ ਗੁਨਾਹ ਹੈ,ਪੰਥ ਦੇ ਹੱਕ ਵਿੱਚ ਆਵਾਜ ਚੁੱਕ ਕੇ ਨੌਜਵਾਨਾਂ ਹੱਥ ਲੀਡਰਸ਼ਿਪ ਦੇਣ ਦਾ ਸਹੀ ਸਮਾਂ - ਬੀਬੀ ਸਤਵੰਤ ਕੌਰ
- ਜੱਥੇਦਾਰ ਵਡਾਲਾ ਨੇ ਸੁਹਿਰਦ ਲੀਡਰਸ਼ਿਪ ਦੇਣ ਦਾ ਭਰੋਸਾ ਦਿੱਤਾ ਤਾਂ ਜੱਥੇਦਾਰ ਝੂੰਦਾਂ ਅਤੇ ਉਮੈਦਪੁਰੀ ਨੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਹੋਕਾ ਦਿੱਤਾ
ਮੋਗਾ / ਚੰੜੀਗੜ੍ਹ, 17 ਮਈ 2025 - ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਣੀ ਭਰਤੀ ਕਮੇਟੀ ਮੈਂਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਵੱਡੀ ਸਿਆਸੀ ਕਾਨਫਰੰਸ ਦਾ ਰੂਪ ਧਾਰਨ ਕਰਦੀ ਅਹਿਮ ਮੀਟਿੰਗ ਮੋਗਾ ਵਿੱਚ ਹੋਈ। ਮੀਟਿੰਗ ਨੂੰ ਵੱਡੀ ਜਲਸੇ ਵਿੱਚ ਬਦਲਣ ਵਿੱਚ ਜਿੱਥੇ ਸਮੁੱਚੇ ਜ਼ਿਲੇ ਦੇ ਅਕਾਲੀ ਜੱਥੇ ਦਾ ਯੋਗਦਾਨ ਰਿਹਾ ਉਥੇ ਹੀ ਮਰਹੂਮ ਜੱਥੇਦਾਰ ਤੋਤਾ ਸਿੰਘ ਦੇ ਬੇਟੇ ਬਰਜਿੰਦਰ ਸਿੰਘ ਬਰਾੜ ਤੋ ਇਲਾਵਾ ਜਗਤਾਰ ਸਿੰਘ ਬਰਾੜ ਸਪੁੱਤਰ ਮਰਹੂਮ ਸਾਧੂ ਸਿੰਘ ਰਾਜੇਆਣਾ, ਬਲਦੇਵ ਸਿੰਘ ਮਾਣੂੰਕੇ,ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਅਤੇ ਜਿਲਾ ਜੱਥਾ ਪ੍ਰਧਾਨ ਅਮਰਜੀਤ ਸਿੰਘ ਲੰਡੇਕੇ ਅਤੇ ਸਮੁੱਚੀ ਲੀਡਰਸਿੱਪ ਦੀ ਸਖ਼ਤ ਮਿਹਨਤ ਰਹੀ।
ਇਸ ਵੱਡੀ ਸਿਆਸੀ ਕਾਨਫਰੰਸ ਬਣੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕੈਨੇਡਾ ਵਿੱਚ ਮੈਂਬਰ ਪਾਰਲੀਮੈਟ ਚੁਣੇ 22 ਪੰਜਾਬੀਆਂ ਨੂੰ ਵਧਾਈ ਦਿੰਦੇ, ਮੋਗਾ ਦੀ ਧਰਤੀ ਦੇ ਜੰਮਪਲ ਪੰਜ ਮੈਂਬਰਾਂ ਦਾ ਜਿਕਰ ਕਰਦਿਆਂ, ਕਿਹਾ ਕਿ ਅੱਜ ਸਾਡੇ ਪੰਜਾਬੀ ਦੁਨੀਆਂ ਭਰ ਦੇ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ, ਪਰ ਬਦਕਿਸਮਤੀ ਹੈ ਕਿ ਸਿੱਖਾਂ ਦੀ ਨੁਮਾਇਦਾ ਅਤੇ ਪੰਜਾਬ ਦੀ ਮਾਂ ਪਾਰਟੀ ਆਪਣੀ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਨਿਘਾਰ ਵੱਲ ਜਾ ਚੁੱਕੀ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਨਿੱਜ ਸਵਾਰਥ ਵਾਲੀ ਲੀਡਰਸ਼ਿਪ ਦੀਆਂ ਗਲਤੀਆਂ ਦਾ ਖੁਮਿਆਜਾ ਵਰਕਰਾਂ ਅਤੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਭੁਗਤਿਆ। ਤਿਆਗ, ਸੇਵਾ ਅਤੇ ਕੁਰਬਾਨੀ ਦਾ ਜਜ਼ਬਾ ਗੁਆ ਚੁੱਕੀ ਲੀਡਰਸ਼ਿਪ ਸਾਹਮਣੇ ਝੂੰਦਾਂ ਕਮੇਟੀ ਨੇ ਵਰਕਰਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਰਿਪੋਰਟ ਰੱਖੀ ਪਰ ਲੀਡਰਸ਼ਿਪ ਨੇ ਉਸ ਨੂੰ ਇੱਕ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਬਚਾਉਣ ਲਈ ਅੱਖੋ ਪਰੋਖੇ ਕਰ ਦਿੱਤਾ । ਸਰਦਾਰ ਇਯਾਲੀ ਨੇ ਪੰਥ ਅਤੇ ਪੰਜਾਬ ਦੀ ਕਮਜੋਰ ਹੋ ਚੁੱਕੀ ਪਕੜ ਦੇ ਨੁਕਸਾਨ ਦੀ ਗੱਲ ਕਰਦਿਆਂ ਕਿਹਾ ਕਿ, ਇਸ ਦਾ ਵੀ ਨੁਕਸਾਨ ਪੰਜਾਬ ਨੇ ਭੁਗਤਿਆ। ਵੱਡੇ ਮਸਲੇ ਜਿਨ੍ਹਾਂ ਵਿੱਚ ਪਾਣੀਆਂ ਦਾ ਵੱਡਾ ਮਸਲਾ, ਸਾਡੇ ਪਾਣੀਆਂ ਦੀ ਲੁੱਟ ਹੋਣ ਲੱਗੀ, ਰਾਜਧਾਨੀ ਤੋ ਲੈਕੇ ਪੰਜਾਬੀ ਬੋਲਦੇ ਇਲਾਕੇ ਖੋਹੇ ਗਏ, ਪਰ ਸਾਡੀ ਅਵਾਜ਼ ਨਹੀਂ ਸੁਣੀ ਜਾ ਰਹੀ । ਬੰਦੀ ਸਿੰਘਾਂ ਦੀ ਰਿਹਾਈ ਲਈ 25 ਲੱਖ ਦਸਤਖਤਾਂ ਵਾਲੀ ਫਾਈਲ ਨੂੰ ਦਿੱਲੀ ਫੜਨ ਲਈ ਤਿਆਰ ਨਹੀਂ, ਸਾਡੀ ਲੀਡਰਸ਼ਿਪ ਨੇ ਆਖਰੀ ਮੌਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਮਾਰਚ ਨੂੰ ਕੈਂਸਲ ਕਰ ਦਿੱਤਾ, ਜਿਸ ਤੇ ਅੱਜ ਤੱਕ ਜਵਾਬ ਨਹੀਂ ਮਿਲਿਆ।
ਇਸ ਮੌਕੇ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੁਣ ਫੈਸਲਾ ਕਰਨ ਦੀ ਘੜੀ ਹੈ। ਜੱਥੇਦਾਰ ਵਡਾਲਾ ਨੇ ਆਪਣੀ ਵਿਦੇਸ਼ੀ ਫੇਰੀ ਦੀ ਸਾਂਝ ਪਾਉਂਦੇ ਕਿਹਾ ਕਿ ਇੰਗਲੈਂਡ ਵਰਗੇ ਮੁਲਕਾਂ ਵਿੱਚ ਬੈਠੇ ਪੰਜਾਬੀ, ਪੰਜਾਬ ਤੇ ਨਜਰ ਲਗਾਈ ਬੈਠੇ ਹੋਏ ਹਨ। ਜੱਥੇਦਾਰ ਵਡਾਲਾ ਨੇ ਕਿਹਾ ਕਿ ਬੇਸ਼ਕ ਅੱਜ ਪੰਥਕ ਸੰਕਟ ਸਭ ਦੇ ਸਾਹਮਣੇ ਹੈ। ਨਵੀਂ ਲੀਡਰਸ਼ਿਪ ਦੇ ਉਭਾਰ ਅਤੇ ਉਥਾਨ ਲਈ ਵੱਡੀ ਚੁਣੌਤੀ ਹੈ, ਪਰ ਜਿਸ ਤਰਾਂ ਦਾ ਹੁੰਗਾਰਾ ਮਿਲ ਰਿਹਾ ਹੈ, ਪੰਜਾਬ ਅਤੇ ਪੰਥ ਹਿਤੈਸ਼ੀ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ। ਇੱਕ ਸਮਰਪਿਤ ਲੀਡਰਸ਼ਿਪ ਦਾ ਉਭਾਰ ਹੋਣਾ ਯਕੀਨੀ ਹੈ ਅਤੇ ਨੌਜਵਾਨ ਪੀੜੀ ਅਗਵਾਈ ਲਈ ਤਿਆਰ ਹੋ ਚੁੱਕੀ ਹੈ।
ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਭਰਤੀ ਕਮੇਟੀ ਦੇ ਫ਼ਰਜ਼ ਅਤੇ ਮਿਲੀ ਜ਼ਿੰਮੇਵਾਰੀ ਦੀ ਗੱਲ ਕਰਦਿਆਂ ਕਿਹਾ ਕਿ, ਉਹ ਕੁਝ ਬਣਨ (ਅਹੁਦਾ ਲੈਣ) ਨਹੀਂ ਕੁੱਝ ਕਰਨ (ਪੰਥ ਅਤੇ ਪੰਜਾਬ ਦੀ ਸੇਵਾ) ਲਈ ਆਏ ਹਨ, ਜਿਸ ਲਈ ਉਹ ਵਚਨਬੱਧ ਹਨ। ਜੱਥੇਦਾਰ ਝੂੰਦਾਂ ਨੇ ਅਤੀਤ ਨੂੰ ਸੰਗਤ ਸਾਹਮਣੇ ਰੱਖਦਿਆਂ ਕਿਹਾ ਕਿ, ਅੱਜ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਲੋਕ ਚਿੰਤਤ ਹਨ, ਕਿਉ ਕਿ ਜਿਸ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਅਗਵਾਈ ਕਰਨੀ ਸੀ, ਓਹ ਜਮਾਤ ਗੈਰ ਪੰਥਕ ਹੱਥਾਂ ਵਿੱਚ ਚਲੀ ਗਈ। ਉਸ ਲੀਡਰਸ਼ਿਪ ਲਈ ਸੱਤਾ ਅਤੇ ਨਿੱਜ ਪ੍ਰਸਤ ਪਹਿਲ ਕਦਮੀ ਹੋ ਗਈ। ਜੱਥੇਦਾਰ ਝੂੰਦਾਂ ਨੇ ਕਿਹਾ ਕਿ ਪੰਥਕ ਪਾਰਟੀ ਤੇ ਕਾਬਜ ਗੈਰ ਜਿੰਮੇਵਾਰਨਾ ਲੀਡਰਸ਼ਿਪ ਦੀ ਕਾਰਜਕੁਸ਼ਲਤਾ ਕਰਕੇ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਦਰਦ ਭਰਿਆ ਨਜਰ ਆਉਂਦਾ ਹੈ। ਅਸੀਂ ਪੰਥ ਅਤੇ ਪੰਜਾਬ ਨੂੰ ਮਜ਼ਬੂਤ, ਤਿਆਗ, ਸਮਰਪਤ ਭਾਵਨਾ ਵਾਲੀ ਲੀਡਰਸ਼ਿਪ ਦੇਣ ਲਈ ਤਤਪਰ ਹਾਂ, ਜਿਹੜੀ ਲੀਡਰਸ਼ਿਪ ਆਉਣ ਵਾਲੇ ਸਮੇਂ ਵਿੱਚ ਪੰਥ ਅਤੇ ਪੰਜਾਬ ਦੀ ਅਗਵਾਈ ਕਰਨ ਦੇ ਨਾ ਸਿਰਫ ਸਮਰੱਥ ਹੋਵੇ ਸਗੋ ਅਕਾਲੀ ਦਲ ਦੇ ਇਤਿਹਾਸ ਤੋਂ ਸਿੱਖਦੇ ਹੋਏ ਪੰਥ ਅਤੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਸਕੇ।
ਜਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਪੰਥਕ ਜਮਾਤ ਨੂੰ ਸੌ ਸਾਲ ਬਾਅਦ ਪੁਨਰ ਸੁਰਜੀਤੀ ਦੀ ਲੋੜ ਪਈ ਹੈ, ਕਿਉਂ ਕਿ ਜਿਹੜੀ ਲੀਡਰਸ਼ਿਪ ਨੇ ਪਿਛਲੇ 25 ਸਾਲ ਤੋਂ ਕਬਜਾ ਕਰ ਰੱਖਿਆ ਹੈ, ਉਹ ਨਿੱਜ ਪ੍ਰਸਤ ਅਤੇ ਪਰਿਵਾਰ ਪ੍ਰਸਤ ਦੀ ਧਾਰਨੀ ਹੋ ਚੁੱਕੀ ਹੈ। ਅੱਜ ਇੱਕ ਪਰਿਵਾਰ ਅਤੇ ਇੱਕ ਵਿਅਕਤੀ ਵੱਲੋ ਆਪਣੀ ਮਨ ਮਰਜੀ ਦੇ ਫੈਸਲੇ ਕਰਵਾਏ ਜਾਂਦੇ ਹਨ, ਸਾਡੀਆਂ ਤਿੰਨ ਵੱਡੀਆਂ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮਾਣ ਮਰਿਯਾਦਾ ਨੂੰ ਛਿੱਕੇ ਟੰਗਿਆ ਜਾ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਲੀਡਰਸ਼ਿਪ ਤੇ ਤਿੱਖਾ ਹਮਲਾ ਬੋਲਦਿਆਂ ਓਹਨਾ ਕਿਹਾ ਕਿ, ਅਕਾਲ ਤਖ਼ਤ ਤੋਂ ਮੂੰਹ ਫੇਰਨ ਵਾਲੇ ਅਤੇ ਪਿੱਠ ਕਰਨ ਵਾਲੇ ਕਦੇ ਅਕਾਲੀ ਕਹਾਉਣ ਦੇ ਹੱਕਦਾਰ ਨਹੀਂ ਹੋ ਸਕਦੇ, ਇਹਨਾਂ ਲੋਕਾਂ ਨੂੰ ਬਾਦਲ ਦਲ ਜਾਂ ਭਗੌੜਾ ਦਲ ਨਾਲ ਜਾਣਿਆ ਜਾਵੇਗਾ।
ਇਸ ਮੌਕੇ ਬੀਬੀ ਸਤਵੰਤ ਕੌਰ ਨੇ ਆਪਣੇ ਭਾਸ਼ਣ ਦੌਰਾਨ ਹਾਜਰ ਸੰਗਤਾਂ ਦੀਆਂ ਅੱਖਾਂ ਨੂੰ ਨਮ ਕਰਦੇ ਇਤਹਾਸਿਕ ਝਰੋਖੇ ਵਿੱਚੋਂ ਪੰਥਕ ਸ਼ਹਾਦਤਾਂ ਦਾ ਜਿਕਰ ਕੀਤਾ। ਬੀਬੀ ਸਤਵੰਤ ਕੌਰ ਨੇ ਮੁਗਲ ਦਰਬਾਰ ਦੀ ਨਵਾਬੀ ਠੁਕਰਾਉਣ ਦੀ ਘਟਨਾ ਦਾ ਜਿਕਰ ਕਰਕੇ ਜਿੱਥੇ ਸਿੰਘਾਂ ਦੇ ਉੱਚੇ ਕਿਰਦਾਰ ਨੂੰ ਪੇਸ਼ ਕੀਤਾ ਉਥੇ ਹੀ ਸਰਹੰਦ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਵੇਲੇ ਚੁੱਪ ਰਹਿਣ ਦੀ ਗੱਲ ਦਾ ਜਿਕਰ ਕਰਕੇ ਉਸ ਚੁੱਪ ਨੂੰ ਸੂਬਾ ਸਰਹੰਦ ਵਲੋਂ ਆਪਣੀ ਸਹਿਮਤੀ ਦੇ ਰੂਪ ਵਿੱਚ ਵਰਤਣ ਦਾ ਜਿਕਰ ਕਰਕੇ ਉਸ ਚੁੱਪ ਦੀ ਸਜਾ ਕਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਮਿਲੀ, ਉਸ ਚੁੱਪ ਦਾ ਵਾਸਤਾ ਪਾਉਂਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਅੱਜ ਤੁਹਾਡੀ ਚੁੱਪ ਕਿਤੇ ਸਜ਼ਾ ਨਾ ਬਣ ਜਾਵੇ ਇਸ ਕਰਕੇ ਅੱਜ ਜਾਗਣ ਦਾ ਵੇਲਾ ਹੈ। ਅੱਜ ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੂੰਹ ਫੇਰ ਚੁੱਕੀ ਲੀਡਰਸ਼ਿਪ ਤੋਂ ਪੰਥ ਦੀ ਨੁਮਾਇਦਾ ਜਮਾਤ ਦੀ ਵਾਂਗਡੋਰ ਆਪਣੇ ਹੱਥ ਲੈਣ ਦਾ ਸਮਾਂ ਹੈ, ਜਿਸ ਲਈ ਉਹਨਾਂ ਨੇ ਨੋਜਵਾਨਾਂ ਨੂੰ ਖਾਸ ਅਪੀਲ ਕੀਤੀ ਕਿ ਓਹ ਅੱਗੇ ਆਉਣ ਅਤੇ ਪੰਥ ਦੀ ਨੁਮਾਇਦਾ ਜਮਾਤ ਦੀ ਅਗਵਾਈ ਲਈ ਤਿਆਰ ਰਹਿਣ।
ਇਸ ਮੌਕੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਭਰਤੀ ਮੁਹਿੰਮ ਵਿੱਚ ਸਰਗਰਮ ਰੂਪ ਵਿੱਚ ਸ਼ਾਮਲ ਹੋਣ ਤੇ ਮਰਹੂਮ ਜੱਥੇਦਾਰ ਤੋਤਾ ਸਿੰਘ ਨੂੰ ਚੇਤੇ ਕਰਦਿਆਂ ਕਿਹਾ, ਅੱਜ ਅਜਿਹੇ ਪਰਿਵਾਰਾਂ ਨੂੰ ਅੱਗੇ ਆਕੇ ਹੰਭਲਾ ਮਾਰਨ ਦੀ ਲੋੜ ਹੈ।
ਇਸ ਮੌਕੇ ਬਰਜਿੰਦਰ ਸਿੰਘ ਬਰਾੜ ਨੇ ਜਿੱਥੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਹੀ ਆਪਣੇ ਜ਼ੋਸ਼ੀਲੇ ਮੰਚ ਸੰਚਾਲਨ ਨਾਲ ਹਾਜ਼ਰ ਸੰਗਤਾਂ ਵਿੱਚ ਜੋਸ਼ ਭਰਨ ਦਾ ਕੰਮ ਕੀਤਾ।
ਅੱਜ ਦੀ ਮੀਟਿੰਗ ਵਿੱਚ ਗੁਰਜੰਟ ਸਿੰਘ ਭੁੱਟੋ, ਬਲਦੇਵ ਸਿੰਘ ਲੰਗੇਂਆਣਾ, ਸੁਖਵਿੰਦਰ ਸਿੰਘ, ਭਗਵਾਨ ਸਿੰਘ ਅਟਾਰੀ, ਦਵਿੰਦਰ ਸਿੰਘ ਰਣੀਆਂ, ਕਾਕਾ ਬਰਾੜ, ਹਰ ਭੁਪਿੰਦਰ ਸਿੰਘ ਲਾਡੀ, ਬਲਜੀਤ ਸਿੰਘ ਜਸ, ਸੋਨੀ ਲੋਪੋ ਤੋ ਇਲਾਵਾ ਵੱਡੀ ਗਿਣਤੀ ਵਿੱਚ ਐੱਮਸੀ ਸਾਹਿਬਾਨ, ਮੌਜੂਦਾ ਅਤੇ ਸਾਬਕਾ ਸਰਪੰਚ ਸਾਹਿਬਾਨ ਅਤੇ ਪੰਚ ਤੋ ਇਲਾਵਾ ਪੂਰੇ ਮੋਗਾ ਜਿਲੇ ਦੇ ਚਾਰੋਂ ਹਲਕਿਆਂ ਦੇ ਵਰਕਰਾਂ ਨੇ ਹਾਜ਼ਰੀ ਲਗਵਾਈ।