ਭਾਰਤ-ਮੱਧ ਏਸ਼ੀਆ ਆਰਥਿਕ ਸਾਂਝ ਨੂੰ ਨਵੀਂ ਦਿਸ਼ਾ ਦੇਵੇਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੋਜ ਰਿਪੋਰਟ
'ਭਾਰਤ-ਮੱਧ ਏਸ਼ੀਆ: ਆਰਥਿਕ ਵਿਕਾਸ ਅਤੇ ਵਪਾਰਕ ਗਤੀਸ਼ੀਲਤਾ' ਰਿਪੋਰਟ ਜਾਰੀ, ਵਪਾਰ, ਨਿਵੇਸ਼ ਅਤੇ ਸੰਪਰਕ ਵਧਾਉਣ ਲਈ ਦਿੱਤੇ ਅਹਿਮ ਨੀਤੀਗਤ ਸੁਝਾਅ
ਅੰਮ੍ਰਿਤਸਰ, 31 ਜੁਲਾਈ 2026– ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਵਪਾਰਕ ਸੰਭਾਵਨਾਵਾਂ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਸੈਂਟਰਲ ਏਸ਼ੀਅਨ ਸਟੱਡੀਜ਼ ਵੱਲੋਂ ਤਿਆਰ ਕੀਤੀ ਖੋਜ ਰਿਪੋਰਟ "ਭਾਰਤ-ਮੱਧ ਏਸ਼ੀਆ: ਆਰਥਿਕ ਵਿਕਾਸ ਅਤੇ ਵਪਾਰਕ ਗਤੀਸ਼ੀਲਤਾ" ਦਾ ਆਨਲਾਈਨ ਲੋਕ ਅਰਪਣ, ਪੇਸ਼ਕਾਰੀ ਅਤੇ ਵਿਚਾਰ-ਚਰਚਾ ਕਰਵਾਈ ਗਈ। ਰਿਪੋਰਟ ਵਿੱਚ ਭਾਰਤ ਅਤੇ ਮੱਧ ਏਸ਼ੀਆ ਦੇ ਪੰਜ ਦੇਸ਼ਾਂ ਦੇ ਜਨਸੰਖਿਆ, ਆਰਥਿਕਤਾ, ਕੁਦਰਤੀ ਸਰੋਤਾਂ ਅਤੇ ਵਪਾਰ ਨਾਲ ਸਬੰਧਤ ਪਹਿਲੂਆਂ ਦਾ ਵਿਸਤ੍ਰਿਤ ਤੁਲਨਾਤਮਕ ਅਧਿਐਨ ਕਰਦਿਆਂ ਵਪਾਰ, ਨਿਵੇਸ਼ ਅਤੇ ਸੰਪਰਕ ਨੂੰ ਮਜ਼ਬੂਤ ਕਰਨ ਲਈ ਅਹਿਮ ਨੀਤੀਗਤ ਸੁਝਾਅ ਦਿੱਤੇ ਗਏ ਹਨ।
ਰਿਪੋਰਟ ਦੀ ਭੂਮਿਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਵੱਲੋਂ ਲਿਖੀ ਗਈ ਹੈ। ਉਨ੍ਹਾਂ ਦੱਖਣ-ਦੱਖਣ ਸਹਿਯੋਗ ਦੀ ਭਾਵਨਾ ਅਧੀਨ ਭਾਰਤ ਅਤੇ ਮੱਧ ਏਸ਼ੀਆ ਵਿਚਕਾਰ ਸਬੰਧ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਾਂਝੀ ਖੁਸ਼ਹਾਲੀ ਅਤੇ ਖੇਤਰੀ ਵਿਕਾਸ ਲਈ ਮਹੱਤਵਪੂਰਨ ਕਦਮ ਸਾਬਤ ਹੋ ਸਕਦਾ ਹੈ।
ਸਮਾਗਮ ਦੌਰਾਨ ਪ੍ਰਧਾਨਗੀ ਭਾਸ਼ਣ ਦਿੰਦਿਆਂ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਮੱਧ ਏਸ਼ੀਆ ਵਰਗੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਖੇਤਰ 'ਤੇ ਕੇਂਦਰਿਤ ਇਹ ਯਤਨ ਸ਼ਲਾਘਾਯੋਗ ਹੈ। ਉਨ੍ਹਾਂ ਸਬੂਤ-ਅਧਾਰਿਤ ਖੋਜ, ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਅਤੇ ਨੀਤੀ-ਕੇਂਦਰਿਤ ਅਧਿਐਨਾਂ ਦੀ ਲੋੜ ਉਜਾਗਰ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਕੇਂਦਰ ਦੀ ਇਹ ਪਹਿਲੀ ਰਿਪੋਰਟ ਖੋਜਾਰਥੀਆਂ, ਨੀਤੀ ਨਿਰਮਾਤਾਵਾਂ ਅਤੇ ਹੋਰ ਹਿੱਸੇਦਾਰਾਂ ਲਈ ਲਾਭਦਾਇਕ ਸਾਬਤ ਹੋਵੇਗੀ।
ਸੈਂਟਰ ਫ਼ਾਰ ਸੈਂਟਰਲ ਏਸ਼ੀਅਨ ਸਟੱਡੀਜ਼ ਦਾ ਉਦੇਸ਼ ਕਜ਼ਾਖਸਤਾਨ, ਕਿਰਗਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਨਾਲ ਭਾਰਤ ਦੇ ਸਬੰਧਾਂ ਬਾਰੇ ਅੰਤਰ-ਵਿਭਾਗੀ ਖੋਜ, ਨੀਤੀਗਤ ਸੰਵਾਦ ਅਤੇ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।
ਕੇਂਦਰ ਦੀ ਕੋਆਰਡੀਨੇਟਰ ਡਾ. ਸਵਾਤੀ ਮਹਿਤਾ ਨੇ ਰਿਪੋਰਟ ਦੇ ਮੁੱਖ ਨਤੀਜੇ ਪੇਸ਼ ਕਰਦਿਆਂ ਦੱਸਿਆ ਕਿ ਮੱਧ ਏਸ਼ੀਆ ਆਪਣੀ ਰਣਨੀਤਕ ਭੂਗੋਲਿਕ ਸਥਿਤੀ, ਊਰਜਾ ਸਰੋਤਾਂ ਅਤੇ ਮਹੱਤਵਪੂਰਨ ਖਣਿਜ ਭੰਡਾਰਾਂ ਕਰਕੇ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਮਜ਼ਬੂਤ ਹੋਣ ਦੇ ਬਾਵਜੂਦ ਸੰਪਰਕ ਦੀਆਂ ਰੁਕਾਵਟਾਂ, ਉੱਚ ਆਵਾਜਾਈ ਲਾਗਤ, ਲੌਜਿਸਟਿਕ ਸਮੱਸਿਆਵਾਂ ਅਤੇ ਨਿਯਮਕ ਚੁਣੌਤੀਆਂ ਕਾਰਨ ਦੋਪੱਖੀ ਵਪਾਰ ਆਪਣੀ ਪੂਰੀ ਸਮਰੱਥਾ ਤੱਕ ਨਹੀਂ ਪਹੁੰਚ ਸਕਿਆ। ਉਨ੍ਹਾਂ ਇੰਟਰਨੈਸ਼ਨਲ ਨਾਰਥ-ਸਾਊਥ ਟਰਾਂਸਪੋਰਟ ਕੋਰੀਡੋਰ, ਚਾਬਹਾਰ ਬੰਦਰਗਾਹ ਪ੍ਰੋਜੈਕਟ ਅਤੇ ਵਧਦੇ ਕੂਟਨੀਤਕ ਸਹਿਯੋਗ ਨੂੰ ਨਵੇਂ ਮੌਕਿਆਂ ਵਜੋਂ ਦਰਸਾਇਆ। ਰਿਪੋਰਟ ਵਿੱਚ ਪੰਜਾਬ ਲਈ ਖੇਤੀਬਾੜੀ ਮਸ਼ੀਨਰੀ, ਕੱਪੜਾ ਉਦਯੋਗ, ਸਾਈਕਲ, ਖੇਡ ਸਮਾਨ, ਦਵਾਈਆਂ, ਖੁਰਾਕ ਪ੍ਰੋਸੈਸਿੰਗ ਅਤੇ ਸਿੱਖਿਆ ਸੇਵਾਵਾਂ ਦੇ ਖੇਤਰਾਂ ਵਿੱਚ ਉੱਭਰ ਰਹੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ।
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਦੇ ਐਸੋਸੀਏਟ ਡੀਨ ਅਤੇ ਸੈਂਟਰ ਫ਼ਾਰ ਇਨਰ ਏਸ਼ੀਅਨ ਸਟੱਡੀਜ਼ ਦੇ ਚੇਅਰਪਰਸਨ ਪ੍ਰੋ. ਸ਼ਰਦ ਕੁਮਾਰ ਸੋਨੀ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੱਧ ਏਸ਼ੀਆ ਦੀ ਰਣਨੀਤਕ ਮਹੱਤਤਾ ਲਗਾਤਾਰ ਵਧ ਰਹੀ ਹੈ ਅਤੇ ਇਸ ਖੇਤਰ ਵਿੱਚ ਅਕਾਦਮਿਕ ਖੋਜ ਅਤੇ ਸੰਵਾਦ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ।
ਰੂਸੀ ਸੰਘ ਵਿੱਚ ਬੰਗਲਾਦੇਸ਼ ਦੇ ਸਾਬਕਾ ਰਾਜਦੂਤ ਡਾ. ਐਸ. ਐਮ. ਸੈਫੁਲ ਹੋਕ ਨੇ ਨੀਤੀਗਤ ਦ੍ਰਿਸ਼ਟੀਕੋਣ ਪੇਸ਼ ਕਰਦਿਆਂ ਯੂਰੇਸ਼ੀਆ ਦੇ ਬਦਲਦੇ ਭੂ-ਰਾਜਨੀਤਕ ਦ੍ਰਿਸ਼ ਦੀ ਚਰਚਾ ਕੀਤੀ ਅਤੇ ਭਾਰਤ ਤੇ ਮੱਧ ਏਸ਼ੀਆਈ ਦੇਸ਼ਾਂ ਵਿਚਕਾਰ ਖੇਤਰੀ ਸਹਿਯੋਗ, ਬਿਹਤਰ ਸੰਪਰਕ ਅਤੇ ਡੂੰਘੀ ਆਰਥਿਕ ਭਾਈਵਾਲੀ 'ਤੇ ਜ਼ੋਰ ਦਿੱਤਾ।
ਸਵਾਲ-ਜਵਾਬ ਸੈਸ਼ਨ ਦਾ ਸੰਚਾਲਨ ਰਾਜਨੀਤੀ ਵਿਗਿਆਨ ਵਿਭਾਗ ਦੇ ਡਾ. ਨਿਰਮਲ ਸਿੰਘ ਨੇ ਕੀਤਾ। ਇਸ ਮੌਕੇ ਮੱਧ ਏਸ਼ੀਆ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਮਾਹਿਰ ਪ੍ਰੋ. ਰਮਾਕਾਂਤ ਦਿਵੇਦੀ ਨੇ ਕਿਹਾ ਕਿ ਭਾਰਤ ਨੂੰ ਮੱਧ ਏਸ਼ੀਆ ਨਾਲ ਆਪਣੇ ਸਬੰਧਾਂ ਲਈ ਠੋਸ ਨੀਤੀ ਅਪਣਾਉਣੀ ਚਾਹੀਦੀ ਹੈ ਅਤੇ ਅਕਾਦਮਿਕ ਸੰਸਥਾਵਾਂ ਇਸ ਦਿਸ਼ਾ ਵਿੱਚ ਨਵੇਂ ਮੌਕੇ ਖੋਜਣ ਅਤੇ ਨੀਤੀਆਂ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਪ੍ਰੋਗਰਾਮ ਦੇ ਆਨਲਾਈਨ ਮੰਚ ਅਤੇ ਤਕਨੀਕੀ ਪ੍ਰਬੰਧ ਡਾ. ਪ੍ਰਭਸਿਮਰਨ ਸਿੰਘ ਨੇ ਸੰਭਾਲੇ।
ਸਮਾਗਮ ਦੇ ਅੰਤ ਵਿੱਚ ਡੀਨ ਵਿਦਿਆਰਥੀ ਭਲਾਈ ਪ੍ਰੋ. (ਡਾ.) ਸਤਨਾਮ ਸਿੰਘ ਦਿਓਲ ਨੇ ਵਿਸ਼ੇਸ਼ ਟਿੱਪਣੀਆਂ ਕਰਦਿਆਂ ਪ੍ਰਮੁੱਖ ਮਹਿਮਾਨਾਂ, ਅਧਿਆਪਕਾਂ, ਭਾਗੀਦਾਰਾਂ ਅਤੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ।
ਇਸ ਆਨਲਾਈਨ ਸਮਾਗਮ ਵਿੱਚ ਭਾਰਤ ਅਤੇ ਮੱਧ ਏਸ਼ੀਆ ਦੇ ਵੱਖ-ਵੱਖ ਖੇਤਰਾਂ ਤੋਂ 100 ਤੋਂ ਵੱਧ ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ।
- Download Babushahi App
-
-