PM Modi ਦੀ 'ਮੋਰਫਡ' ਵੀਡੀਓ ਦਾ ਮਾਮਲਾ: ਮੈਟਾ ਇੰਡੀਆ ਦੇ ਮੁਖੀ ਖ਼ਿਲਾਫ਼ FIR ਦਰਜ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ/ਹੈਦਰਾਬਾਦ, 31 ਜੁਲਾਈ 2026:
ਰਾਜਧਾਨੀ ਦਿੱਲੀ ਵਿੱਚ ਸੀ.ਜੇ.ਪੀ. (ਕਾਕਰੋਚ ਜਨਤਾ ਪਾਰਟੀ) ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਇਤਰਾਜ਼ਯੋਗ ਅਤੇ ਬਦਲੀਆਂ ਹੋਈਆਂ (Morphed) ਵੀਡੀਓਜ਼ ਦੇ ਮਾਮਲੇ ਵਿੱਚ ਵੱਡੀ ਕਾਨੂੰਨੀ ਕਾਰਵਾਈ ਹੋਈ ਹੈ। ਹੈਦਰਾਬਾਦ ਸਾਈਬਰ ਕ੍ਰਾਈਮ ਪੁਲਿਸ ਨੇ ਮੈਟਾ ਇੰਡੀਆ ਦੇ ਮੁਖੀ ਅਰੁਣ ਸ਼੍ਰੀਨਿਵਾਸ ਸਮੇਤ ਕਈ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਾਧਾਰਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਭਾਜਪਾ ਵਰਕਰ ਟੀ. ਸਾਈਕਿਰਨ ਗੌੜ ਅਤੇ ਕਾਰੋਬਾਰੀ ਐੱਸ. ਅਰਵਿੰਦ ਰੈੱਡੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਹੈ।
ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਡਿਜੀਟਲ ਐਡੀਟਿੰਗ ਰਾਹੀਂ ਪ੍ਰਧਾਨ ਮੰਤਰੀ ਦੀਆਂ ਅਸ਼ਲੀਲ, ਗੁੰਮਰਾਹਕੁੰਨ ਅਤੇ ਅਪਮਾਨਜਨਕ ਤਸਵੀਰਾਂ ਵਾਇਰਲ ਕੀਤੀਆਂ ਗਈਆਂ, ਜੋ ਕਿ ਸਮਾਜਿਕ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਲਈ ਖ਼ਤਰਾ ਬਣ ਸਕਦੀਆਂ ਹਨ। ਇਸ ਤੋਂ ਇਲਾਵਾ, ਮੈਟਾ ਪਲੇਟਫਾਰਮ 'ਤੇ ਸਮੇਂ ਸਿਰ ਅਜਿਹੀ ਸਮੱਗਰੀ ਨੂੰ ਨਾ ਹਟਾਉਣ ਦੇ ਦੋਸ਼ ਵੀ ਲੱਗੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਦੇ ਅਧਿਕਾਰਤ ਫੇਸਬੁੱਕ ਖਾਤੇ ਤੋਂ ਪੋਸਟ ਕੀਤੀ ਗਈ ਇੱਕ ਵੀਡੀਓ ਨੂੰ ਮੈਟਾ ਵੱਲੋਂ ਥੋੜ੍ਹੇ ਸਮੇਂ ਲਈ ਬਲੌਕ ਕਰ ਦਿੱਤਾ ਗਿਆ ਸੀ, ਜਿਸ 'ਤੇ ਕੇਂਦਰ ਸਰਕਾਰ ਨੇ ਸਖ਼ਤ ਨਾਰਾਜ਼ਗੀ ਜਤਾਈ ਸੀ। ਸਰਕਾਰੀ ਤਾੜਨਾ ਤੋਂ ਬਾਅਦ, ਮੈਟਾ ਨੇ ਭਰੋਸਾ ਦਿੱਤਾ ਹੈ ਕਿ ਉਹ ਵੀ.ਆਈ.ਪੀ. (VIP) ਅਤੇ ਸੰਵੇਦਨਸ਼ੀਲ ਖਾਤਿਆਂ ਦੀ ਨਿਗਰਾਨੀ ਲਈ ਨਵੇਂ ਸੁਰੱਖਿਆ ਪ੍ਰੋਟੋਕੋਲ ਲਾਗੂ ਕਰੇਗਾ ਅਤੇ ਸੀਨੀਅਰ ਅਧਿਕਾਰੀ ਖੁਦ ਅਜਿਹੀਆਂ ਪੋਸਟਾਂ ਦੀ ਸਮੀਖਿਆ ਕਰਨਗੇ।
- Download Babushahi App
-
-