ਫ਼ਲਸਤੀਨੀਆਂ ਅਤੇ ਇਰਾਨ ਖਿਲਾਫ਼ ਨਿਹੱਕੀ ਜੰਗ ਦੇ ਵਿਰੋਧ ਵਿੱਚ ਬਠਿੰਡਾ ਦੀਆਂ ਸੜਕਾਂ ਤੇ ਉਤਰੇ ਲੋਕ
ਅਸ਼ੋਕ ਵਰਮਾ
ਬਠਿੰਡਾ, 27 ਜੂਨ 2025 :ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ਅਤੇ ਫਲਸਤੀਨ ਖਿਲਾਫ਼ ਵਿੱਢੀ ਨਿਹੱਕੀ ਜ਼ੰਗ ਦੇ ਵਿਰੋਧ ਵਿੱਚ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਨੇ ਬਠਿੰਡਾ ਵਿਖੇ ਜਬਰਦਸਤ ਰੋਸ ਮੁਜ਼ਾਹਰਾ ਕੀਤਾ ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਮੁਲਾਜ਼ਮਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਤੋਂ ਪਹਿਲਾਂ ਟੀਚਰਜ਼ ਹੋਮ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੀ੍ ਨਰਾਇਣ ਦੱਤ ਅਤੇ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਭਾਵੇਂ ਇੱਕ ਵਾਰ ਇਰਾਨ ਅਤੇ ਇਜਰਾਈਲ ਵਿੱਚ ਜੰਗਬੰਦੀ ਹੋ ਗਈ ਪਰ ਇਜਰਾਈਲ ਵੱਲੋਂ ਫਲਸਤੀਨ ਖਿਲਾਫ਼ ਨਿਹੱਕੀ ਜੰਗ ਜਾਰੀ ਹੈ। ਉਹਨਾਂ ਕਿਹਾ ਕਿ ਇਜ਼ਰਾਇਲ ਵੱਲੋਂ ਅਮਰੀਕਾ ਦੀ ਸ਼ਹਿ ਅਤੇ ਹਿਮਾਇਤ ਸਦਕਾ ਹੀ ਇਹ ਹਮਲਾ ਵਿੱਢਿਆ ਗਿਆ ਹੈ।
ਉਹਨਾਂ ਕਿਹਾ ਕਿ ਇਸ ਹਮਲੇ ਦਾ ਮਕਸਦ ਤੇਲ ਭੰਡਾਰਾਂ ਦੀ ਧਰਤੀ ਮੱਧ ਪੂਰਬ ਬਾਰੇ ਸਾਮਰਾਜੀ ਸਕੀਮਾਂ ਦੇ ਰਾਹ ਵਿੱਚ ਅੜਿੱਕਾ ਬਣਨ ਵਾਲੀ ਕਿਸੇ ਵੀ ਸੰਭਾਵੀ ਚੁਣੌਤੀ ਨੂੰ ਖ਼ਤਮ ਕਰਨਾ ਹੈ। ਅਮਰੀਕਨ ਸਾਮਰਾਜ ਦੀਆਂ ਸਕੀਮਾਂ ਤੋਂ ਬਾਹਰ ਹੋ ਕੇ ਚੱਲਣ ਵਾਲੀ ਕਿਸੇ ਵੀ ਸ਼ਕਤੀ ਨੂੰ ਤਾਕਤਵਰ ਹੋਣ ਤੋਂ ਰੋਕਣਾ ਹੈ। ਇਸੇ ਕਰਕੇ ਇਰਾਨ ਨੂੰ ਊਰਜਾ ਮਕਸਦਾਂ ਦੀ ਪੂਰਤੀ ਲਈ ਵੀ ਪਰਮਾਣੂ ਊਰਜਾ ਦੀ ਵਰਤੋਂ ਨਹੀਂ ਕਰਨ ਦਿੱਤੀ ਜਾ ਰਹੀ ਜਦੋਂ ਕਿ ਸਾਮਰਾਜੀ ਸਰਗਣੇ ਅਮਰੀਕਾ ਇਜ਼ਰਾਈਲ ਵਰਗੇ ਦੇਸ਼ ਆਪ ਵੱਡੇ ਪਰਮਾਣੂ ਦੇਸ਼ ਹਨ ਅਤੇ ਹਰ ਤਰ੍ਹਾਂ ਦੇ ਖ਼ਤਰਨਾਕ ਹਥਿਆਰਾਂ ਨਾਲ ਲੈਸ ਹਨ। ਇਉਂ ਮਨਮਰਜ਼ੀ ਦੇ ਇਲਜ਼ਾਮ ਲਾ ਕੇ ਕਿਸੇ ਵੀ ਦੇਸ਼ ਉੱਤੇ ਜੰਗ ਮੜ੍ਹ ਕੇ ਉਸਨੂੰ ਭਿਆਨਕ ਦੁਸ਼ਵਾਰੀਆਂ ਅਤੇ ਤਬਾਹੀ ਦੇ ਰਾਹ ਧੱਕ ਦੇਣਾ ਮਨੁੱਖੀ ਪੈਮਾਨਿਆਂ ਅਤੇ ਕੌਮਾਂਤਰੀ ਅਸੂਲਾਂ ਅਨੁਸਾਰ ਵੱਡਾ ਅਪਰਾਧ ਬਣਦਾ ਹੈ ਅਤੇ ਅਮਰੀਕਾ ਇਜ਼ਰਾਈਲ ਵਰਗੇ ਦੇਸ਼ ਸਾਰੇ ਤਕਾਜ਼ੇ ਅਤੇ ਕਾਨੂੰਨ ਉਲੰਘ ਕੇ ਅਜਿਹੇ ਹਮਲਿਆਂ ਨੂੰ ਅੰਜਾਮ ਦੇ ਰਹੇ ਹਨ।
ਆਗੂਆਂ ਨੇ ਅੱਗੇ ਕਿਹਾ ਕਿ ਹੋਰਨਾਂ ਦੇਸ਼ਾਂ ਦਾ ਇਹ ਫਰਜ਼ ਬਣਦਾ ਹੈ ਕਿ ਅਜਿਹੀ ਧੱਕੜ ਅਤੇ ਜਾਬਰ ਜ਼ੰਗ ਖਿਲਾਫ਼ ਫੌਰੀ ਕਦਮ ਲਏ ਜਾਣ ਅਤੇ ਇਨ੍ਹਾਂ ਹਮਲਾਵਰ ਦੇਸ਼ਾਂ ਖਿਲਾਫ਼ ਕੌਮਾਂਤਰੀ ਦਬਾਅ ਲਾਮਬੰਦ ਕੀਤਾ ਜਾਵੇ। ਉਹਨਾਂ ਕਿਹਾ ਕਿ ਭਾਰਤ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਅਮਰੀਕੀ ਇਜ਼ਰਾਈਲੀ ਹਿਤਾਂ ਨਾਲ ਟੋਚਨ ਹੋ ਕੇ ਚੱਲ ਰਿਹਾ ਹੈ ਅਤੇ ਇਸ ਸਬੰਧੀ ਮੁਕੰਮਲ ਚੁੱਪ ਧਾਰ ਕੇ ਇਸ ਹਮਲੇ ਦੇ ਪੱਖ ਵਿੱਚ ਭੁਗਤ ਰਿਹਾ ਹੈ। ਇਸ ਨੇ ਪਹਿਲਾਂ ਇਜ਼ਰਾਇਲ ਵੱਲੋਂ ਅਤੇ ਹੁਣ ਅਮਰੀਕਾ ਵੱਲੋਂ ਇੱਕ ਪਾਸੜ ਤੌਰ 'ਤੇ ਕੀਤੇ ਹਮਲਿਆਂ ਦਾ ਜ਼ੁਬਾਨੀ ਕਲਾਮੀ ਵਿਰੋਧ ਕਰਨ ਦੀ ਹਿੰਮਤ ਵੀ ਨਹੀਂ ਜੁਟਾਈ। ਮੋਦੀ ਸਰਕਾਰ ਜੋ ਕਿ ਆਪਣੇ ਦੇਸ਼ ਅੰਦਰ ਬੜੀ ਬੇਕਿਰਕੀ ਨਾਲ ਲੋਕਾਂ ਖਿਲਾਫ਼ ਫਾਸ਼ੀ ਕਦਮ ਚੁੱਕਦੀ ਆ ਰਹੀ ਹੈ, ਹੁਣ ਇਜ਼ਰਾਇਲ ਦੇ ਫਾਸ਼ੀ ਹਮਲੇ ਵਿੱਚ ਉਸ ਦੇ ਪੱਖ ਵਿੱਚ ਭੁਗਤ ਰਹੀ ਹੈ।
ਆਗੂਆਂ ਨੇ ਇਹ ਵੀ ਕਿਹਾ ਕਿ ਦੁਨੀਆਂ ਭਰ ਦੇ ਇਨਸਾਫ਼ ਪਸੰਦ ਲੋਕ ਇਸ ਅਨਿਆਈ ਜ਼ੰਗ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ। ਸਾਡੇ ਦੇਸ਼ ਅੰਦਰ ਵੀ ਲੋਕਾਂ ਨੂੰ ਇਸ ਜ਼ੰਗ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਭਾਰਤੀ ਹਕੂਮਤ ਉੱਤੇ ਇਜ਼ਰਾਇਲ ਦਾ ਬਾਈਕਾਟ ਕਰਨ ਅਤੇ ਇਸ ਨਾਲ ਕੀਤੇ ਗਏ ਹਥਿਆਰਾਂ ਅਤੇ ਤਕਨੀਕ ਦੇ ਸਭ ਸਮਝੌਤੇ ਸੰਧੀਆਂ ਤੋੜਨ ਲਈ ਦਬਾਅ ਲਾਮਬੰਦ ਕਰਨਾ ਚਾਹੀਦਾ ਹੈ। ਅੰਤ ਵਿੱਚ ਓਹਨਾਂ ਸਭਨਾਂ ਕਿਰਤੀ ਲੋਕਾਂ ਨੂੰ ਸਾਮਰਾਜੀਆਂ ਅਤੇ ਉਹਨਾਂ ਦੇ ਜੋਟੀਦਾਰਾਂ ਖਿਲਾਫ਼ ਹੱਕੀ ਜੰਗ ਤੇਜ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਭਾਰਤੀ ਹਕੂਮਤ ਵੱਲੋਂ ਬਸਤਰ ਦੇ ਆਦੀਵਾਸੀਆਂ ਖਿਲਾਫ਼ ਚਲਾਏ ਜਾ ਰਹੇ ਓਪਰੇਸ਼ਨ ਕਗਾਰ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਮੂਣਕ ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ਵਿੱਚ ਮਤੇ ਪਾਸ ਕੀਤੇ ਗਏ। ਪੋ੍ਗਰਾਮ ਦੌਰਾਨ ਹਰਦੀਪ ਮਹਿਣਾ,ਮੰਦਰ ਜੱਸੀ ਅਤੇ ਨਿਰਮਲ ਸਿਵੀਆ ਨੇ ਇਨਕਲਾਬੀ ਗੀਤ ਅਤੇ ਕਵੀਸ਼ਰੀਆਂ ਪੇਸ਼ ਕੀਤੀਆਂ। ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਸਿੰਘ ਨੇ ਨਿਭਾਈ।