ਹਿੰਦੂ ਮਹਾਂਗਠਬੰਧਨ ਦੇ ਕੌਮੀ ਪ੍ਰਧਾਨ ਸੰਦੀਪ ਪਾਠਕ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ,27 ਜੂਨ 2025: ਹਿੰਦੂ ਮਹਾਗਠਬੰਧਨ ਦੇ ਪ੍ਰਧਾਨ ਅਤੇ ਸਮਾਜ ਸੇਵਕ ਸੰਦੀਪ ਪਾਠਕ ਤੇ ਹੋਏ ਅਸਫਲ ਹਮਲੇ ਤੋਂ ਬਾਅਦ ਰੋਪੜ ਤੋ ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਘਨੌਲੀ, ਰਜੇਸ਼ ਮਲਿਕ ਜ਼ਿਲਾ ਪ੍ਰਧਾਨ ਮੋਹਾਲੀ, ਚੰਡੀਗੜ ਤੋਂ ਵਕੀਲ ਮੁਦਿਤ ਭਾਰਦਵਾਜ, ਕਨੂੰਨੀ ਸਲਾਹਕਾਰ ਸਿਵ ਸੈਨਾ ਪੰਜਾਬ, ਸਨਾਤਨੀ ਫ਼ਰੰਟ ਤੋ ਤਨੁਜ ਅਰੋੜਾ ਅਤੇ ਵਿਕ੍ਰਾਂਤ ਬਿਸ਼ਨੋਈ (ਸ੍ਰੀਗੰਗਾਨਗਰ) ਅਤੇ ਵੱਖ ਵੱਖ ਹਿੰਦੂ ਆਗੂਆਂ ਨੇ ਸੰਦੀਪ ਪਾਠਕ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਮੰਗ ਕੀਤੀ ਹੈ। ਕੁਝ ਦਿਨ ਪਹਿਲਾਂ ਥਰਮਲ ਦੇ ਨਜ਼ਦੀਕ ਕੁੱਝ ਅਣਪਛਾਤਿਆਂ ਨੇ ਪਾਠਕ ਦੇ ਨਾਲ ਮਿਲਦੇ ਜੁਲਦੇ ਵਿਅਕਤੀ ਤੇ ਫਾਇਰੰਗ ਕੀਤੀ ਸੀ ਜਿਸ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਸਨ ਕਿ ਅਸਲ ਵਿੱਚ ਹਮਲਾਵਰਾਂ ਦਾ ਨਿਸ਼ਾਨਾ ਸੰਦੀਪ ਪਾਠਕ ਸਨ।
ਪ੍ਰਧਾਨ ਸੰਜੀਵ ਘਨੌਲੀ ਨੇ ਸੰਦੀਪ ਪਾਠਕ ਤੇ ਹੋਏ ਅਸਫਲ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਬਠਿੰਡਾ ਪ੍ਰਸ਼ਾਸਨ ਨੂੰ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੰਦੀਪ ਪਾਠਕ ਦੀ ਸੁਰੱਖਿਆ ਯਕੀਨੀ ਬਨਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਕਈ ਖੁਫੀਆ ਏਜੰਸੀਆਂ ਸੰਦੀਪ ਪਾਠਕ ਦੀ ਜਾਨ ਨੂੰ ਖ਼ਤਰਾ ਹੋਣ ਦਾ ਇਸ਼ਾਰਾ ਕਰ ਚੁੱਕੀਆਂ ਹਨ ਪਰ ਪੰਜਾਬ ਸਰਕਾਰ ਨੇ ਲੋੜੀਂਦੀ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਦੀਪ ਪਾਠਕ ਤੇ ਹੋਇਆ ਅਸਫਲ ਹਮਲਾ ਆਮ ਆਦਮੀ ਪਾਰਟੀ ਸਰਕਾਰ ਦੀ ਹਿੰਦੂ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਘਨੌਲੀ ਨੇ ਕਿਹਾ ਕਿ ਅੱਤਵਾਦ ਨੇ ਪੰਜਾਬ ਵਿੱਚ ਫਿਰ ਤੋਂ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।
ਆਗੂਆਂ ਨੇ ਹਿਾ ਕਿ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਪੰਜਾਬ ਵਿੱਚ ਹਥਿਆਰ ਭੇਜ ਕੇ ਅੱਤਵਾਦ ਫੈਲਾਉਣਾ ਚਾਹੁੰਦੇ ਹਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਬੈਠੇ ਭਾਰਤ ਵਿਰੋਧੀ ਲੋਕ ਸਰਹੱਦ ਤੋਂ ਪਾਰ ਸਾਜ਼ਿਸ਼ਾਂ ਰਾਹੀਂ ਅਤੇ ਪੰਜਾਬ ਵਿੱਚ ਹਿੰਦੂ ਨੇਤਾਵਾਂ ਤੇ ਹਮਲਾ ਕਰਕੇ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਬਰਦਾਸ਼ਤ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਦੂ ਨੇਤਾਵਾਂ ਤੇ ਹਮਲਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਿੰਦੂ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿੱਚ ਵਧ ਰਹੇ ਅਣਐਲਾਨੇ ਅੱਤਵਾਦ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇਣ ਤਾਂ ਜੋ ਅਜਿਹੀਆਂ ਸਰਗਰਮੀਆਂ ਨੂੰ ਅਗੇਤਾ ਹੀ ਰੋਕਿਆ ਜਾ ਸਕੇ।