ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਡਿਮਾਂਡ ਡੇ ਮਨਾਇਆ
ਚੰਡੀਗੜ੍ਹ, 2 ਅਕਤੂਬਰ 2026- ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਅਤੇ ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਵੱਲੋਂ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸੱਦੇ ‘ਤੇ ਅੱਜ ਸਾਂਝੇ ਤੌਰ ’ਤੇ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ‘ਡਿਮਾਂਡ ਡੇ’ ਮਨਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਅਤੇ ਮੰਗਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ।
ਯੂਨੀਅਨ ਆਗੂਆਂ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ, ਪਰ ਉਨ੍ਹਾਂ ਨੂੰ ਕੰਮਕਾਜ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਦੀ ਸੁਰੱਖਿਆ ਅਤੇ ਹੋਰ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਦੀ ਲੋੜ ’ਤੇ ਜ਼ੋਰ ਦਿੱਤਾ।
ਇਸੇ ਕੜੀ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਯੂਨੀਅਨ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਡਿਮਾਂਡ ਡੇ ਮਨਾਇਆ ਗਿਆ। ਜ਼ਿਲ੍ਹਾ ਇਕਾਈਆਂ ਦੇ ਨੁਮਾਇੰਦਿਆਂ ਨੇ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸਬੰਧਤ ਅਧਿਕਾਰੀਆਂ ਨੂੰ ਸੌਂਪੇ। ਯੂਨੀਅਨ ਆਗੂਆਂ ਨੇ ਕਿਹਾ ਕਿ ਪੱਤਰਕਾਰਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਚੰਡੀਗੜ੍ਹ ਦੇ ਸੈਕਟਰ 17 ਵਿਖੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ IJU ਦੇ ਪ੍ਰਧਾਨ ਬਲਵਿੰਦਰ ਜੰਮੂ ਨੇ ਕਿਹਾ ਕਿ ਪੱਤਰਕਾਰਾਂ ਦੀਆਂ ਸਾਰੀਆਂ ਮੰਗਾਂ ਸਰਕਾਰ ਨੂੰ ਪਹਿਲ ਦੇ ਅਧਾਰ ‘ਤੇ ਮੰਨ ਲੈਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਮੀਡੀਆ ਕਮਿਸ਼ਨ ਬਣਾਉਣਾ, ਵਰਕਿੰਗ ਜਰਨਲਿਸਟ ਐਕਟ ਨੂੰ ਬਹਾਲ ਕਰਨਾ, ਪੱਤਰਕਾਰਾਂ ਲਈ ਸੁਰੱਖਿਆ ਐਕਟ ਬਣਾਉਣਾ ਅਤੇ ਬੋਰਡ ਵੇਜ ਸਥਾਪਿਤ ਕਰਨ ਦੀ ਮੰਗ ਸ਼ਾਮਿਲ ਹੈ I ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ, ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਰਾਮ ਸਿੰਘ ਬਰਾੜ, ਸੀਨੀਅਰ ਪੱਤਰਕਾਰ ਤਰਲੋਚਨ ਸਿੰਘ, ਜਗਤਾਰ ਭੁੱਲਰ, ਭੁਪਿੰਦਰ ਸਿੰਘ ਮਲਿਕ, ਸਰਬਜੀਤ ਭੱਟੀ ਅਤੇ ਬਲਵਿੰਦਰ ਵਿੱਕੀ ਨੇ ਵੀ ਪੱਤਰਕਾਰਾਂ ਦੇ ਹੱਕ ਵਿੱਚ ਆਪਣੇ ਵਿਚਾਰ ਰੱਖੇ I
ਇਸ ਮੌਕੇ ਬਲਵੰਤ ਤਕਸ਼ਕ, ਦੀਪਕ ਸ਼ਰਮਾ ਚਨਾਰਥਲ, ਹਰਜਿੰਦਰ ਚੌਹਾਨ, ਆਰ. ਐੱਸ ਲਿਬਰੇਟ, ਅੰਸ਼ੁਲ ਅਰੋੜਾ, ਸੁਰਜੀਤ ਸੁਮਨ, ਸੰਦੀਪ ਲਾਧੂਕਾ, ਹਰਬੰਸ ਸੋਢੀ, ਜਸਵਿੰਦਰ ਸਿੰਘ ਰੰਧਾਵਾ, ਸ਼੍ਰੀਕਾਂਤ ਅਚਾਰਿਆ ਸਣੇ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਿਰ ਸਨ I
- Download Babushahi App
-
-