ਪੰਜਾਬ ਸੰਭਾਲੋ ਰੈਲੀ ਮੌਕੇ 'ਬਸਪਾ' ਦੇ ਸ਼ਹੀਦੀ ਸਮਾਰਕ ਦਾ ਸੂਬਾ ਪ੍ਰਧਾਨ ਡਾ. ਕਰੀਮਪੁਰੀ ਨੇ ਰੱਖਿਆ ਨੀਂਹ ਪੱਥਰ
- ਲੋਕਤੰਤਰ ਦੀ ਰੱਖਿਆ ਕਰਦੇ 1992 'ਚ ਸ਼ਹੀਦ ਹੋਏ ਵਰਕਰਾਂ ਦੀ ਕੁਰਬਾਨੀ ਅਜਾਈ ਨਹੀਂ ਜਾਏਗੀ : ਕਰੀਮਪੁਰੀ
- 'ਭਾਜਪਾ' ਦੇ ਜਾਤੀ ਜਨਗਣਨਾ ਦਾ ਸਵਾਗਤ ਕਰਦਿਆਂ ਬੋਲੇ ਅਜੇ ਵੀ ਸ਼ੰਕਾ ਈ ਹੈ
ਰਵੀ ਜੱਖੂ
ਲੁਧਿਆਣਾ, 1 ਮਈ 2025 - ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਜਸਪਾਲ ਬਾਂਗਰ ਵਿਖੇ ਸ਼ਹੀਦੀ ਸਮਾਰਕ ਵਾਲੀ ਜਗ੍ਹਾ ਉੱਤੇ ਪੰਜਾਬ ਸੰਭਾਲੋ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਸ਼ਹੀਦੀ ਸਮਾਰਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਸ਼ਹੀਦ ਹੋਏ ਪਾਰਟੀ ਵਰਕਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਰੱਖਿਆ ਕਰਦੇ 1992 'ਚ ਸ਼ਹੀਦ ਹੋਏ ਪੰਜ ਵਰਕਰਾਂ ਸ਼ਹੀਦ ਨਛੱਤਰ ਸਿੰਘ, ਸ਼ਹੀਦ ਨਾਜਰ ਸਿੰਘ, ਸ਼ਹੀਦ ਅਮਰ ਸਿੰਘ, ਸ਼ਹੀਦ ਸ਼ਰਨਜੀਤ ਸਿੰਘ ਅਤੇ ਸ਼ਹੀਦ ਰਜਿੰਦਰ ਸਿੰਘ ਦੀ ਕੁਰਬਾਨੀ ਅਜਾਈ ਨਹੀਂ ਜਾਏਗੀ।
ਉਨ੍ਹਾਂ ਕਿਹਾ ਕਿ ਵਰਕਰਾਂ ਦੇ ਸਹਿਯੋਗ ਨਾਲ ਬਸਪਾ ਆਪਣੇ ਦੰਮ 'ਤੇ ਇਸ ਸ਼ਹੀਦੀ ਸਮਾਰਕ ਨੂੰ ਮੁਕੰਮਲ ਕਰਵਾਏਗੀ ਅਤੇ 2027 ਵਿੱਚ ਸਰਕਾਰ ਬਣਨ 'ਤੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਮੋੜਦਿਆਂ ਸ਼ਹੀਦ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਵੱਲੋਂ 1992 'ਚ "ਚੋਣਾਂ ਦਾ ਬਾਈਕਾਟ ਕਰੋ, ਜੋ ਵੋਟ ਪਾਉਣਗੇ ਉਨ੍ਹਾਂ ਦੇ ਗੋਲੀ ਮਾਰੋ," ਦੀ ਧਮਕੀ ਦਿੱਤੀ ਗਈ ਸੀ। ਲੋਕਤੰਤਰ ਦੀ ਰੱਖਿਆ ਲਈ ਉਸ ਧਮਕੀ ਦੇ ਵਿਰੋਧ ਵਿੱਚ ਜਸਪਾਲ ਬਾਂਗਰ ਦੇ ਬਹੁਜਨ ਸਮਾਜ ਪਾਰਟੀ ਦੇ ਪੰਜ ਸਮਰਥਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਵੋਟ ਪਾਈ ਸੀ ਤੇ ਇਸਦਾ ਨਤੀਜਾ ਉਹਨਾਂ ਨੂੰ ਸ਼ਹੀਦੀ ਦੇ ਰੂਪ ਵਿੱਚ ਭੁਗਤਣਾ ਪਿਆ ਸੀ। ਪੰਜਾਬ ਵਿੱਚ ਕਈ ਹੋਰ ਥਾਈ ਵੀ ਬਸਪਾ ਵਰਕਰਾਂ ਨੂੰ ਏਸੇ ਪ੍ਰਕਾਰ ਸ਼ਹੀਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸੇ ਕਰਕੇ ਸਾਹਿਬ ਕਾਂਸ਼ੀ ਰਾਮ ਜੀ ਨੇ ਇਥੋਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਸਮਾਰਕ ਨੂੰ ਬਣਾਉਣ ਲਈ ਜ਼ਮੀਨ ਖ਼ਰੀਦੀ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਸ ਸਮਾਰਕ ਨੂੰ ਬਣਾਉਣ ਲਈ ਚਾਰ ਦਿਵਾਰੀ ਬਣਾਉਣ ਦਾ ਕੰਮ ਆਰੰਭ ਦਿੱਤਾ ਹੈ ਜਿਸਦਾ ਖ਼ਰਚਾ ਪਾਰਟੀ ਦੇ ਵਰਕਰਾਂ, ਆਗੂਆਂ ਦੀ ਪੂੰਜੀ ਚੋਂ ਕੱਢਿਆ ਜਾਵੇਗਾ। ਉਹਨਾਂ ਭਾਜਪਾ ਵੱਲੋਂ ਜਨਗਣਨਾ ਸਬੰਧੀ ਲਏ ਫੈਸਲੇ ਬਾਰੇ ਕਿਹਾ ਕਿ ਜਨਗਣਨਾ ਹੋਣੀ ਹਰ ਦੇਸ਼ ਵਿੱਚ ਲਾਜ਼ਮੀ ਹੁੰਦੀ ਹੈ, ਜਨਗਣਨਾ ਕਰਨ ਦਾ ਮਕਸਦ ਉਸ ਵਰਗ ਨੂੰ ਉੱਚਾ ਚੁੱਕਣਾ ਹੁੰਦਾ ਹੈ ਜੋ ਹੁਕਮਰਾਨਾਂ ਦੀਆਂ ਨੀਤੀਆਂ ਕਾਰਨ ਉੱਪਰ ਨਹੀਂ ਉੱਠ ਪਾਉਂਦਾ, ਜਿਸਨੂੰ ਲਾਗੂ ਕਰਨ ਲਈ ਭਵਿੱਖ ਲਈ ਰਣਨੀਤੀ ਤੈਅ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜਨਗਣਨਾ ਕਰਨ ਦਾ ਫ਼ੈਸਲਾ ਕਾਫ਼ੀ ਦੇਰੀ ਨਾਲ ਲਿਆ ਹੈ ਜਿਸ 'ਤੇ ਅਜੇ ਵੀ ਸ਼ੰਕਾ ਹੈ, ਪਰ ਜੇਕਰ ਉਹ ਜਨਗਣਨਾ ਤੋਂ ਬਾਅਦ ਭਵਿੱਖ ਲਈ ਸਕਾਰਾਤਮਕ ਰਣਨੀਤੀ ਬਣਾਉਂਦੀ ਹੈ ਤਾਂ ਬਹੁਜਨ ਸਮਾਜ ਪਾਰਟੀ ਇਸ ਫ਼ੈਸਲੇ ਦਾ ਸਵਾਗਤ ਕਰਦੀ ਹੈ। ਉਹਨਾਂ ਪਹਿਲਗਾਮ 'ਚ ਹੋਏ ਹਮਲੇ ਅਤੇ ਭਾਜਪਾ ਦੀ ਅੱਤਵਾਦੀਆਂ ਨੂੰ ਫੜ੍ਹਨ 'ਚ ਨਾਕਾਮੀ ਬਾਰੇ ਕਿਹਾ ਕਿ ਪਾਰਟੀ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਦਾ ਇਹ ਕਹਿਣਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੀ ਸੁਰੱਖਿਆ ਲਈ ਜੋ ਵੀ ਕਦਮ ਚੁੱਕੇਗੀ, ਪਾਰਟੀ ਵੱਲੋਂ ਉਸਦਾ ਸਮਰਥਨ ਹੋਵੇਗਾ।
ਉਹਨਾਂ ਕਿਹਾ ਕਿ ਜਦੋਂ ਵੀ ਦੇਸ਼ ਉੱਤੇ ਹਮਲਾ ਹੋਇਆ ਹੈ ਤਾਂ ਭਾਜਪਾ ਦੀ ਸਰਕਾਰ ਹੀ ਕੇਂਦਰ ਵਿੱਚ ਹੁਕਮਰਾਨ ਹੁੰਦੀ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸੁਰੱਖਿਆ ਨੀਤੀ ਅਸਫ਼ਲ ਸਾਬਿਤ ਹੋਈ ਹੈ ਜਿਸ 'ਚ ਸੁਧਾਰ ਦੀ ਬਹੁਤ ਲੋੜ ਹੈ। ਇਸ ਮੌਕੇ ਲੁਧਿਆਣਾ ਜ਼ੋਨ ਇੰਚਾਰਜ ਪ੍ਰਵੀਨ ਬੰਗਾ, ਜ਼ੋਨ ਇੰਚਾਰਜ ਬਲਵਿੰਦਰ ਬਿੱਟਾ, ਦਿਹਾਤੀ ਇੰਚਾਰਜ ਪਰਗਣ ਬਿਲਗਾ, ਦਿਹਾਤੀ ਪ੍ਰਧਾਨ ਬੂਟਾ ਸਿੰਘ ਸੰਗੋਵਾਲ, ਇੰਚਾਰਜ ਨਿਰਮਲ ਸਿੰਘ, ਲੁਧਿਆਣਾ ਇੰਚਾਰਜ ਜੀਤਰਾਮ ਬਸਰਾ, ਸ਼ਹਿਰੀ ਪ੍ਰਧਾਨ ਬਲਵਿੰਦਰ ਜੱਸੀ, ਜਨਰਲ ਸਕੱਤਰ ਸੋਨੂ ਅੰਬੇਦਕਰ, ਮਹਿਲਾ ਵਿੰਗ ਪ੍ਰਧਾਨ ਮੀਨੂ ਧੀਰ, ਮੀਡੀਆ ਇੰਚਾਰਜ ਬਿੱਟੂ ਸ਼ੇਰਪੁਰੀਆ, ਅਮਰੀਕ ਸਿੰਘ ਘੁਲਾਲ, ਗੁਰਮੀਤ ਸਿੰਘ ਰੇਲਵੇ, ਸਤਵਿੰਦਰ ਸਿੰਘ ਲੁਹਾਰਾ, ਹਰਫੂਲ ਸੈਨ, ਦੁਰਜਨ ਕੁਮਾਰ, ਅਮਰੀਕ ਸਿੰਘ ਪੁਹੀੜ, ਬਹਾਦਰ ਸਿੰਘ, ਸੂਬੇਦਾਰ ਬਲਵੀਰ ਸਿੰਘ ਖਟੜਾ, ਨਿਰਮਲ ਸਿੰਘ, ਚਰਨਜੀਤ ਸਿੰਘ ਸੰਗੋਵਾਲ, ਜਗਦੀਪ ਸਿੰਘ ਸਿਰਥਲਾ, ਜਸਵਿੰਦਰ ਸਿੰਘ ਸੰਗੋਵਾਲ, ਜਸਪਾਲ ਸਿੰਘ ਦੀਵਾ, ਰਜਿੰਦਰ ਨਿੱਕਾ, ਜਸਪਾਲ ਭੌਰਾ, ਸੁਖਦੇਵ ਚੱਡਾ, ਬਲਦੇਵ ਮੱਲ, ਸੁਖਦੇਵ ਭਟੋਏ, ਜਸਵੰਤ ਰਾਏ, ਮਨਜੀਤ ਸਿੰਘ ਬਾੜੇਵਾਲ ਅਤੇ ਹਰਦਿਆਲ ਸਿੰਘ ਬਾੜੇਵਾਲ ਆਦਿ ਵੀ ਹਾਜ਼ਰ ਸਨ।