ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਲੇਡੀ ਯੂਟਿਊਬਰ ਨੂੰ ਕੋਰਟ ਨੇ 5 ਦਿਨ ਦੇ ਰਿਮਾਂਡ 'ਤੇ ਭੇਜਿਆ
ਚੰਡੀਗੜ੍ਹ, 17 ਮਈ 2025 - ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਿਸਾਰ ਪੁਲਿਸ ਨੇ ਸ਼ਨੀਵਾਰ ਨੂੰ ਜੋਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਪੁਲਿਸ ਨੇ 5 ਦਿਨ ਦਾ ਰਿਮਾਂਡ ਪ੍ਰਾਪਤ ਕੀਤਾ।
ਹਿਸਾਰ ਪੁਲਿਸ ਦੇ ਅਨੁਸਾਰ, 15 ਮਈ ਨੂੰ, ਡੀਐਸਪੀ ਜਤਿੰਦਰ ਕੁਮਾਰ ਦੀ ਅਗਵਾਈ ਵਾਲੀ ਇੱਕ ਟੀਮ ਨੇ ਜੋਤੀ ਨੂੰ ਉਸਦੇ ਘਰ ਤੋਂ ਹਿਰਾਸਤ ਵਿੱਚ ਲਿਆ। ਆਈਬੀ ਦੀ ਟੀਮ ਜੋਤੀ ਤੋਂ ਪੁੱਛਗਿੱਛ ਕਰ ਰਹੀ ਹੈ।
ਹਿਸਾਰ ਪੁਲਿਸ ਦੇ ਅਨੁਸਾਰ, 'ਜਯੋਤੀ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੇ ਸੰਪਰਕ ਵਿੱਚ ਸੀ।' ਉਹ ਸੋਸ਼ਲ ਮੀਡੀਆ ਰਾਹੀਂ ਭਾਰਤ ਦੀ ਗੁਪਤ ਜਾਣਕਾਰੀ ਭੇਜ ਰਹੀ ਸੀ। ਜੋਤੀ ਤਿੰਨ ਵਾਰ ਪਾਕਿਸਤਾਨ ਜਾ ਚੁੱਕੀ ਹੈ, ਜਿਸ ਕਾਰਨ ਉਹ ਭਾਰਤੀ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਹੇਠ ਸੀ।
ਉਹ ਸ਼ਰਧਾਲੂਆਂ ਦੇ ਇੱਕ ਜਥੇ ਨਾਲ ਦੋ ਵਾਰ ਪਾਕਿਸਤਾਨ ਗਈ ਸੀ। ਇਸ ਤੋਂ ਇਲਾਵਾ, ਉਹ ਇੱਕ ਵਾਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਈ ਸੀ। ਜੋਤੀ ਵਿਰੁੱਧ ਹਿਸਾਰ ਸਿਵਲ ਲਾਈਨਜ਼ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਪਿਛਲੇ ਇੱਕ ਹਫ਼ਤੇ ਦੌਰਾਨ, ਜੋਤੀ ਤੋਂ ਇਲਾਵਾ, ਪੁਲਿਸ ਨੇ ਹਰਿਆਣਾ ਤੋਂ ਤਿੰਨ ਪਾਕਿਸਤਾਨੀ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਪਾਣੀਪਤ ਤੋਂ ਨੋਮਾਨ ਇਲਾਹੀ, ਕੈਥਲ ਤੋਂ ਦਵਿੰਦਰ ਸਿੰਘ ਅਤੇ ਨੂਹ ਤੋਂ ਅਰਮਾਨ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮਲੇਰਕੋਟਲਾ ਤੋਂ 2 ਅਤੇ ਜਲੰਧਰ ਤੋਂ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।