ਨਿਊਜ਼ੀਲੈਂਡ ਇਮੀਗ੍ਰੇਸ਼ਨ: ਮਾਪੇ ਤੁਹਾਡੇ-ਨਿਯਮ ਸਾਡੇ
5+5 ਸਾਲ ‘ਪੇਰੈਂਟ ਬੂਸਟ ਵੀਜ਼ਾ’ ਸ਼੍ਰੇਣੀ ਦਾ ਐਲਾਨ-29 ਸਤੰਬਰ 2025 ਤੋਂ ਅਰਜ਼ੀਆਂ ਖੁੱਲ੍ਹਣਗੀਆਂ
-ਸਪਾਂਸਰਜ਼ ਕਰਨ ਦੇ ਲਈ ਉਚ ਤਨਖਾਹ ਅਤੇ ਸਾਲ ਦੀ ਹੈਲਥ ਇੰਸ਼ੋਰੈਂਸ ਦੀ ਰਹੇਗੀ ਲੋੜ
-ਪੈਨਸ਼ਨਾਂ ਅਤੇ ਬੱਚਤ ਖਾਤੇ ਵੀ ਹੋ ਸਕਦੇ ਹਨ ਸਹਾਈ।
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 08 ਜੂਨ 2025 ()-ਨਿਊਜ਼ੀਲੈਂਡ ਦੇ ਵਿਚ ਨੈਸ਼ਨਲ ਪਾਰਟੀ ਦੀ ਸੱਤਾਧਾਰ ਸਰਕਾਰ ਨੇ ਅੱਜ ਕਈ ਸਾਲਾਂ ਤੋਂ ਉਡੀਕੀ ਜਾ ਰਹੀ ‘ਪੇਰੈਂਟ ਬੂਸਟ ਵੀਜ਼ਾ’ ਸ਼੍ਰੇਣੀ ਦਾ ਐਲਾਨ ਕਰ ਦਿੱਤਾ ਗਿਆ, ਜੋ ਕਿ 29 ਸਤੰਬਰ 2025 ਤੋਂ ਖੁੱਲ੍ਹਣ ਜਾ ਰਹੀ ਹੈ। ਅੱਜ ਇਸਦਾ ਐਲਾਨ ਬਰੂਸ ਪੁਲਮਨ ਪਾਰਕ ਟਾਕਾਨੀਨੀ (ਔਕਲੈਂਡ) ਵਿਖੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਕ੍ਰਿਸ ਲਕਸਨ ਦੀ ਹਾਜ਼ਰੀ ਵਿਚ ਇਮੀਗ੍ਰੇਸ਼ਨ ਮੰਤਰੀ ਇਰੇਕਾ ਸਟੈਂਡਫੋਰਡ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਭਾਰਤੀਆਂ ਖਾਸ ਕਰ ਪੰਜਾਬੀਆਂ ਦੀ ਸੀ।
ਸਰਕਾਰ ਨੇ ਪਰਿਵਾਰਾਂ ਨੂੰ ਇਕਜੁੱਟ ਕਰਨ ਅਤੇ ਉੱਚ ਹੁਨਰਮੰਦ ਪ੍ਰਵਾਸੀਆਂ ਲਈ ਨਿਊਜ਼ੀਲੈਂਡ ਦੀ ਖਿੱਚ ਨੂੰ ਵਧਾਉਣ ਲਈ ਇੱਕ ਨਵੇਂ ਲੰਬੇ ਸਮੇਂ ਦੇ ਵਿਜ਼ਟਰ ਵੀਜ਼ੇ ਦਾ ਐਲਾਨ ਕੀਤਾ ਹੈ। ਜੋ ਕਿ ਕੁੱਲ 10 ਸਾਲ ਦਾ ਹੋਵੇਗਾ ਪਰ ਪਹਿਲਾਂ 5 ਸਾਲ ਦਾ ਹੋਵੇਗਾ ਅਤੇ ਦੁਬਾਰਾ 5 ਸਾਲ ਦਾ ਲਿਆ ਜਾ ਸਕਦਾ ਹੈ। ਇਹ ਕਿਸੇ ਵੀ ਹਾਲਤ ਵਿਚ ਪੱਕੇ ਰਿਹਾਇਸ਼ੀ ਬਨਣ ਦੇ ਲਈ ਰਾਹ ਨਹੀਂ ਖੋਲ੍ਹਣਗੇ।
ਇਸ ਨੂੰ ‘ਪੇਰੈਂਟ ਬੂਸਟ ਵੀਜ਼ਾ’ ਕਿਹਾ ਗਿਆ ਹੈ ਜੋ ਕਿ ਇੱਕ ਮਲਟੀਪਲ-ਐਂਟਰੀ ਵਿਜ਼ਟਰ ਵੀਜ਼ਾ ਹੈ ਜੋ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਨਿਵਾਸੀਆਂ ਦੇ ਮਾਪਿਆਂ ਨੂੰ 5 ਸਾਲਾਂ ਤੱਕ ਆਉਣ ਦੀ ਆਗਿਆ ਦਿੰਦਾ ਹੈ। ਬਿਨੈਕਾਰ ਦੂਜੇ ਵੀਜ਼ੇ ਲਈ ਅਰਜ਼ੀ ਦੇ ਸਕਦੇ ਹਨ, ਜਿਸ ਨਾਲ ਕੁੱਲ 10 ਸਾਲਾਂ ਤੱਕ ਠਹਿਰਨ ਦੀ ਆਗਿਆ ਮਿਲਦੀ ਹੈ, ਬਸ਼ਰਤੇ ਉਹ ਸਾਰੀਆਂ ਯੋਗਤਾ ਜ਼ਰੂਰਤਾਂ ਨੂੰ ਪੂਰਾ ਕਰਦੇ ਰਹਿਣ।
ਇਹ ਵੀਜ਼ਾ ਜਨਤਕ ਸੇਵਾਵਾਂ ’ਤੇ ਵਾਧੂ ਦਬਾਅ ਪਾਏ ਬਿਨਾਂ ਪਰਿਵਾਰਕ ਸਬੰਧਾਂ ਦਾ ਸਮਰਥਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਰਿਹਾਇਸ਼ ਦਾ ਰਸਤਾ ਨਹੀਂ ਹੈ, ਪਰ ਇਹ ਪਰਿਵਾਰਾਂ ਨੂੰ ਲੰਬੇ ਸਮੇਂ ਲਈ ਇਕੱਠੇ ਸਮਾਂ ਬਿਤਾਉਣ ਦਾ ਇੱਕ ਅਰਥਪੂਰਨ ਤਰੀਕਾ ਪੇਸ਼ ਕਰਦਾ ਹੈ। ਜਿਹੜੇ ਮਾਪੇ ਸਥਾਈ ਨਿਵਾਸ (ਪੀ. ਆਰ.) ਦੀ ਮੰਗ ਕਰਨ ਕਰਨਗੇ ਉਹ ਵੱਖਰੀ ਵੀਜ਼ਾ (ਮਾਪੇ ਸ਼੍ਰੇਣੀ) ਉਪਲਬਧ ਰਹੇਗੀ।
ਯੋਗਤਾਵਾਂ ਅਤੇ ਲੋੜਾਂ:
ਪੇਰੈਂਟ ਬੂਸਟ ਵੀਜ਼ਾ ਪ੍ਰਾਪਤ ਕਰਨ ਲਈ, ਬਿਨੈਕਾਰਾਂ ਨੂੰ ਇਹ ਦਿਖਾਉਣਾ ਪਵੇਗਾ ਕਿ ਉਹ ਚੰਗੇ ਚਰਿੱਤਰ ਦੇ ਹਨ, ਸਿਹਤ ਦੇ ਸਵੀਕਾਰਯੋਗ ਮਿਆਰ (ਰਿਹਾਇਸ਼ ਦੇ ਮਿਆਰ ਦੇ ਅਨੁਸਾਰ) ਨੂੰ ਪੂਰਾ ਕਰਦੇ ਹਨ, ਅਤੇ ਹੇਠ ਲਿਖੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ। ਬਿਨੈਕਾਰਾਂ ਕੋਲ ਇੱਕ ਯੋਗ ਸਪਾਂਸਰ (ਖਰਚਾ ਚੁੱਕਣ ਵਾਲਾ) ਹੋਣਾ ਚਾਹੀਦਾ ਹੈ ਜੋ: ਉਨ੍ਹਾਂ ਦਾ ਜੈਵਿਕ ਜਾਂ ਗੋਦ ਲਿਆ ਬੱਚਾ, ਨਿਊਜ਼ੀਲੈਂਡ ਦਾ ਨਾਗਰਿਕ ਜਾਂ ਨਿਵਾਸੀ ਹੋਵੇ ਅਤੇ ਵੀਜ਼ੇ ਦੀ ਪੂਰੀ ਮਿਆਦ ਤੱਕ ਖਾਸ ਜ਼ਿੰਮੇਵਾਰੀਆਂ ਲੈਣ ਲਈ ਵੀ ਸਹਿਮਤ ਹੋਣਾ ਚਾਹੀਦਾ ਹੈ, ਜਿਸ ਵਿੱਚ ਸ਼ਾਮਿਲ ਹਨ: ਰਿਹਾਇਸ਼ ਅਤੇ ਰੋਜ਼ਾਨਾ ਰਹਿਣ-ਸਹਿਣ ਦੇ ਖਰਚਿਆਂ ਵਰਗੇ ਜ਼ਰੂਰੀ ਖਰਚਿਆਂ ਨੂੰ ਕਵਰ ਕਰਨਾ, ਸਿਹਤ ਅਤੇ ਵਿੱਤੀ ਸਹਾਇਤਾ ਤੱਕ ਪਹੁੰਚ ਯਕੀਨੀ ਬਣਾਉਣਾ, ਜੇ ਲੋੜ ਹੋਵੇ, ਤਾਂ ਦੇਸ਼ ਵਾਪਸੀ ਜਾਂ ਦੇਸ਼ ਨਿਕਾਲੇ ਨਾਲ ਸਬੰਧਤ ਖਰਚਿਆਂ ਨੂੰ ਕਵਰ ਕਰਨਾ।
ਵਿੱਤੀ ਜ਼ਰੂਰਤਾਂ ਵਿਚ ਬਿਨੈਕਾਰਾਂ ਨੂੰ ਹੇਠ ਲਿਖਿਆਂ ਵਿੱਚੋਂ 1 ਵਿੱਤੀ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ: ਜੇਕਰ ਸਪਾਂਸਰ ਦੋ (ਪਤੀ-ਪਤਨੀ) ਹਨ ਅਤੇ ਇਕ ਪਾਸੇ ਦੇ ਮਾਤਾ-ਪਿਤਾ ਨੂੰ ਸੱਦ ਰਹੇ ਹਨ ਤਾਂ ਘੱਟੋ-ਘੱਟ ਨਿਊਜ਼ੀਲੈਂਡ ਦੀ ਔਸਤ ਤਨਖਾਹ (69,804.80 ਡਾਲਰ) ਤੋਂ ਦੁੱਗਣੀ (139,609,60ਡਾਲਰ) ਹੋਣੀ ਚਾਹੀਦੀ ਹੈ। ਜੇਕਰ ਮਾਪੇ ਅਤੇ ਸਹੁਰੇ ਸੱਦਣੇ ਹੋਣ ਤਾਂ ਕੁੱਲ ਤਨਖਾਹ 209,41440 ਹੋਣੀ ਚਾਹੀਦੀ ਹੈ। ਜੇਕਰ ਇਕੱਲੇ ਨੇ ਮਾਤਾ-ਪਿਤਾ ਚੋਂ ਇਕ ਨੂੰ ਸੱਦਣਾ ਹੋਵੇ ਤਾਂ ਉਸਦੀ ਤਨਖਾਹ 69,804.80 ਡਾਲਰ ਹੋਣੀ ਚਾਹੀਦੀ ਹੈ। ਜੇ ਅਜਿਹਾ ਨਹੀਂ ਹੈ ਤਾਂ ਦੂਜੀ ਚੋਣ ਮਾਪੇ ਕਰ ਸਕਦੇ ਹਨ ਜਿਵੇਂ..ਮਾਪਿਆਂ ਦੀ ਨਿੱਜੀ ਆਮਦਨ ਨਿਊਜ਼ੀਲੈਂਡ ਸੁਪਰਐਨੂਏਸ਼ਨ (ਪੈਨਸ਼ਨ) ਦੇ ਬਰਾਬਰ ਹੋਣੀ ਚਾਹੀਦੀ ਹੈ ਜੋ ਕਿ ਵਰਤਮਾਨ ਵਿੱਚ ਇੱਕ ਸਿੰਗਲ ਮਾਤਾ ਜਾਂ ਪਿਤਾ ਲਈ $32,611.28 ਡਾਲਰ ਸਾਲਾਨਾ ਹੈ ਅਤੇ ਇੱਕ ਜੋੜੇ ਲਈ $49,552.88 ਡਾਲਰ ਹੋਵੇ। ਜਾਂ ਫਿਰ ਮਾਪਿਆਂ ਕੋਲ ਕਾਫ਼ੀ ਨਿੱਜੀ ਫੰਡ ਹੋਵੇ ਜਿਵੇਂ ਇੱਕਲੇ ਬਿਨੈਕਾਰ ਲਈ 160,000 ਡਾਲਰ ਜਾਂ ਇੱਕ ਜੋੜੇ ਲਈ 250,000 ਡਾਲਰ। ਇਸ ਵਿਚ ਬੱਚਤ ਦਾ ਲੇਖਾ-ਜੋਖਾ ਵਿਚਾਰਿਆ ਜਾ ਸਕਦਾ ਹੈ।
ਸਿਹਤ ਬੀਮਾ: ਬਿਨੈਕਾਰਾਂ ਕੋਲ ਘੱਟੋ-ਘੱਟ 1 ਸਾਲ ਦਾ ਸਿਹਤ ਬੀਮਾ ਹੋਣਾ ਚਾਹੀਦਾ ਹੈ ਜੋ ਹੇਠ ਲਿਖਿਆਂ ਨੂੰ ਕਵਰ ਕਰਦਾ ਹੈ: ਐਮਰਜੈਂਸੀ ਡਾਕਟਰੀ ਦੇਖਭਾਲ (ਘੱਟੋ-ਘੱਟ 250,000 ਡਾਲਰ ਪ੍ਰਤੀ ਸਾਲ) ਤਾਂ ਕਿ ਕਿਸੇ ਤਰ੍ਹਾਂ ਦੀ ਐਮਰਜੈਂਸੀ ਵਾਪਸੀ ਜਾਂ ਮੌਤ ਬਾਅਦ ਅਵਸ਼ੇਸ਼ਾਂ ਦੀ ਵਾਪਸੀ ਦਾ ਪ੍ਰਬੰਧ ਹੋ ਸਕੇ। ਕੈਂਸਰ ਦਾ ਇਲਾਜ (ਘੱਟੋ-ਘੱਟ 100,000 ਡਾਲਰ ਤੱਕ ਕਵਰ ਹੋਵੇ। ਉਹਨਾਂ ਨੂੰ ਨਿਊਜ਼ੀਲੈਂਡ ਵਿੱਚ ਆਪਣੇ ਠਹਿਰਨ ਦੇ ਪੂਰੇ ਸਮੇਂ ਲਈ ਵੈਧ ਸਿਹਤ ਬੀਮਾ ਵੀ ਰੱਖਣਾ ਹੋਵੇਗਾ।
ਖਿਆਲ ਰੱਖਿਓ: ਨਿਊਜ਼ੀਲੈਂਡ ਵਿੱਚ ਰਹਿੰਦਿਆਂ ਵੈਧ ਸਿਹਤ ਬੀਮਾ ਨਾ ਰੱਖਣਾ ਭਵਿੱਖ ਦੇ ਵੀਜ਼ਿਆਂ ਲਈ ਕਿਸੇ ਵਿਅਕਤੀ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਵਿੱਚ ਮਾਤਾ-ਪਿਤਾ ਸ਼੍ਰੇਣੀ ਅਧੀਨ ਰਿਹਾਇਸ਼ ਵੀ ਸ਼ਾਮਲ ਹੈ। ਇਸਦੇ ਨਤੀਜੇ ਵਜੋਂ ਵੀਜ਼ਾ ਰੱਦ ਹੋ ਸਕਦਾ ਹੈ ਜਾਂ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਬਿਨੈਕਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿ ਉਹ ਸਿਹਤ ਦੇ ਇੱਕ ਸਵੀਕਾਰਯੋਗ ਮਿਆਰ ਦੇ ਹਨ, 2 ਸਿਹਤ ਮੁਲਾਂਕਣ (ਮੈਡੀਕਲ) ਕਰਵਾਉਣੇ ਪੈਣਗੇ। ਪਹਿਲੀ ਸਿਹਤ ਜਾਂਚ ਸ਼ੁਰੂਆਤੀ ਵੀਜ਼ਾ ਅਰਜ਼ੀ ਦੇ ਹਿੱਸੇ ਵਜੋਂ ਪੂਰੀ ਕੀਤੀ ਜਾਵੇਗੀ ਜਦ ਕਿ ਵੀਜ਼ੇ ਦੇ ਤੀਜੇ ਸਾਲ ਵਿੱਚ, ਬਿਨੈਕਾਰਾਂ ਨੂੰ ਨਿਊਜ਼ੀਲੈਂਡ ਤੋਂ ਬਾਹਰ ਜਾ ਕੇ ਦੂਜੀ ਵਾਰ ਸਿਹਤ ਜਾਂਚ ਕਰਵਾਉਣੀ ਪਵੇਗੀ ਅਤੇ ਦੁਬਾਰਾ ਇੰਸ਼ੋਰੈਂਸ ਵਿਖਾ ਕੇ ਇਥੇ ਆਇਆ ਜਾ ਸਕੇਗਾ।
ਵੀਜ਼ਾ ਫੀਸ: ਵੀਜ਼ਾ ਫੀਸ ਜ਼ਿਆਦਾਤਰ ਬਿਨੈਕਾਰਾਂ ਲਈ 3,000 ਡਾਲਰ ਅਤੇ ਪੈਸੀਫਿਕ ਲੋਕਾਂ ਲਈ 2,450 ਡਾਲਰ ਹੋਵੇਗੀ। ਇਸ ਵਿੱਚ ਇਮੀਗ੍ਰੇਸ਼ਨ ਫੀਸ ਅਤੇ ਲੇਵੀ ਦੋਵੇਂ ਸ਼ਾਮਲ ਹਨ। ਬਿਨੈਕਾਰਾਂ ਨੂੰ 100 ਡਾਲਰ ਦੀ ਅੰਤਰਰਾਸ਼ਟਰੀ ਵਿਜ਼ਟਰ ਕੰਜ਼ਰਵੇਸ਼ਨ ਅਤੇ ਟੂਰਿਜ਼ਮ ਲੇਵੀ ਦਾ ਭੁਗਤਾਨ ਵੀ ਕਰਨਾ ਪਵੇਗਾ। 3 ਸਾਲਾਂ ਬਾਅਦ, ਜ਼ਿਆਦਾਤਰ ਲੋਕਾਂ ਲਈ ਤੀਜੇ ਸਾਲ ਦੀ ਸਿਹਤ ਜਾਂਚ ਲਈ 325 ਡਾਲਰ ਦੀ ਵਾਧੂ ਪ੍ਰੋਸੈਸਿੰਗ ਫੀਸ ਹੈ, ਜਾਂ ਜੇਕਰ ਪੈਸੀਫਿਕ ਫੀਸ ਬੈਂਡ ਲਈ ਯੋਗ ਹਨ ਤਾਂ 240 ਡਾਲਰ ਭਰਨੀ ਹੋਵੇਗੀ। ਅਰਜ਼ੀਆਂ 29 ਸਤੰਬਰ 2025 ਨੂੰ ਖੁੱਲ੍ਹਣਗੀਆਂ ਅਤੇ ਹੋਰ ਪ੍ਰਕਿਰਿਆ ਬਾਰੇ ਵੇਰਵੇ ਅਰਜ਼ੀਆਂ ਖੁੱਲ੍ਹਣ ਦੇ ਨੇੜੇ ਦੱਸੇ ਜਾਣਗੇ।
ਇਹ ਰਿਹਾਇਸ਼ ਦਾ ਰਸਤਾ ਨਹੀਂ: ਪੇਰੈਂਟ ਬੂਸਟ ਵੀਜ਼ਾ ਸਿਰਫ਼ ਇੱਕ ਵਿਜ਼ਟਰ ਵੀਜ਼ਾ ਹੈ ਅਤੇ ਇਹ ਨਿਵਾਸ ਲਈ ਕੋਈ ਰਸਤਾ ਪ੍ਰਦਾਨ ਨਹੀਂ ਕਰਦਾ। ਸਥਾਈ ਨਿਵਾਸ ਦੀ ਮੰਗ ਕਰਨ ਵਾਲਿਆਂ ਨੂੰ ਪੇਰੈਂਟ ਕੈਟੇਗਰੀ ਰੈਜ਼ੀਡੈਂਟ ਵੀਜ਼ਾ ਦੇ ਤਹਿਤ ਦਿਲਚਸਪੀ ਦਾ ਪ੍ਰਗਟਾਵਾ ਕਰਨਾ ਹੋਏਦਾ ਅਤੇ ਵਾਰੀ ਸਿਰ ਨੰਬਰ ਆਏਗਾ।
ਸੋ ਇਮੀਗ੍ਰੇਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਤੁਸੀਂ ਆਪਣੇ ਮਾਪੇ ਲੰਬੇ ਸਮੇਂ ਲਈ ਸੱਦਣੇ ਹਨ ਤਾਂ ਸਾਡੇ ਇਹ ਨਿਯਮ ਹੋਣਗੇ। ਇਸ ਪ੍ਰਤੀ ਵੱਖ-ਵੱਖ ਪ੍ਰਤੀਕਿ੍ਰਆਵਾਂ ਇਸ ਵੇਲੇ ਕਮਿਊਨਿਟੀ ਦੇ ਵਿਚ ਚੱਲ ਰਹੀਆਂ ਹਨ। ਆਮ ਧਾਰਨਾ ਇਹ ਬਣ ਰਹੀ ਹੈ ਕਿ ਇਹ ਅਮੀਰਜ਼ਾਦਿਆਂ ਦੇ ਲਈ ਵਰਤੋਂ ਵਿਚ ਆਉਣ ਵਾਲੀ ਵੀਜ਼ਾ ਸ਼੍ਰੇਣੀ ਸਾਬਿਤ ਹੋਵੇਗੀ। ਮਾਈਗ੍ਰਾਂਟ ਵਰਕਰਜ਼ ਐਸੋਸੀਏਸ਼ਨ ਦਾ ਵੀ ਅਜਿਹਾ ਪ੍ਰਤੀਕਰਮ ਆਇਆ ਹੈ।