ਨਸ਼ਾ ਮੁਕਤੀ ਯਾਤਰਾ ਦੇ ਦੂਜੇ ਦਿਨ ਕੁਲਜੀਤ ਰੰਧਾਵਾ ਕਾਰਕੋਰ, ਬਰੋਲੀ ਤੇ ਅਮਲਾਲਾ ਵਿੱਚ ਪੁੱਜੇ
ਹਰਜਿੰਦਰ ਸਿੰਘ ਭੱਟੀ
- ਕਿਹਾ ਮਾਨ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਜ਼ਮੀਨੀ ਲੜਾਈ ਰਾਹੀਂ ਲਿਆਵੇਗੀ ਲੋਕਾਂ ਚ ਜਾਗਰੂਕਤਾ
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 17 ਮਈ 2025 - ਪੰਜਾਬ ਭਰ ਵਿੱਚ ਕੱਲ੍ਹ ਤੋਂ ਸ਼ੁਰੂ ਹੋਈਆਂ ਨਸ਼ਾ ਮੁਕਤੀ ਯਾਤਰਾਵਾਂ ਦੀ ਲੜੀ ਵਿੱਚ ਅੱਜ ਦੂਸਰੇ ਦਿਨ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਕਾਰਕੋਰ, ਬਰੋਲੀ ਤੇ ਅਮਲਾਲਾ ਪਿੰਡ ਦੇ ਸਰਪੰਚਾਂ-ਪੰਚਾਂ ਅਤੇ ਵਸਨੀਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਆਪਣੇ ਆਲੇ ਦੁਆਲੇ ਨਸ਼ਿਆਂ ਦੀ ਦਲ-ਦਲ ਚ ਫਸੇ ਨੌਜਵਾਨਾਂ ਦਾ ਇਲਾਜ ਕਰਵਾਉਣ ਤੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਜਾਂ ਪ੍ਰਸ਼ਾਸਨ ਨੂੰ ਦੇਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਬੀਤੀ 24 ਫਰਵਰੀ ਤੋਂ ਪੰਜਾਬ ਭਰ ਵਿੱਚ ਆਰੰਭ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਹੁਣ ਤੱਕ 11 ਹਜ਼ਾਰ ਤੋਂ ਵਧੇਰੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿਚ ਭੇਜਿਆ ਗਿਆ ਹੈ।
ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਕੋਈ ਵੀ ਮੁਹਿੰਮ ਉਦੋਂ ਹੀ ਸਫ਼ਲ ਹੋ ਸਕਦੀ ਹੈ, ਜਦੋਂ ਲੋਕ ਇਸ ਦਾ ਸੱਚੇ ਮਨ ਨਾਲ ਸਾਥ ਦੇਣ। ਉਹਨਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਨੂੰ ਸੱਚ-ਮੁੱਚ ਰੰਗਲਾ ਪੰਜਾਬ ਅਤੇ ਨਸ਼ੇ ਤੋਂ ਮੁਕਤ ਬਣਾਉਣਾ ਹੈ ਤਾਂ ਸਾਨੂੰ ਨਸ਼ਿਆਂ ਦੇ ਕੋਹੜ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ ਪਵੇਗਾ।
ਉਹਨਾਂ ਕਿਹਾ ਕਿ ਹਰ ਇੱਕ ਪਿੰਡ ਵਿੱਚ ਪਿੰਡ ਸੁਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਪੰਚ ਅਤੇ ਸਰਪੰਚ ਵੀ ਮੈਂਬਰ ਹਨ। ਇਹਨਾਂ ਕਮੇਟੀਆਂ ਵਿੱਚ ਲੋਕਲ ਐਸਐਚਓ, ਹੋਰ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੇ ਡਾਕਟਰ ਵੀ ਸ਼ਾਮਿਲ ਹਨ। ਕਮੇਟੀਆਂ ਦਾ ਉਦੇਸ਼ ਆਪਣੇ ਪਿੰਡ ਵਿੱਚ ਨਸ਼ੇ ਦੀ ਕਿਸੇ ਵੀ ਰੂਪ ਵਿੱਚ ਖਪਤ ਤੇ ਨਿਗਰਾਨੀ ਰੱਖਣਾ ਅਤੇ ਜੇਕਰ ਕੋਈ ਵੀ ਪੀੜਤ ਸਾਹਮਣੇ ਆਉਂਦਾ ਹੈ ਤਾਂ ਉਸ ਦਾ ਸਰਕਾਰ ਵੱਲੋਂ ਖੋਲ੍ਹੇ ਨਸ਼ਾ ਮੁਕਤੀ ਕੇਂਦਰਾਂ ਰਾਹੀਂ ਮੁਫ਼ਤ ਇਲਾਜ ਕਰਵਾਉਣਾ ਅਤੇ ਉਸ ਨੂੰ ਮੁੜ ਵਸੇਬੇ ਵਿੱਚ ਮਦਦ ਕਰਨਾ ਹੈ।
ਪਿੰਡ ਕਾਰਕੋਰ ਵਿਖੇ ਨਸ਼ਾ ਮੁਕਤੀ ਯਾਤਰਾ ਸਮਾਗਮ ਦੌਰਾਨ ਜਿੱਥੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਮੂਹਿਕ ਸੌ ਚੁਕਵਾਈ ਗਈ ਉਥ ਪਿੰਡ ਦੇ ਨੌਜਵਾਨਾਂ ਨੂੰ ਕ੍ਰਿਕਟ ਅਤੇ ਵਾਲੀਬਾਲ ਦੀਆਂ ਖੇਡ ਕਿੱਟਾਂ ਵੀ ਭੇਟ ਕੀਤੀਆਂ ਗਈਆਂ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਰਾਹੀਂ ਆਪਣੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਬਰਕਰਾਰ ਰੱਖ ਸਕਣ। ਇਸ ਮੌਕੇ ਡੇਰਾਬੱਸੀ ਦੇ ਡੀ ਐਸ ਪੀ ਬਿਕਰਮਜੀਤ ਸਿੰਘ ਬਰਾੜ ਦਾ ਜਨਮ ਦਿਨ ਵੀ ਨਸ਼ਿਆਂ ਤੋਂ ਦੂਰ ਰਹਿਣ ਦੇ ਸੰਦੇਸ਼ ਨਾਲ ਮਨਾਇਆ ਗਿਆ।
ਪਿੰਡ ਬਰੋਲੀ ਵਿਖੇ ਨਸ਼ਾ ਮੁਕਤੀ ਯਾਤਰਾ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਕਰਵਾਇਆ ਗਿਆ। ਵਿਧਾਇਕ ਵੱਲੋਂ ਪਿੰਡ ਵਿੱਚ ਬਣ ਰਹੇ ਖੇਡ ਮੈਦਾਨ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ, ਨਾਲ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਖੇਡ ਮੈਦਾਨ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਪਿੰਡ ਦੇ ਨੌਜਵਾਨਾਂ ਨੂੰ ਸੌਂਪਣ ਲਈ ਹਦਾਇਤ ਕੀਤੀ ਗਈ।
ਜਦੋਂ ਇਹ ਯਾਤਰਾ ਆਪਣੇ ਅੱਜ ਦੇ ਅਖੀਰਲੇ ਪੜਾਅ ਪਿੰਡ ਅਮਲਾਲਾ ਵਿਖੇ ਪੁੱਜੀ ਤਾਂ ਪਿੰਡ ਦੇ ਲੋਕਾਂ ਖਾਸ ਕਰ ਮਹਿਲਾਵਾਂ ਵੱਲੋਂ ਲੰਘੀ 28 ਅਪ੍ਰੈਲ ਨੂੰ ਨਸ਼ਾ ਤਸਕਰਾਂ ਨਾਲ ਜੁੜੀਆਂ ਨਜਾਇਜ਼ ਉਸਰੀਆਂ ਨੂੰ ਢਾਹੇ ਜਾਣ ਦੀ ਮਿਸਾਲੀ ਕਾਰਵਾਈ ਵਾਸਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਲੋਕਾਂ ਦਾ ਕਹਿਣਾ ਸੀ ਕਿ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਅਜਿਹੀਆਂ ਸਖਤ ਕਾਰਵਾਈਆਂ ਦਾ ਹੋਣਾ ਲਾਜ਼ਮੀ ਹੈ ਤਾਂ ਜੋ ਸਮਾਜ ਵਿੱਚ ਇਹ ਡਰ ਪੈਦਾ ਹੋ ਸਕੇ ਕਿ ਨਸ਼ਾ ਵੇਚਣ ਵਾਲੇ ਲੋਕ ਕਦੇ ਵੀ ਬਖਸ਼ੇ ਨਹੀਂ ਜਾਣਗੇ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪਿੰਡ ਦੇ ਖੇਡ ਮੈਦਾਨ ਦਾ ਵੀ ਦੌਰਾ ਕੀਤਾ ਗਿਆ ਅਤੇ ਉਥੇ ਮੌਜੂਦ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਫੀਡਬੈਕ ਲਿਆ ਗਿਆ ਅਤੇ ਉਹਨਾਂ ਪਾਸੋਂ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਲਈ ਪੂਰਨ ਸਹਿਯੋਗ ਦੀ ਮੰਗ ਕੀਤੀ ਗਈ।
ਇਸ ਮੌਕੇ ਡੇਰਾਬੱਸੀ ਦੇ ਐਸ ਡੀ ਐਮ ਅਮਿਤ ਗੁਪਤਾ ਡੀ ਐਸ ਪੀ ਬਿਕਰਮਜੀਤ ਸਿੰਘ ਬਰਾੜ, ਐਸ ਐਚ ਓ ਸੁਮੀਤ ਮੋਰ ਐਸ ਐਮ ਓ ਡਾਕਟਰ ਧਰਮਿੰਦਰ ਸਿੰਘ, "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਹਲਕਾ ਡੇਰਾਬੱਸੀ ਦੇ ਕੋਆਰਡੀਨੇਟਰ ਸੁਮਿਤ ਰਾਣਾ, ਪਿੰਡ ਕਾਰਕੋਰ ਦੇ ਸਰਪੰਚ ਜਸਦੀਪ ਸਿੰਘ, ਪਿੰਡ ਬਰੋਲੀ ਦੇ ਸਰਪੰਚ ਹਰਵਿੰਦਰ ਸਿੰਘ ਅਤੇ ਪਿੰਡ ਅਮਲਾਲਾ ਦੇ ਸਰਪੰਚ ਨਰਿੰਦਰ ਸਿੰਘ, ਸਮੂਹ ਪੰਚ, ਇਨ੍ਹਾਂ ਪਿੰਡਾਂ ਦੇ ਜਾਗਰੂਕ ਲੋਕ ਅਤੇ ਨੌਜਵਾਨ ਮੌਜੂਦ ਸਨ।