ਗਲੀਆਂ ਵਿੱਚ ਖੜੇ ਗੰਦੇ ਪਾਣੀ ਤੇ ਜੰਮ ਗਈ ਕਾਈ, ਕਿੱਦਾਂ ਗੁਜ਼ਰਦੇ ਗੰਦੇ ਪਾਣੀ ਵਿੱਚੋਂ ਸਕੂਲੀ ਬੱਚੇ
ਪੰਚਾਇਤ ਵਿੱਚ ਦੋ ਧੜੇ ਬਨਣ ਕਾਰਨ ਰੁਕੇ ਵਿਕਾਸ ਕਾਰਜ
ਗੁਰਦਾਸਪੁਰ , 17 ਮਈ 2025 : ਦੇ ਕਾਹਨੂੰਵਾਨ ਬਲਾਕ ਦੇ ਪਿੰਡ ਕਾਲਾ ਬਾਲਾ ਦੇ ਲੋਕ ਨਰਕ ਤੋਂ ਵੀ ਬਦਤਰ ਜ਼ਿੰਦਗੀ ਜੀ ਰਹੇ ਹਨ। ਅਰਸੇ ਤੋਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ । ਪਿੰਡ ਵਿੱਚ ਚਾਰ ਚਾਰ ਛੱਪੜ ਹੋਣ ਦੇ ਬਾਵਜੂਦ ਨਿਕਾਸੀ ਦਾ ਪਾਣੀ ਗਲੀਆਂ ਵਿੱਚ ਖੜਾ ਹੈ ਤੇ ਲੰਬੇ ਸਮੇਂ ਤੋਂ ਪਾਣੀ ਖੜੇ ਰਹਿਣ ਕਰਨ ਇਸ ਤੇ ਕਾਈ ਜੰਮ ਗਈ ਹੈ । ਪਾਣੀ ਬਦਬੂ ਵੀ ਮਾਰਦਾ ਹੈ ਤੇ ਕਈ ਤਰ੍ਹਾਂ ਦੇ ਕੀੜੇ ਵੀ ਇੱਥੇ ਪੈਦਾ ਹੋ ਰਹੇ ਹਨ। ਬਾਵਜੂਦ ਇਸਦੇ ਲੋਕ ਆਪਣੇ ਘਰਾਂ ਨੂੰ ਜਾਣ ਲਈ ਇਸ ਗੰਦੇ ਪਾਣੀ ਵਿੱਚੋਂ ਹੀ ਗੁਜਰਣ ਲਈ ਮਜਬੂਰ ਹਨ।
ਸਮੱਸਿਆ ਦਾ ਮੁੱਖ ਕਾਰਨ ਪਿੰਡ ਦੇ ਛੱਪੜ ਹੀ ਹਨ ਜੋ ਅਕਸਰ ਭਰੇ ਰਹਿੰਦੇ ਹਨ ਪਰ ਸਫਾਈ ਨਾ ਹੋਣ ਕਾਰਨ ਗਲੀਆਂ ਦੀਆਂ ਨਾਲੀਆਂ ਦੀ ਨਿਕਾਸੀ ਛੱਪੜ ਵਿੱਚ ਨਹੀਂ ਹੋ ਪਾਂਦੀ । ਕਈ ਵਾਰ ਇਹਨਾਂ ਛੱਪੜਾ ਦੇ ਸਫਾਈ ਵੀ ਕਰਵਾਈ ਜਾਂਦੀ ਹੈ ਪਰ ਥੋੜੇ ਦਿਨ ਬਾਅਦ ਮੁੜ ਤੋਂ ਇਹ ਭਰ ਜਾਂਦੇ ਹਨ ਅਤੇ ਪਰਨਾਲਾ ਮੁੜ ਤੋਂ ਜਿਉਂ ਦਾ ਤਿਉਂ ਹੋ ਜਾਂਦਾ ਹੈ।
ਦੂਜੇ ਪਾਸੇ ਗੱਲ ਤੇ ਗਲੀਆਂ ਵਿੱਚ ਖੜੇ ਗੰਦੇ ਪਾਣੀ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਦੀ ਕਰੀਏ ਤਾਂ ਕਈ ਵਾਰ ਲੋਕਾਂ ਦੇ ਘਰਾਂ ਵਿੱਚ ਜਹਰੀਲੇ ਕੀੜੇ ਮਕੌੜੇ ਵੜ ਜਾਂਦੇ ਹਨ । ਧਰਤੀ ਹੇਠਲਾ ਪਾਣੀ ਵੀ ਗੰਦਾ ਹੋ ਚੁੱਕਿਆ ਹੈ ਤੇ ਮੋਟਰਾਂ, ਨਲਕਿਆਂ ਵਿੱਚੋਂ ਵੀ ਕਈ ਵਾਰ ਬਦਬੂਦਾਰ ਗੰਦਾ ਪਾਣੀ ਨਿਕਲਦਾ ਹੈ ।ਇੱਕ ਪ੍ਰਾਈਮਰੀ ਸਕੂਲ ਜੋ ਪਿੰਡ ਵਿੱਚ ਹੈ ਉਸ ਵਿੱਚ ਪੜਨ ਵਾਲੇ ਛੋਟੇ ਛੋਟੇ ਬੱਚੇ ਗੰਦੇ ਪਾਣੀ ਵਿੱਚ ਰੱਖੀਆ ਇੱਟਾਂ ਤੋਂ ਬਚ ਬਚ ਕੇ ਨਿਕਲ ਕੇ ਆਪਣੇ ਘਰਾਂ ਨੂੰ ਪਹੁੰਚਦੇ ਹਨ ਜਦਕਿ ਬਾਹਰ ਦੂਜੇ ਕਸਬਿਆਂ ਵਿੱਚ ਪੜ੍ਨ ਵਾਲੇ ਸਕੂਲੀ ਬੱਚੇ ਵੀ ਆਪਣੀਆਂ ਵਰਦੀਆਂ ਨੂੰ ਬਚਾਉਂਦੇ ਬਚਾਉਂਦੇ ਸਵੇਰੇ ਇਸ ਪਾਣੀ ਵਿੱਚੋਂ ਨਿਕਲ ਕੇ ਸਕੂਲ ਜਾਂਦੇ ਹਨ ਤੇ ਸ਼ਾਮ ਨੂੰ ਬਸ ਤੋ ਉਤਰ ਕੇ ਇਸੇ ਪਾਣੀ ਵਿੱਚੋਂ ਗੁਜਰ ਕੇ ਘਰਾਂ ਨੂੰ ਜਾਂਦੇ ਹਨ ।
ਪਿੰਡ ਵਾਸੀਆਂ ਤੇ ਪਿੰਡ ਦੇ ਸਰਪੰਚਣੀ ਕਮਲਜੀਤ ਕੌਰ ਅਨੁਸਾਰ ਨਿਕਾਸੀ ਦਾ ਸਥਾਈ ਹੱਲ ਇਹ ਹੈ ਕਿ ਛੱਪੜਾਂ ਤੇ ਸਥਾਈ ਮੋਟਰਾਂ ਲਗਾਈਆਂ ਜਾਣ ਜੋ ਛੱਪੜ ਭਰਦੇ ਸੀ ਉਸ ਦਾ ਪਾਣੀ ਬਾਹਰ ਕੱਢ ਸਕਣ ਪਰ ਸਰਪੰਚਣੀ ਕਮਲਜੀਤ ਕੌਰ ਤਾਂ ਪੰਚਾਇਤ ਦੇ ਖਾਤੇ ਵਿੱਚ ਪਏ ਪੈਸੇ ਕਢਵਾ ਕੇ ਕੰਮ ਕਰਵਾਉਣ ਨੂੰ ਤਿਆਰ ਹਨ ,ਬਾਕੀ ਪੰਚ ਨਹੀਂ ਮੰਨਦੇ। ਸਰਪੰਚ ਨੇ ਦਾ ਕਹਿਣਾ ਹੈ ਕਿ ਪੰਚਾਇਤ ਵਿੱਚ ਦੋ ਧੜੇ ਬਣ ਗਏ ਹਨ ਤੇ ਉਹਨਾਂ ਨਾਲ ਸਿਰਫ ਇੱਕ ਪੰਚ ਹੀ ਹੈ। ਸੱਤ ਮੈਂਬਰੀ ਪੰਚਾਇਤ ਵਿੱਚ ਬਾਕੀ ਸਾਰੇ ਮੈਂਬਰ ਦੂਜੇ ਧੜੇ ਨਾਲ ਰਲ ਗਏ ਹਨ। ਇਸ ਲਈ ਕੰਮ ਵਿੱਚ ਰੋੜਾ ਅਟਕਾ ਰਹੇ ਹਨ ਅਤੇ ਪ੍ਰਬੰਧਕ ਲਗਾ ਕੇ ਕੰਮ ਕਰਵਾਉਣ ਦੀ ਗੱਲ ਕਹਿ ਰਹੇ ਹਨ ।