ਖੰਨਾ ਦੀ ਫੈਕਟਰੀ 'ਚ ਵਾਪਰਿਆ ਦਰਦਨਾਕ ਹਾਦਸਾ: ਮਸ਼ੀਨ 'ਚ ਦੁਪੱਟਾ ਫਸਣ ਨਾਲ ਮਹਿਲਾ ਮਜ਼ਦੂਰ ਦੀ ਮੌਤ
Ravinder Singh
ਖੰਨਾ, 13 ਸਤੰਬਰ, 2026: ਖੰਨਾ ਦੇ ਰਸੂਲੜਾ-ਬਘੌਰ ਰੋਡ 'ਤੇ ਸਥਿਤ ਇੱਕ ਕਬਜ਼ਾ ਫੈਕਟਰੀ ਵਿੱਚ ਕੰਮ ਦੌਰਾਨ ਇੱਕ ਬਜ਼ੁਰਗ ਮਹਿਲਾ ਮਜ਼ਦੂਰ ਦੀ ਮਸ਼ੀਨ ਦੀ ਲਪੇਟ ਵਿੱਚ ਆਉਣ ਕਾਰਨ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਪਰਮਜੀਤ ਕੌਰ ਵਜੋਂ ਹੋਈ ਹੈ, ਜੋ ਨੇੜਲੇ ਪਿੰਡ ਇਕੋਲਾਹਾ ਦੀ ਰਹਿਣ ਵਾਲੀ ਸੀ।
ਜਾਣਕਾਰੀ ਅਨੁਸਾਰ ਫੈਕਟਰੀ 'ਚ ਕੰਮ ਕਰਦੇ ਸਮੇਂ ਪਰਮਜੀਤ ਕੌਰ ਦਾ ਦੁਪੱਟਾ ਅਚਾਨਕ ਮਸ਼ੀਨ ਵਿੱਚ ਫਸ ਗਿਆ, ਜਿਸ ਕਾਰਨ ਉਹ ਮਸ਼ੀਨ ਦੀ ਚਪੇਟ 'ਚ ਆ ਗਈ। ਇਸ ਹਾਦਸੇ ਵਿੱਚ ਮਹਿਲਾ ਦੇ ਸਿਰ ਦਾ ਕਾਫ਼ੀ ਹਿੱਸਾ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਫੈਕਟਰੀ ਵਿੱਚ ਅਫ਼ਰਾ-ਤਫ਼ਰੀ ਮਚ ਗਈ। ਮਹਿਲਾ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾ ਦੇ ਪੁੱਤਰ ਅਤੇ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਪਰਮਜੀਤ ਕੌਰ ਫੈਕਟਰੀ 'ਚ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਸੀ। ਇਸ ਅਚਾਨਕ ਹੋਏ ਹਾਦਸੇ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਫੈਕਟਰੀ ਮਾਲਕਾਂ ਨੂੰ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ।
ਓਧਰ, ਥਾਣਾ ਸਦਰ ਦੇ ਐਸ.ਐਚ.ਓ. ਵਿਜੇਪਾਲ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਸੀ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
- Download Babushahi App
-
-