ਕੇਸ ਬਰੀ ਵੀ, ਸਜ਼ਾ ਵੀ! ਪੜ੍ਹੋ ਮੋਗਾ ਅਦਾਲਤ ਵੱਲੋਂ ਸੁਣਾਏ ਫ਼ੈਸਲੇ ਦਾ ਪੂਰਾ ਵੇਰਵਾ
ਮੋਗਾ 8 ਅਕਤੂਬਰ 2025 : ਮੋਗਾ ਦੇ ਵਧੀਕ ਸੈਸ਼ਨਜ਼ ਜੱਜ ਬਿਸ਼ਨ ਸਰੂਪ ਵੱਲੋਂ ਠਾਣਾ ਮਹਿਣਾ ਵਿੱਚ 6 ਜਨਵਰੀ 2022 ਵਿੱਚ ਦਰਜ ਕੇਸ ਅਧੀਨ ਧਾਰਾ 307, 216, 120ਬੀ ਆਈਪੀਸੀ, 25, 25(6), 25(7) ਅਸਲਾ ਐਕਟ, 3/4/5 ਐਕਸਪਲੋਸਿਵ ਐਕਟ ਤੇ 10,11,13,16,17,18,20 ਯੂਏਪੀਏ ਵਿੱਚੋ ਤਿੰਨ ਨੌਜਵਾਨਾਂ ਗੁਰਪ੍ਰੀਤ ਸਿੰਘ (ਹਿਰਾਸਤ ਚ, ਸਿਰਫ 25 ਅਸਲਾ ਐਕਟ ਅਧੀਨ), ਬਲਜੀਤ ਸਿੰਘ (ਜਮਾਨਤ ਤੇ, ਸਿਰਫ਼ 5 ਐਕਸਪਲੋਸਿਵ ਐਕਟ ਅਧੀਨ) ਤੇ ਵਰਿੰਦਰ ਸਿੰਘ (ਜਮਾਨਤ ਤੇ, ਸਿਰਫ 25 ਅਸਲਾ ਐਕਟ ਅਧੀਨ) ਨੂੰ 3-3 ਸਾਲ ਦੀ ਸਜ਼ਾ (ਸਾਢੇ ਤਿੰਨ ਸਾਲ ਤੋਂ ਵੱਧ ਕੱਟੀ ਹੋਈ ਹੈ) ਤੇ 2000/- ਜੁਰਮਾਨੇ ਦੀ ਸਜ਼ਾ ਸੁਣਾਈ ਤੇ ਬਾਕੀ ਸਾਰੀਆਂ ਧਾਰਾਵਾਂ ਵਿਚੋਂ ਬਰੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਤੇ ਵਰਿੰਦਰ ਸਿੰਘ ਨੂੰ 6 ਜਨਵਰੀ 2022 ਨੂੰ ਥਾਣਾ ਮਹਿਣਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਤਿੰਨ ਨੌਜਵਾਨਾਂ ਤੋਂ ਇਲਾਵਾ ਇਸ ਕੇਸ ਵਿਚ ਪੁਲਸ ਵਲੋਂ ਅਰਸ਼ਦੀਪ ਸਿੰਘ ਅਰਸ਼ (ਜ਼ਮਾਨਤ ਤੇ) ਅਮਨਦੀਪ ਕੁਮਾਰ ਮੰਤਰੀ, ਸਾਗਰ ਬੱਬੂ ਤੇ ਸੁਨੀਲ ਭਲਵਾਨ (ਹਿਰਾਸਤ ਚ) ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਇਹਨਾ 4 ਨੌਜਵਾਨਾਂ ਨੂੰ ਅਦਾਲਤ ਨੇ ਸਾਰੀਆਂ ਧਾਰਾਵਾਂ ਵਿੱਚੋਂ ਬਰੀ ਕਰਨ ਦਾ ਹੁਕਮ ਸੁਣਾਇਆ।
ਇਹਨਾਂ 7 ਨੌਜਵਾਨਾਂ ਤੋਂ ਇਲਾਵਾ ਇਸ ਕੇਸ ਵਿੱਚ ਅਰਸ਼ਦੀਪ ਸਿੰਘ ਅਰਸ਼ ਡਾਲਾ ਤੇ ਭਾਈ ਲਖਬੀਰ ਸਿੰਘ ਰੋਡੇ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਬਲਜੀਤ ਸਿੰਘ ਤੇ ਵਰਿੰਦਰ ਸਿੰਘ ਨੂੰ ਇਸ ਕੇਸ ਵਿੱਚੋਂ ਇਸੇ ਅਦਾਲਤ ਨੇ 14 ਅਗਸਤ 2025 ਨੂੰ ਜ਼ਮਾਨਤ ਦੇ ਦਿੱਤੀ ਸੀ ਤੇ ਅਰਸ਼ਦੀਪ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 15 ਮਈ 2025 ਨੂੰ ਜ਼ਮਾਨਤ ਦੇ ਦਿੱਤੀ ਸੀ ਤੇ ਬਾਕੀ ਨੌਜਵਾਨ ਅਜੇ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਤੇ ਅੱਜ ਦੇ ਫ਼ੈਸਲੇ ਤੋਂ ਬਾਦ ਕਿਸੇ ਹੋਰ ਕੇਸ ਵਿੱਚ ਨਜ਼ਰਬੰਦ ਨਾ ਹੋਣ ਦੀ ਸੂਰਤ ਵਿੱਚ ਰਿਹਾਅ ਹੋ ਜਾਣਗੇ। ਇਹ ਜਾਣਕਾਰੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ।