ਉੱਤਰੀ ਜੋਨ ਦੀ ਦੇਹਰਾਦੂਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਚਮਕੇ ਦਿਵਾਨਾ ਗਰਾਊਂਡ ਦੇ ਦੋ ਖਿਡਾਰੀ
-ਦਿਲਪ੍ਰੀਤ ਨੇ ਅੜਿੱਕਾ ਦੌੜ 'ਚ ਸਿਲਵਰ ਤੇ ਅੰਮ੍ਰਿਤਪਾਲ ਨੇ ਉੱਚੀ ਛਾਲ ' ਚ ਕਾਂਸੀ ਦਾ ਮੈਡਲ ਜਿੱਤਿਆ
ਅਸ਼ੋਕ ਵਰਮਾ
ਬਠਿੰਡਾ, 17 ਸਤੰਬਰ 2026 :ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਉਤਰਾਖੰਡ ਦੇ ਸ਼ਹਿਰ ਦੇਹਰਾਦੂਨ ਦੇ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਰਾਏਪੁਰ ਵਿਖੇ
14 ਤੋਂ 16 ਸਤੰਬਰ ਤੱਕ ਕਰਵਾਈ ਗਈ 9 ਰਾਜਾਂ ਦੇ ਚੁਣੇ ਖਿਡਾਰੀਆਂ ਦੀ ਉੱਤਰੀ ਜੋਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ-2026 ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੇ ਖਿਡਾਰੀਆਂ ਵਿਚੋਂ ਬਰਨਾਲਾ ਜ਼ਿਲ੍ਹੇ ਦੇ ਹਾਸ਼ੀਏ 'ਤੇ ਵਸੇ ਪਿੰਡ ਦਿਵਾਨਾ ਗਰਾਊਂਡ ਦੇ ਅੰਮ੍ਰਿਤਪਾਲ ਸਿੰਘ ਅਤੇ ਦਿਲਪ੍ਰੀਤ ਨੇ ਮੋਹਰੀ ਸਥਾਨ ਹਾਸਿਲ ਕਰਕੇ ਨਾ ਸਿਰਫ਼ ਮਾਪਿਆਂ ਜਾਂ ਪਿੰਡ ਦਾ ਬਲਕਿ ਜ਼ਿਲ੍ਹਾ ਬਰਨਾਲਾ ਤੇ ਸੂਬੇ ਦਾ ਨਾਂ ਵੀ ਰੌਸ਼ਨ ਕੀਤਾ। ਗਰਾਉਂਡ ਪ੍ਰਬੰਧਕੀ ਟੀਮ ਮੈਂਬਰ ਵਰਿੰਦਰ ਦਿਵਾਨਾ, ਜਗਸੀਰ ਵੜਿੰਗ, ਗੁਰਪ੍ਰੀਤ ਢਿੱਲੋਂ, ਰੂਪ ਸਿੰਘ, ਪਰਸ਼ੋਤਮ ਸਿੰਘ, ਹਰਦੀਪ ਢਿੱਲੋਂ ਤੇ ਸਰਪੰਚ ਰਣਧੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਨੇ ਅੰਡਰ 16 ਵਰਗ 'ਚ ਅੜਿੱਕਾ ਦੌੜ ਵਿੱਚ ਸਿਲਵਰ ਮੈਡਲ ਤੇ ਅੰਮ੍ਰਿਤਪਾਲ ਸਿੰਘ ਨੇ ਅੰਡਰ 18ਵਰਗ ਲੰਮੀ ਛਾਲ (long jump) ਮੁਕਾਬਲੇ 'ਚ ਤੀਜਾ ਸਥਾਨ ਹਾਸਲ ਕਰਕੇ ਬਰੌਂਜ਼ ਮੈਡਲ ਜਿੱਤਣ 'ਚ ਸਫ਼ਲ ਰਿਹਾ।
ਸਰਪੰਚ ਤੇ ਗਰਾਉਂਡ ਪ੍ਰਬੰਧਕੀ ਟੀਮ ਨੇ ਜੇਤੂ ਖਿਡਾਰੀਆਂ, ਮਾਪਿਆਂ ਤੇ ਕੋਚ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਲਾਕੇ ਦੇ ਹੋਰ ਨੌਜਵਾਨਾਂ/ਖਿਡਾਰੀਆਂ ਲਈ ਪ੍ਰੇਰਨਾਸਰੋਤ ਬਣੇ ਹਨ ਇਹ ਉੱਦਮੀ ਖਿਡਾਰੀ।
ਉਨ੍ਹਾਂ ਇੱਕ ਸ਼ਹਿਰੋਂ ਦੁਰੇਡੇ ਪਿੰਡ ਵਿੱਚ ਗਰਾਊਂਡ ਵਿਵਸਥਾ ਸਥਾਪਤੀ 'ਚ ਸਹਿਯੋਗੀ ਐੱਨ ਆਰ ਆਈ ਭਰਾਵਾਂ ਤੇ ਸਥਾਨਕ ਵਾਸੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਜਿਸ ਸਦਕਾ ਅਜਿਹਾ ਸੰਭਵ ਹੋ ਸਕਿਆ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚੋਂ U-16, 80 ਮੀਟਰ ਹਰਡਲ ਦੌੜ 'ਚੋਂ ਦਿਲਪ੍ਰੀਤ ਸਿੰਘ ਨੇ ਪਹਿਲਾ ਅਤੇ ਰੋਹਿਨਵੀਰ ਸਿੰਘ ਨੇ ਤੀਜਾ ਅਤੇ ਅੰਮ੍ਰਿਤਪਾਲ ਨੇ ਅੰਡਰ 18ਵਰਗ ਲੌਂਗ ਜੰਪ 'ਚੋਂ ਪਹਿਲ ਸਥਾਨ ਹਾਸਿਲ ਕਰਕੇ ਮੱਲਾਂ ਮਾਰੀਆਂ ਸਨ। ਵਰਿੰਦਰ ਦਿਵਾਨਾ ਨੇ ਦੱਸਿਆ ਕਿ ਪਿੰਡ ਦਿਵਾਨਾ ਵਿੱਚ ਪਿਛਲੇ 6 ਸਾਲ ਤੋਂ ਗ੍ਰਾਮ ਪੰਚਾਇਤ ਦਿਵਾਨਾ, NRI ਵੀਰਾਂ ਅਤੇ ਪਿੰਡ ਇਲਾਕੇ ਦੇ ਸਹਿਯੋਗੀ ਸੱਜਣਾਂ ਦੀ ਮੱਦਦ ਨਾਲ ਅਥਲੈਟਿਕਸ ਦਾ ਗਰਾਊਂਡ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਕੋਚ ਬਲਕਾਰ ਸਿੰਘ ਬਹੁਤ ਮਿਹਨਤ ਕਰਵਾ ਰਹੇ ਹਨ। ਇਸ ਖੇਡ ਮਾਹੌਲ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪਿਛਲੇ ਸਾਲ ਪਿੰਡ ਲਈ ਖੇਡ ਨਰਸਰੀ ਦਿੱਤੀ ਹੈ। ਖੇਡ ਨਰਸਰੀ ਤਹਿਤ ਹਾਲੇ ਤੱਕ ਖਿਡਾਰੀਆਂ ਨੂੰ ਕੋਈ ਖ਼ੁਰਾਕ ਅਤੇ ਖੇਡ ਉਪਕਰਣ ਨਹੀਂ ਦਿੱਤੇ ਗਏ। ਸਰਕਾਰੀ ਕੋਚ ਮੁਖਤਿਆਰ ਸਿੰਘ ਪਿਛਲੇ 1 ਸਾਲ ਤੋਂ ਖਿਡਾਰੀਆਂ ਨੂੰ ਮਿਹਨਤ ਨਾਲ ਸ਼ਾਟ ਪੁੱਟ ਦੀ ਤਿਆਰੀ ਕਰਵਾ ਰਹੇ ਹਨ।
- Download Babushahi App
-
-