ਇੱਕ ਹੋਰ ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਤੇ ਚਲਿਆ ਪੀਲਾ ਪੰਜਾ
ਇੱਕ ਨੂੰ ਸਮਾਂ ਦੇ ਕੇ ਛੱਡਿਆ
ਮਾਮਲੇ ਵਿੱਚ ਵਾਟਰ ਰਿਸੋਰਸਸ ਵਿਭਾਗ ਵੱਲੋਂ ਖਾਨਾਪੁਰਤੀ ਕਰਨ ਦੀ ਹੋ ਰਹੀ ਚਰਚਾ
ਰੋਹਿਤ ਗੁਪਤਾ
ਗੁਰਦਾਸਪੁਰ 20 ਦਸੰਬਰ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਦੇ ਨਸ਼ੇ ਲਈ ਬਦਨਾਮ ਇਲਾਕੇ ਡੀਡਾ ਸਾਂਸੀਆਂ ਵਿੱਚ ਇੱਕ ਹੋਰ ਨਸ਼ਾ ਤਸਕਰ ਦੇ ਘਰ ਤੇ ਪੁਲਿਸ ਦਾ ਪੀਲਾ ਪੰਜਾ ਚਲਿਆ ਹੈ। ਜਾਣਕਾਰੀ ਅਨੁਸਾਰ ਹਰੀਸ਼ ਕੁਮਾਰ ਪੁੱਤਰ ਤਾਰਾ ਚੰਦ ਅਤੇ ਉਸ ਦਾ ਭਰਾ ਵਿਜੇ ਕੁਮਾਰ ਨਸ਼ਾ ਤਸਕਰੀ ਵਿੱਚ ਲਿਪਤ ਹਨ ਤੇ ਉਹਨਾਂ ਤੇ 11 ਮੁਕਦਮੇ ਨਸ਼ਾ ਤਸਕਰੀ ਦੇ ਚੱਲ ਰਹੇ ਹਨ । ਉਹਨਾਂ ਵੱਲੋਂ ਵਾਟਰ ਰਿਸੋਰਸਿਸ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਵੀ ਕੀਤਾ ਗਿਆ ਹੈ। ਇਸ ਨਜਾਇਜ਼ ਉਸਾਰੀ ਨੂੰ ਅੱਜ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਢਾਹ ਦਿੱਤਾ ਗਿਆ ਹੈ। ਉੱਥੇ ਹੀ ਇਸੇ ਪਿੰਡ ਦੇ ਇੱਕ ਹੋਰ ਨਸ਼ਾ ਤਸਕਰ ਦੇ ਵਾਟਰ ਰਿਸੋਰਸਿਸ ਦੀ ਜਮੀਨ ਤੇ ਬਣੇ ਨਜਾਇਜ਼ ਘਰ ਨੂੰ ਢਾਉਣ ਦੇ ਹੁਕਮ ਵੀ ਡਿਪਟੀ ਕਮਿਸ਼ਨਰ ਵਲੋਂ ਕੱਢੇ ਗਏ ਸਨ ਪਰ ਪਿੰਡ ਦੇ ਮੁਹਤਬਰ ਬੰਦਿਆ ਦੇ ਮਾਮਲੇ ਵਿੱਚ ਪੈਣ ਤੋਂ ਬਾਅਦ ਉਸ ਨੂੰ ਥੋੜਾ ਟਾਈਮ ਦੇ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦੇ ਘਰ ਫਰਵਰੀ ਮਹੀਨੇ ਵਿੱਚ ਲੜਕੀ ਦਾ ਵਿਆਹ ਸਮਾਗਮ ਹੈ ।
ਵਾਟਰ ਰਿਸੋਰਸਸ ਦੇ ਜੇ ਈ ਵਿਸ਼ਾਲ ਅੱਤਰੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਉਸ ਨੂੰ ਫਰਵਰੀ ਮਹੀਨੇ ਤੱਕ ਸਮਾਂ ਦਿੱਤਾ ਗਿਆ ਹੈ ਤੇ ਉਸ ਕੋਲੋਂ ਲਿਖਤੀ ਰੂਪ ਵਿੱਚ ਲੈ ਲਿਆ ਗਿਆ ਹੈ। ਉੱਥੇ ਹੀ ਡੀਐਸਪੀ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਲਗਾਤਾਰ ਨਸ਼ਾ ਤਸਕਰਾਂ ਦੀਆਂ ਨਜਾਇਜ਼ ਉਸਾਰੀਆਂ ਢਾਈਆਂ ਜਾ ਰਹੀਆਂ ਹਨ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਦੂਜੇ ਪਾਸੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਮਲੇ ਵਿੱਚ ਵਾਟਰ ਰਿਸੋਰਸਿਸ ਵਿਭਾਗ ਵੱਲੋਂ ਖਾਨਾ ਪੂਰਤੀ ਕਰਨ ਦੀ ਚਰਚਾ ਵੀ ਇਲਾਕੇ ਵਿੱਚ ਚੱਲ ਰਹੀ ਹੈ ਕਿਉਂਕਿ ਜੋ ਮਕਾਨ ਢਾਇਆ ਗਿਆ ਹੈ ਉਸ ਦੇ ਸਿਰਫ ਇੱਕ ਕਿਨਾਰੇ ਦੀ ਹਵੇਲੀ ਨੂੰ ਛੇੜਿਆ ਗਿਆ ਹੈ ਮਕਾਨ ਦੀ ਉਸਾਰੀ ਨਹੀਂ ਢਾਈ ਗਈ ਜਦਕਿ ਵਿਭਾਗ ਨੂੰ ਪੂਰੀ ਪੁਲਿਸ ਸੁਰੱਖਿਆ ਦਿੱਤੀ ਗਈ । ਜਾਣਕਾਰੀ ਮਿਲੀ ਹੈ ਕਿ ਜਿਸ ਦਾ ਕਾਰਨ ਨਹੀਂ ਢਾਇਆ ਗਿਆ ਉਹ ਸਾਬਕਾ ਸਰਪੰਚ ਹੈ।
ਜਦੋਂ ਇਸ ਬਾਰੇ ਵਾਟਰ ਰਿਸੋਰਸਿਸ ਵਿਭਾਗ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਅਤੇ ਐਸਡੀਓ ਮੋਹਿਤ ਕੋਲੋਂ ਪੁੱਛਿਆ ਗਿਆ ਕਿ ਕਿਉਂ ਮਾਮਲੇ ਵਿੱਚ ਮਹਿਜ਼ ਖਾਨਾ ਪੂਰਤੀ ਕੀਤੀ ਗਈ , ਨਸ਼ਾ ਤਸਕਰਾਂ ਵੱਲੋਂ ਉਹ ਸਾਰੇ ਗਿਆ ਨਜਾਇਜ਼ ਮਕਾਨ ਢਾਇਆ ਕਿਉਂ ਨਹੀਂ ਗਿਆ ਤਾਂ ਉਹਨਾਂ ਨੇ ਕਿਹਾ ਕਿ ਕੋਈ ਖਾਨਾ ਪੂਰਤੀ ਨਹੀਂ ਕੀਤੀ ਹੈ । ਬਾਰ-ਬਾਰ ਪੁੱਛੇ ਜਾਣ ਤੇ ਵੀ ਓਹੋ ਇਸ ਦਾ ਜਵਾਬ ਟਾਲਦੇ ਰਹੇ ।