ਇਕਬਾਲ ਸਿੰਘ ਝੂੰਦਾਂ ਆਪਣੇ ਸਿਆਸੀ ਸੋੜੇ ਹਿਤਾਂ ਲਈ ਪੰਥ ਅਤੇ ਪੰਜਾਬ ਨੂੰ ਗੁਮਰਾਹ ਕਰ ਰਿਹੈ- ਵਡਾਲਾ
ਚੰਡੀਗੜ੍ਹ-:22 ਜੁਲਾਈ 2026- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਛੱਡ ਕੇ ਨਿੱਜੀ ਵਿਅਕਤੀ ਵਿਸ਼ੇਸ਼ ਦੀ ਸਰਪ੍ਰਸਤੀ ਕਬੂਲਣੀ, ਸਿੱਖ ਸਿਧਾਂਤਾਂ ਦੀ ਘੋਰ ਉਲੰਘਣਾ ਹੈ। ਸ ਇਕਬਾਲ ਸਿੰਘ ਝੂੰਦਾਂ ਨੇ ਅਜਿਹਾ ਕਰਕੇ ਪੰਥ ਅਤੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂਆਂ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਸੁੱਚਾ ਸਿੰਘ ਛੋਟੇਪੁਰ ਗੋਬਿੰਦ ਸਿੰਘ ਲੌਂਗੋਵਾਲ ਗਗਨਜੀਤ ਸਿੰਘ ਬਰਨਾਲਾ ਕਰਨੈਲ ਸਿੰਘ ਪੀਰਮੁਹੰਮਦ ਗੁਰਜੀਤ ਸਿੰਘ ਤਲਵੰਡੀ ਜਗਜੀਤ ਸਿੰਘ ਕੋਹਲੀ ਆਦਿ ਨੇ ਲੁਬਾਣਾ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆ ਦੱਸਿਆ ਕਿ ਸਾਡੀ ਜਥੇਬੰਦੀ ਨੇ ਸ ਝੂੰਦਾਂ ਨੂੰ ਕਦੇ ਵੀ ਅਧਿਕਾਰਤ ਨਹੀਂ ਕੀਤਾ ਕਿ ਉਹ ਜਥੇਬੰਦੀ ਵੱਲੋਂ ਕਿਸੇ ਹੋਰ ਧੜੇ ਨਾਲ ਗਠਜੋੜ ਦਾ ਐਲਾਨ ਕਰੇ। ਇਸ ਲਈ ਅਜਿਹੇ ਗਠਜੋੜ ਦਾ ਐਲਾਨ ਕਰਕੇ ਉਹ ਪੰਥ ਅਤੇ ਪੰਜਾਬ ਨੂੰ ਗੁੰਮਰਾਹ ਕਰ ਰਿਹਾ ਹੈ। ਸ ਵਡਾਲਾ ਨੇ ਕਿਹਾ ਕਿ ਜੇ ਸ ਝੂੰਦਾਂ ਨੂੰ ਆਪਣੀ ਜਥੇਬੰਦੀ ਦੀਆਂ ਨੀਤੀਆਂ ਪਸੰਦ ਨਹੀਂ ਤਾਂ ਉਹ ਦੂਜੀ ਪਾਰਟੀ ਜੁਆਇਨ ਕਰਨ ਲਈ ਪੂਰੀ ਤਰਾਂ ਆਜਾਦ ਹਨ। ਪਰ ਬਿਨਾ ਕੋਈ ਨਵੀਂ ਪਾਰਟੀ ਬਣਾਏ ਉਹ ਇਕ ਰਾਜਨੀਤਕ ਧਿਰ ਨਾਲ ਗਠਜੋੜ ਦਾ ਐਲਾਨ ਕਰਕੇ ਆਪਣੇ ਆਪ ਨੂੰ ਅਤੇ ਉਸ ਧਿਰ ਨੂੰ ਧੋਖਾ ਦੇ ਰਹੇ ਹਨ। ਸ ਵਡਾਲਾ ਨੇ ਕਿਹਾ ਕਿ ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਿਆ ਦੀ ਰੌਸ਼ਨੀ ਵਿੱਚ ਪੁਨਰ-ਸੁਰਜੀਤ ਹੋਇਆ ਸ਼੍ਰੋਮਣੀ ਅਕਾਲੀ ਦਲ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਆਪਣੇ-ਆਪ ਆਪ ਨੂੰ ਸੰਗਠਿਤ ਕਰਕੇ ਪੰਥਕ ਸੰਘਰਸ਼ ਲਈ ਜਥੇਬੰਦ ਕਰ ਰਿਹਾ ਹੈ। ਪਰ ਉਸੇ ਹੁਕਮਨਾਮੇ ਅਨੁਸਾਰ ਬਣੀ ਭਰਤੀ ਕਮੇਟੀ ਦੇ ਮੈਂਬਰ ਆਪਣੇ ਸਿਆਸੀ ਮੁਫਾਦਾਂ ਲਈ ਨਵੇਂ ਟਿਕਾਣੇ ਲੱਭ ਰਹੇ ਹਨ ਅਤੇ ਇਹ ਵੀ ਦਾਅਵੇ ਕਰ ਰਹੇ ਹਨ ਕਿ ਸਾਡੀ ਕੋਈ ਨਿੱਜੀ ਲਾਲਸਾ ਨਹੀ ਹੈ। ਜੇ ਸਚਮੁੱਚ ਹੀ ਉਹਨਾਂ ਦੀ ਕੋਈ ਰਾਜਸੀ ਲਾਲਸਾ ਨਹੀਂ ਤਾਂ ਪੰਥਕ ਪਾਰਟੀ ਵਜੋਂ ਉਭਰੇ ਇਸ ਦਲ ਨੂੰ ਮਜਬੂਤ ਕਰਨ ਲਈ ਉਹਨਾਂ ਕੋਈ ਯੋਗਦਾਨ ਕਿਉਂ ਨਹੀਂ ਦਿੱਤਾ? ਇਹਨਾਂ ਨੇ ਆਪਣੇ ਜਿਲਿਆਂ ਵਿੱਚ ਕੋਈ ਸੰਗਠਨ ਤਾਂ ਕੀ ਤਿਆਰ ਕਰਨੇ ਸਨ, ਕੋਈ ਵਰਕਰ ਮੀਟਿੰਗ ਤੱਕ ਨਹੀਂ ਕਰਵਾਈ। ਫਿਰ ਹੁਣ ਜਦੋਂ ਝੂਠੀ ਇਲਜ਼ਾਮ ਬਾਜੀ ਕਰਕੇ ਜਥੇਬੰਦੀ ਤੋਂ ਕਿਨਾਰਾ ਕਰ ਰਹੇ ਹਨ ਤਾਂ ਕੀ ਇਹ ਉਹਨਾਂ ਪੰਦਰਾਂ ਲੱਖ ਲੋਕਾਂ ਨਾਲ ਸਿੱਧਾ ਧੋਖਾ ਨਹੀਂ, ਜਿੰਨਾਂ ਦੀ ਇਹਨਾਂ ਵੱਲੋਂ ਭਰਤੀ ਕਰਾਈ ਗਈ ਸੀ? ਕਹਾਵਤ ਹੈ ਕਿ "ਜਿਹੜੀ ਬੇੜੀ ਵਿੱਚ ਬੈਠੀਏ, ਉਸੇ ਦੀ ਖੈਰ ਮੰਗਣੀ ਚਾਹੀਦੀ ਹੈ" ਪਰ ਸ ਝੂੰਦਾਂ ਅਤੇ ਇਯਾਲੀ ਪੁਨਰ ਸੁਰਜੀਤ ਅਕਾਲੀ ਦਲ ਦੀ ਬੇੜੀ ਵਿੱਚ ਬੈਠ ਕੇ ਵੀ ਖੈਰ ਕਿਸੇ ਹੋਰ ਦੀ ਮੰਗਦੇ ਰਹੇ, ਅਤੇ ਇਹ ਵੀ ਚਾਹੁੰਦੇ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਕਿਸੇ ਹੋਰ ਦੀ ਅਗਵਾਈ ਕਬੂਲ ਕਰ ਲੈਣ। ਪਰ ਅਸੀਂ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਰਜਿਆ ਗਿਆ ਪਲੇਟਫਾਰਮ ਕਿਸੇ ਹੋਰ ਦੀ ਝੋਲੀ ਨਹੀਂ ਪੈਣ ਦੇਵਾਂਗੇ। ਸ ਵਡਾਲਾ ਨੇ ਸਪੱਸ਼ਟ ਕੀਤਾ ਕਿ ਸਾਡੀ ਜਥੇਬੰਦੀ ਪੰਥਕ ਏਕਤਾ ਦੀ ਪੂਰਨ ਹਾਮੀ ਹੈ, ਜਿਸ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਯਤਨਾ ਸਦਕਾ ਕਈ ਪੰਥਕ ਧਿਰਾਂ ਨਾਲ ਏਕਤਾ ਮੁਕੰਮਲ ਵੀ ਹੋ ਚੁੱਕੀ ਹੈ। ਪਰ ਏਕਤਾ ਦੀਆਂ ਦੁਹਾਈਆਂ ਦੇਣ ਵਾਲੇ ਇਹ ਲੋਕ ਹੁਣ ਤੱਕ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆ ਨਾਲ ਸਿਰਜੇ ਗਏ ਪੰਥਕ ਪਲੇਟਫਾਰਮ ਨੂੰ ਵੰਡਣ ਦੇ ਹੀ ਕੰਮ ਆਏ ਹਨ, ਸਾਰੇ ਪੰਥ ਨੂੰ ਇਕੱਠਾ ਕਰਨ ਦਾ ਇਹਨਾਂ ਦਾ ਇਕ ਵੀ ਯਤਨ ਸਾਹਮਣੇ ਨਹੀਂ ਆਇਆ। ਜਥੇਦਾਰ ਵਡਾਲਾ ਨੇ ਕਿਹਾ ਕਿ ਸਰਦਾਰ ਝੂੰਦਾ ਇਹ ਦੱਸਣ ਕਿ ਪਹਿਲਾ ਜਦੋ ਉਹ ਤਾਲਮੇਲ ਕਮੇਟੀ ਦੇ ਮੈਂਬਰ ਸੀ ਅਤੇ ਹੁਣ ਵੀ ਕਦੇ ਉਹਨਾਂ ਨੇ ਪੰਥਿਕ ਏਕਤਾ ਲਈ ਕੋਈ ਕੰਮ ਕੀਤਾ ਜਾਂ ਕਿਸੇ ਵੀ ਧਿਰ ਨਾਲ ਕੋਈ ਸੰਪਰਕ ਕੀਤਾ ਹੋਵੇ ਇਹ ਆਗੂ ਪੰਥਕ ਏਕਤਾ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਸਿਆਸੀ ਮੁਫ਼ਾਦਾ ਲਈ ਪਾਰਟੀ ਪਲਟਫਾਰਮ ਨੂੰ ਵਰਤਦੇ ਨਜ਼ਰ ਆਏ । ਵਾਰ ਵਾਰ ਪਾਰਟੀ ਆਗੂਆਂ ਨੂੰ ਪੰਥਕ ਏਕਤਾ ਦੇ ਨਾਂ ਤੇ ਗੁਮਰਾਹ ਕਰਕੇ ਅਪਣੀਆ ਮੀਟਿੰਗ ਚ ਬੁਲਾ ਕੇ ਆਪਣੇ ਹੀ ਆਗੂਆਂ ਦੇ ਖ਼ਿਲਾਫ਼ ਭੜਕਾਉਂਦੇ ਰਹੇ ।
ਸਰਦਾਰ ਝੂੰਡਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਈ ਵੀ ਸੁਹਿਰਦ ਯਤਨ ਕਰਨ ਦੀ ਬਜਾਇ ਸਿਰਫ ਵਾਰਿਸ ਪੰਜਾਬ ਦੇ ਬੁਲਾਰੇ ਹੀ ਬਣਦੇ ਰਹੇ ।ਅੱਜ ਦੀ ਪ੍ਰੈੱਸ ਕਾਨਫਰੰਸ ਦੌਰਾਨ ਸ ਵਡਾਲਾ ਨੇ ਦਿੱਲੀ ਵਿੱਚ ਪੁਲਿਸ ਵੱਲੋਂ ਵਿਦਿਆਰਥੀਆਂ ਦੇ ਧਰਨੇ ਮੌਕੇ ਕੀਤੇ ਗਏ ਲਾਠੀਚਾਰਜ ਦੀ ਵੀ ਪੁਰਜੋਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੂੰ ਧਰਨਾਕਾਰੀਆਂ ਦੀ ਗੱਲ ਹਮਦਰਦੀ ਨਾਲ ਸੁਣਨੀ ਚਾਹੀਦੀ ਹੈ। ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਪ੍ਰੈਸ ਨੋਟ ਜਾਰੀ ਕਰਦਿਆ ਤਜਿੰਦਰ ਸਿੰਘ ਪੰਨੂ ਨੇ ਦਸਿਆ ਕਿ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸ ਵਡਾਲਾ ਤੋਂ ਇਲਾਵਾ ਸ ਸੁੱਚਾ ਸਿੰਘ ਛੋਟੇਪੁਰ, ਸ ਗੋਬਿੰਦ ਸਿੰਘ ਲੌਂਗੋਵਾਲ, ਸ ਗਗਨਦੀਪ ਸਿੰਘ ਬਰਨਾਲਾ, ਸ ਕਰਨੈਲ ਸਿੰਘ ਪੀਰਮੁਹੰਮਦ, ਸ ਦਵਿੰਦਰ ਸਿੰਘ ਸੋਢੀ, ਸ ਗੁਰਜੀਤ ਸਿੰਘ ਤਲਵੰਡੀ, ਬਾਬਾ ਹਰਦੀਪ ਸਿੰਘ, ਸ ਤੇਜਿੰਦਰ ਸਿੰਘ ਪੰਨੂੰ ਅਤੇ ਸ ਜਗਜੀਤ ਸਿੰਘ ਕੋਹਲੀ ਆਦਿ ਆਗੂ ਹਾਜ਼ਰ ਸਨ।
- Download Babushahi App
-
-