ਆਪ ਮੰਤਰੀਆਂ ਨੇ ਟਵਿੱਟਰ (ਐਕਸ) 'ਤੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਵੀ ਕੀਤਾ ਸਖਤ ਵਿਰੋਧ
- ਆਪ ਮੰਤਰੀਆਂ ਅਤੇ ਆਗੂਆਂ ਨੇ "ਪੰਜਾਬ ਦਾ ਪਾਣੀ ਪੰਜਾਬ ਦਾ ਹੱਕ" ਹੈਸ਼ਟੈਗ ਨਾਲ ਕੀਤੀ ਮੁਹਿੰਮ ਸ਼ੁਰੂ, ਲੋਕਾਂ ਨੂੰ ਵੀ ਵਿਰੋਧ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ, 1 ਮਈ 2025 - ਬੀਬੀਐਮਬੀ ਤੋਂ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦੇ ਫ਼ੈਸਲੇ ਦਾ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਟਵਿੱਟਰ (ਐਕਸ) 'ਤੇ ਭਾਰੀ ਵਿਰੋਧ ਕੀਤਾ ਹੈ। 'ਆਪ' ਮੰਤਰੀਆਂ ਅਤੇ ਨੇਤਾਵਾਂ ਨੇ ਆਪਣੇ ਐਕਸ ਅਕਾਊਂਟ 'ਤੇ "ਪੰਜਾਬ ਦਾ ਪਾਣੀ ਪੰਜਾਬ ਦਾ ਹੱਕ" ਹੈਸ਼ਟੈਗ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਅਤੇ ਆਮ ਲੋਕਾਂ ਨੂੰ ਵੀ ਵਿਰੋਧ ਕਰਨ ਦੀ ਅਪੀਲ ਕੀਤੀ।
ਕੁਲਦੀਪ ਧਾਲੀਵਾਲ - "ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਮਿਲ ਕੇ ਪੰਜਾਬ ਦੇ ਪਾਣੀ ਨੂੰ ਗੈਰ-ਕਾਨੂੰਨੀ ਢੰਗ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਉਨ੍ਹਾਂ ਦੀ ਪੰਜਾਬੀਆਂ ਨੂੰ ਪਿਆਸਾ ਬਣਾਉਣ ਦੀ ਸਾਜ਼ਿਸ਼ ਹੈ। ਆਓ ਪੰਜਾਬੀਓ, ਇਕੱਠੇ ਹੋ ਕੇ ਆਪਣੇ ਹੱਕੀ ਪਾਣੀ ਦੀ ਚੋਰੀ ਨੂੰ ਰੋਕੀਏ ਅਤੇ ਇਸ ਦਾ ਵਿਰੋਧ ਕਰੀਏ।"
ਬਲਜੀਤ ਕੌਰ - "ਅਸੀਂ ਪੰਜਾਬ ਦੇ ਹੱਕਾਂ 'ਤੇ ਕਿਸੇ ਵੀ ਹਮਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਕੇਂਦਰ ਸਰਕਾਰ ਅਤੇ ਭਾਜਪਾ ਵੱਲੋਂ ਬੀਬੀਐਮਬੀ ਰਾਹੀਂ ਪੰਜਾਬ ਦੇ ਪਾਣੀ ਨੂੰ ਜ਼ਬਰਦਸਤੀ ਲੁੱਟਣ ਦੀ ਸਾਜ਼ਿਸ਼ ਵਿਰੁੱਧ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।"
ਹਰਜੋਤ ਬੈਂਸ -"ਪੰਜਾਬ ਦਾ ਪਾਣੀ ਸਾਡੇ ਲੋਕਾਂ ਦੀ ਜੀਵਨ ਰੇਖਾ ਹੈ। ਇਸ ਲਈ ਪਾਣੀ ਦੀ ਇੱਕ ਵੀ ਬੂੰਦ ਨੂੰ ਗੈਰ-ਕਾਨੂੰਨੀ ਢੰਗ ਨਾਲ ਹਰਿਆਣਾ ਨਹੀਂ ਜਾਣ ਦਿੱਤਾ ਜਾਵੇਗਾ। ਅਸੀਂ ਆਪਣੇ ਪਾਣੀ ਦੀ ਹਰ ਬੂੰਦ ਦੀ ਰੱਖਿਆ ਕਰਾਂਗੇ। ਇਹ ਪੰਜਾਬ ਦੇ ਹੱਕਾਂ ਦੀ ਲੜਾਈ ਹੈ।"
ਹਰਭਜਨ ਸਿੰਘ ਈ.ਟੀ.ਓ. -"ਕੇਂਦਰ ਦੀ ਭਾਜਪਾ ਸਰਕਾਰ, ਜੋ ਲਗਾਤਾਰ ਪੰਜਾਬ ਨਾਲ ਵਿਤਕਰਾ ਅਤੇ ਪ੍ਰੇਸ਼ਾਨ ਕਰ ਰਹੀ ਹੈ, ਨੂੰ ਪੰਜਾਬੀਆਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ। ਅਸੀਂ ਬੀਬੀਐਮਬੀ ਦੀ ਦੁਰਵਰਤੋਂ ਅਤੇ ਹੋਰ ਕੇਂਦਰੀ ਸੰਸਥਾਵਾਂ ਵਾਂਗ ਪੰਜਾਬ ਦਾ ਪਾਣੀ ਹਰਿਆਣਾ ਨੂੰ ਜ਼ਬਰਦਸਤੀ ਦੇਣ ਵਿਰੁੱਧ ਡਟ ਕੇ ਲੜਾਂਗੇ ਅਤੇ ਇਸ ਤਾਨਾਸ਼ਾਹੀ ਫ਼ੈਸਲੇ ਦਾ ਸਖ਼ਤ ਵਿਰੋਧ ਕਰਾਂਗੇ।"
ਡਾ. ਰਵਜੋਤ -"ਪੰਜਾਬ ਉਹ ਸੂਬਾ ਹੈ ਜੋ ਪੂਰੇ ਦੇਸ਼ ਦੇ ਅਨਾਜ ਭੰਡਾਰਾਂ ਨੂੰ ਭਰਦਾ ਹੈ। ਇਸ ਲਈ, ਬੀਬੀਐਮਬੀ ਦੀ ਦੁਰਵਰਤੋਂ ਕਰਕੇ ਪੰਜਾਬ ਤੋਂ ਹਰਿਆਣਾ ਨੂੰ ਜ਼ਬਰਦਸਤੀ ਪਾਣੀ ਦੇਣਾ ਭਾਜਪਾ ਨੂੰ ਮਹਿੰਗਾ ਪਵੇਗਾ। ਆਮ ਆਦਮੀ ਪਾਰਟੀ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ।"
ਮੋਹਿੰਦਰ ਭਗਤ -"ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਤਿੰਨ ਕਰੋੜ ਲੋਕ ਅਤੇ ਪੰਜਾਬ ਸਰਕਾਰ ਪੰਜਾਬ ਦੇ ਪਾਣੀ ਦੀ ਰਾਖੀ ਲਈ ਪੂਰੀ ਤਰ੍ਹਾਂ ਇੱਕਜੁੱਟ ਹਨ। ਅਸੀਂ ਬੀਬੀਐਮਬੀ ਰਾਹੀਂ ਪੰਜਾਬ ਦੇ ਪਾਣੀ ਨੂੰ ਹਰਿਆਣਾ ਨੂੰ ਤਬਦੀਲ ਕਰਨ ਦੇ ਵਿਨਾਸ਼ਕਾਰੀ ਫ਼ੈਸਲੇ ਦਾ ਹਰ ਮੋਰਚੇ 'ਤੇ ਵਿਰੋਧ ਕਰਾਂਗੇ।"
ਹਰਦੀਪ ਸਿੰਘ ਮੁੰਡੀਆਂ -"ਸਾਰਾ ਪੰਜਾਬ ਬੀਬੀਐਮਬੀ ਰਾਹੀਂ ਹਰਿਆਣਾ ਨੂੰ ਪਾਣੀ ਦੇਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਾ ਹੈ। ਇਹ ਪਾਣੀ ਪੰਜਾਬ ਅਤੇ ਪੰਜਾਬੀਆਂ ਦਾ ਹੈ। ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਮਿਲ ਕੇ ਪੰਜਾਬ ਵਿਰੁੱਧ ਕੰਮ ਕਰ ਰਹੀ ਹੈ। ਅਸੀਂ ਕਿਸੇ ਵੀ ਕੀਮਤ 'ਤੇ ਭਾਜਪਾ ਵੱਲੋਂ ਸਾਡੇ ਹੱਕਾਂ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕਰਾਂਗੇ।"
ਤਰੁਣਪ੍ਰੀਤ ਸਿੰਘ ਸੌਂਧ -"ਹਰਿਆਣਾ ਨੇ ਮਾਰਚ ਤੱਕ ਆਪਣੇ ਹਿੱਸੇ ਦਾ ਲਗਭਗ ਸਾਰਾ ਪਾਣੀ ਵਰਤ ਲਿਆ ਸੀ। ਹੁਣ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਿੱਸੇ ਦਾ ਪਾਣੀ ਖੋਹਣਾ ਪੰਜਾਬੀਆਂ ਨਾਲ ਬੇਇਨਸਾਫ਼ੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਕਦੇ ਵੀ ਪੰਜਾਬ ਅਤੇ ਪੰਜਾਬੀਆਂ ਦੀ ਸਮਰਥਕ ਨਹੀਂ ਹੋ ਸਕਦੀ।"