ਅਧਿਆਪਕਾਂ ਦੀਆਂ ਮੰਗਾਂ ਸਬੰਧੀ ਡੀਟੀਐਫ ਦਾ ਵਫਦ ਬੀ.ਪੀ.ਈ.ਓ. ਬਠਿੰਡਾ ਨੂੰ ਮਿਲਿਆ
ਅਸ਼ੋਕ ਵਰਮਾ
ਬਠਿੰਡਾ, 2 ਮਈ 2025: ਬਲਾਕ ਬਠਿੰਡਾ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਬਠਿੰਡਾ ਦਾ ਵਫਦ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ ਅਤੇ ਬਲਜਿੰਦਰ ਸਿੰਘ ਬਲਾਕ ਸਕੱਤਰ ਦੀ ਪ੍ਰਧਾਨਗੀ ਹੇਠ ਬੀ.ਪੀ.ਈ.ਓ. ਬਠਿੰਡਾ ਨੂੰ ਮਿਲਿਆ। ਮੀਟਿੰਗ ਦੌਰਾਨ ਜਥੇਬੰਦੀ ਨੇ ਬੀ.ਪੀ.ਈ.ਓ. ਤੋਂ ਮੰਗ ਕੀਤੀ ਕਿ ਲੋਕ ਸਭਾ ਚੋਣਾਂ 2024 ਵਿੱਚ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਚੋਣਾਂ ਵਿੱਚ ਲੱਗੀ ਹੋਈ ਸੀ ਦਾ ਦਫਤਰ ਨੇ ਮਈ 2024 ਦਾ ਮੋਬਾਇਲ ਭੱਤਾ ਕੱਟ ਲਿਆ ਸੀ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਨਜਾਇਜ਼ ਕੱਟਿਆ ਮੋਬਾਈਲ ਭੱਤੇ ਦਾ ਬਕਾਇਆ ਕਢਵਾਇਆ ਜਾਵੇ। ਜਥੇਬੰਦੀ ਵੱਲੋਂ ਪ੍ਰਾਇਮਰੀ ਖੇਡਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬਲਾਕ ਦੇ ਖਿਡਾਰੀਆਂ ਨੂੰ ਅਜੇ ਤੱਕ ਸਿੱਖਿਆ ਕ੍ਰਾਂਤੀ ਵਾਲੀ ਸਰਕਾਰ ਨੇ ਸਰਟੀਫਿਕੇਟ ਨਾ ਦੇਣ ਦਾ ਮੁੱਦਾ ਚੱਕਿਆ ਤਾਂ ਬੀਪੀਓ ਨੇ ਭਰੋਸਾ ਦਵਾਇਆ ਕਿ ਇਹ ਮੁੱਦਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਾਂਗਾ।
ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਪੰਜਵੀਂ ਦੀਆਂ ਪ੍ਰੀਖਿਆਵਾਂ ਦਾ ਸਮੁੱਚਾ ਪ੍ਰਬੰਧ ਸੈਂਟਰ ਪੱਧਰ ਤੇ ਕੀਤਾ ਜਾਵੇ। ਸੈਂਟਰ ਹੈਡ ਟੀਚਰ ਨੂੰ ਇਸ ਦਾ ਮੁੱਖ ਪ੍ਰਬੰਧਕ ਲਗਾਇਆ ਜਾਵੇ। ਡਿਊਟੀਆ ਸੈਂਟਰ ਦੇ ਅੰਦਰ ਇੰਟਰ ਸਕੂਲ ਲਗਾਈਆਂ ਜਾਣ। ਜਥੇਬੰਦੀ ਵੱਲੋਂ ਦਫਤਰ ਤੋਂ ਮੰਗ ਕੀਤੀ ਗਈ ਕਿ ਸਮੇਂ ਸਿਰ ਅਧਿਆਪਕਾਂ ਨੂੰ ਜੀ.ਪੀ.ਐਫ. ਅਤੇ ਜੀ. ਆਈ.ਐਸ. ਸਲਿਪਾਂ ਜਾਰੀ ਕੀਤੀਆਂ ਜਾਣ। ਇਨਕਮ ਟੈਕਸ ਰਿਟਰਨ ਭਰਨ ਲਈ ਜਲਦੀ ਤੋਂ ਜਲਦੀ ਅਧਿਆਪਕਾਂ ਨੂੰ 16 ਨੰਬਰ ਜਾਰੀ ਕਰਨ ਦੀ ਮੰਗ ਉੱਤੇ ਬਲਾਕ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਸਮੇਂ ਸਿਰ ਇਹ ਸਾਰਾ ਕੰਮ ਕਰ ਦਿੱਤਾ ਜਾਵੇਗਾ। ਬਲਾਕ ਅਧਿਕਾਰੀ ਕੋਲ ਬੱਚਿਆਂ ਦੀਆਂ ਵਰਦੀਆਂ ਦੀ ਸਪਲਾਈ ਵਿੱਚ ਹੋਣ ਵਾਲੀ ਦੇਰੀ ਦਾ ਮੁੱਦਾ ਚੁੱਕਿਆ। ਵਿੱਤੀ ਵਰੇ 2025- 26 ਦੌਰਾਨ ਜਿਨਾਂ ਅਧਿਆਪਕਾਂ ਦੀ ਅੰਦਾਜਨ ਤਨਖਾਹ 12 ਲੱਖ 75 ਹਜਾਰ ਤੋਂ ਘੱਟ ਬਣਦੀ ਹੈ ਦਾ ਅਗੇਤਾ ਟੈਕਸ ਨਾ ਕੱਟਣ ਤੇ ਬੀ.ਪੀ.ਈ.ਓ.ਵੱਲੋਂ ਸਹਿਮਤੀ ਬਣੀ।ਵਫਦ ਵਿੱਚ ਬਲਾਕ ਕਮੇਟੀ ਮੈਂਬਰ ਰਾਮ ਸਿੰਘ ਬਰਾੜ, ਬਲਜਿੰਦਰ ਕੌਰ, ਪ੍ਰਦੀਪ ਸਿੰਘ, ਗੁਰਜੀਤ ਸਿੰਘ,ਰਾਮ ਨਿਵਾਸ , ਹਰਪਾਲ ਸਿੰਘ , ਸਰਬਜੀਤ ਸਿੰਘ ਮਾਨ,ਬਲਜਿੰਦਰ ਕੁਮਾਰ ਅਧਿਆਪਕ ਆਗੂ ਸ਼ਾਮਿਲ ਸਨ।