ਅਕਾਲੀ ਦਲ ਦੇ ਵਫਦ ਵੱਲੋਂ ਡੀ ਜੀ ਪੀ ਕਾਨੂੰਨ ਤੇ ਵਿਵਸਥਾ ਨਾਲ ਮੁਲਾਕਾਤ, ਮੰਡੀ ਬੋਰਡ ਦੇ ਚੀਫ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਵੱਲੋਂ
ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ 'ਚ SAD ਵੱਲੋਂ ADGP ਨਾਲ ਮੁਲਾਕਾਤ
ਡੀ ਜੀ ਪੀ ਨੂੰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ਵਿਚ ਡਿਜੀਟਲ ਸਬੂਤ ਸੌਂਪੇ, ਐਲਾਨ ਕੀਤਾ ਕਿ ਪਾਰਟੀ ਰਾਜਪਾਲ ਕੋਲ ਪਹੁੰਚ ਕਰੇਗੀ ਅਤੇ ਮਾਮਲੇ ਦੀ ਐਨ ਆਈ ਏ ਜਾਂਚ ਮੰਗੀ
ਚੰਡੀਗੜ੍ਹ, 27 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਇਕ ਉੱਚ ਪੱਧਰੀ ਵਫਦ ਨੇ ਅੱਜ ਪੰਜਾਬ ਦੇ ਡੀ ਜੀ ਪੀ ਕਾਨੂੰਨ ਤੇ ਵਿਵਸਥਾ ਸ੍ਰੀ ਅਰਪਿਤ ਸ਼ੁਕਲਾ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਕਾਨੂੰਨ ਮੁਤਾਬਕ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਸ੍ਰੀ ਜਤਿੰਦਰ ਸਿੰਘ ਭੰਗੂ ਵੱਲੋਂ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਹੋਵੇ।
ਇਸ ਵਫਦ ਵਿਚ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਅਤੇ ਸਰਦਾਰ ਹੀਰਾ ਸਿੰਘ ਗਾਬੜੀਆ ਤੋਂ ਇਲਾਵਾ ਸ਼ਿਕਾਇਤ ਕਰਤਾ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਸ਼ਾਮਲ ਸਨ। ਵਫਦ ਨੇ ਡੀ ਜੀ ਪੀ ਨੂੰ ਦੱਸਿਆ ਕਿ ਮੰਡੀ ਬੋਰਡ ਦੇ ਚੀਫ ਇੰਜੀਨੀਅਰਜ ਨੇ ਐਡਵੋਕੇਟਰ ਕਲੇਰ ਨੂੰ ਫੋਨ ਕਰ ਕੇ ਉਹਨਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਅਤੇ ਕਿਹਾ ਕਿ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਪੰਜਾਹ ਲੋਕਾਂ ਦੇ ਕਤਲ ਕੀਤੇ ਹਨ ਤੇ ਚਾਰ ਲੋਕਾਂ ਦੇ ਕਤਲ ਬਾਕੀ ਹਨ ਤੇ ਪੰਜਵਾਂ ਕਤਲ ਉਹਨਾਂ ਦਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਡੀ ਜੀ ਪੀ ਗੌਰਵ ਯਾਦਵ ਨੂੰ ਵੀ ਇਸ ਬਾਰੇ ਸ਼ਿਕਾਇਤ ਸੌਂਪੀ।
ਸਾਰੀ ਘਟਨਾ ਦੇ ਵੇਰਵੇ ਡੀ ਜੀ ਪੀ ਨਾਲ ਸਾਂਝੇ ਕਰਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੇ ਕਹਿਣ ’ਤੇ ਅੱਜ ਪੰਥਕ ਏਕਤਾ ਬਾਰੇ ਬਹਿਸ ਵਿਚ ਹਿੱਸਾ ਲਿਆ ਸੀ। ਉਹਨਾਂ ਕਿਹਾ ਕਿ ਬਹਿਸ ਦੌਰਾਨ ਉਹਨਾਂ ਨੇ ਬਾਗੀ ਅਕਾਲੀ ਆਗੂ ਸਰਦਾਰ ਚਰਨਜੀਤ ਸਿੰਘ ਬਰਾੜ ਨੂੰ ਆਖਿਆ ਕਿ ਉਹਨਾਂ ਦਾ ਧੜਾ ਚੰਡੀਗੜ੍ਹ ਵਿਚ ਪੰਜਾਬ ਮੰਡੀ ਬੋਰਡ ਦੇ ਦਫਤਰ ਵਿਚ ਅਕਾਲੀ ਦਲ ਦੇ ਖਿਲਾਫ ਮੀਟਿੰਗਾਂ ਕਰ ਕੇ ਸਾਜ਼ਿਸ਼ਾਂ ਰਚ ਰਿਹਾ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਬਹਿਸ ਤੋਂ ਤੁਰੰਤ ਬਾਅਦ ਜਤਿੰਦਰ ਭੰਗੂ ਨੇ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਆਖਿਆ ਕਿ ਉਹ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਹਨ ਤੇ ਜੇਕਰ ਉਹਨਾਂ ਮੁੜ ਮੰਡੀ ਬੋਰਡ ਵਿਚ ਅਜਿਹੀਆਂ ਮੀਟਿੰਗਾਂ ਹੋਣ ਦਾ ਜ਼ਿਕਰ ਕੀਤਾ ਤਾਂ ਉਹ ਐਡਵੋਕੇਟ ਕਲੇਰ ਨੂੰ ਮਰਵਾ ਦੇਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਬਾਰੇ ਉਹ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਦੱਸ ਦੇਣ।
ਡੀ ਜੀ ਪੀ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਆਗੂਆਂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਮੰਗ ਕੀਤੀ ਕਿ ਸਰਦਾਰ ਚਰਨਜੀਤ ਸਿੰਘ ਬਰਾੜ ਦੀ ਐਡਵੋਕੇਟ ਕਲੇਰ ਪ੍ਰਤੀ ਨਫਰਤ ਦੀ ਵੀ ਜਾਂਚ ਕੀਤੀ ਜਾਵੇ ਜਿਸ ਕਾਰਣ ਭੰਗੂ ਨੇ ਅਕਾਲੀ ਦਲ ਦੇ ਬੁਲਾਰੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਹਨਾਂ ਕਿਹਾ ਕਿ ਬਰਾੜ ਨੇ ਖੁਦ ਮੰਨਿਆ ਹੈ ਕਿ ਬਾਗੀ ਅਕਾਲੀ ਧੜਾ ਮੰਡੀ ਬੋਰਡ ਦੇ ਦਫਤਰ ਵਿਚ ਮੀਟਿੰਗਾਂ ਕਰਦਾ ਆ ਰਿਹਾ ਹੈ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਮਾਮਲਾ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਕੱਟੜਵਾਦੀ ਤਾਕਤਾਂ ਦਰਮਿਆਨ ਟਕਰਾਅ ਦਾ ਸਿੱਧਾ ਨਤੀਜਾ ਹੈ ਜਿਹਨਾਂ ਦਾ ਉਦੇਸ਼ ਅਕਾਲੀ ਦਲ ਨੂੰ ਆਗੂ ਵਿਹੂਣਾ ਕਰਨਾ ਹੈ। ਉਹਨਾਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ਾਂ ਰਚਣ ਵਾਸਤੇ ਮੰਡੀ ਬੋਰਡ ਦੇ ਦਫਤਰ ਦੀ ਵਰਤੋਂ ਦੀ ਆਗਿਆ ਕਿਉਂ ਦਿੱਤੀ ਜਾ ਰਹੀ ਹੈ।
ਅਕਾਲੀ ਦਲ ਦੇ ਵਫਦ ਨੇ ਐਲਾਨ ਕੀਤਾ ਕਿ ਉਹ ਸਰਦਾਰ ਬਲਵਿੰਦਰ ਸਿੰਘ ਭੂੰਦੜ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜਲਦੀ ਹੀ ਸੂਬੇ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨਗੇ ਅਤੇ ਉਹਨਾਂ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾਉਂਦਿਆਂ ਮਾਮਲੇ ਦੀ ਐਨ ਆਈ ਏ ਜਾਂਚ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਅਸੀਂ ਮਾਮਲੇ ਵਿਚ ਹਾਈ ਕੋਰਟ ਤੱਕ ਵੀ ਪਹੁੰਚ ਕਰਾਂਗੇ।
ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਉਹਨਾਂ ਨੂੰ ਅਜਿਹੀਆਂ ਗਿੱਦੜ ਧਮਕੀਆਂ ਦੀ ਕੋਈ ਪਰਵਾਹ ਨਹੀਂ ਹੈ ਤੇ ਉਹ ਬੇਧੜਕ ਹੋ ਕੇ ਇਹਨਾਂ ਨੂੰ ਟਕਰਨਗੇ। ਉਹਨਾਂ ਨੂੰ ਮੁੜ ਦੁਹਰਾਇਆ ਕਿ ਅਜਿਹੀਆਂ ਮੀਟਿੰਗਾਂ ਦਾ ਮਕਸਦ ਅਕਾਲੀ ਦਲ ਅਤੇ ਇਸਦੀ ਲੀਡਰਸ਼ਿਪ ਨੂੰ ਨੁਕਸਾਨ ਪਹੁੰਚਾਉਣਾ ਹੈ ਅਤੇ ਉਹਨਾਂ ਆਪ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਦੱਸੇ ਕਿ ਉਹ ਅਜਿਹੀਆਂ ਮੀਟਿੰਗਾਂ ਵਾਸਤੇ ਸਰਕਾਰੀ ਦਫਤਰਾਂ ਦੀ ਵਰਤੋਂ ਕਰਨ ਦੀ ਆਗਿਆ ਕਿਉਂ ਦੇ ਰਹੀ ਹੈ।