'ਪ੍ਰਧਾਨਗੀ ਮੇਰੇ ਲਈ ਵੱਡੀ ਚੀਜ਼ ਨਹੀਂ, ਟਿਕਟ ਕੱਟੀ ਤਾਂ ਵੀ ਕਾਂਗਰਸ 'ਚ ਹੀ ਰਹਾਂਗਾ': ਰਾਜਾ ਵੜਿੰਗ
ਬਾਜਵਾ, ਚੰਨੀ ਤੇ ਰੰਧਾਵਾ ਨੂੰ ਦੱਸਿਆ ਸੀਨੀਅਰ
ਚੰਡੀਗੜ੍ਹ, 31 ਜੁਲਾਈ 2026:
ਪੰਜਾਬ ਕਾਂਗਰਸ ਅੰਦਰ ਚੱਲ ਰਹੀ ਸਿਆਸੀ ਖਿਚੋਤਾਣ ਅਤੇ ਗੁੱਟਬੰਦੀ ਦੇ ਵਿਚਕਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਸੂਬਾ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੇ ਪੰਜਾਬ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂਆਂ ਪ੍ਰਤੀ ਨਰਮ ਰੁੱਖ ਅਪਣਾਉਂਦਿਆਂ ਇਕਜੁੱਟਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।
ਰਾਜਾ ਵੜਿੰਗ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ ਹੈ। ਜੇਕਰ ਪਾਰਟੀ ਮੇਰੀ ਟਿਕਟ ਵੀ ਕੱਟ ਦੇਵੇ, ਤਾਂ ਵੀ ਮੈਂ ਕਾਂਗਰਸ ਛੱਡ ਕੇ ਕਿਸੇ ਪਾਸੇ ਨਹੀਂ ਜਾਵਾਂਗਾ।" ਆਪਣੀ ਪਾਰਟੀ ਦੇ ਵਿਰੋਧੀ ਧੜਿਆਂ ਅਤੇ ਸੀਨੀਅਰ ਨੇਤਾਵਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਉਨ੍ਹਾਂ ਦੇ ਸੀਨੀਅਰ ਹਨ ਅਤੇ ਬਹੁਤ ਕਾਬਿਲ ਆਗੂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਚੰਨੀ ਅਤੇ ਰੰਧਾਵਾ ਧੜੇ ਵੱਲੋਂ ਸੂਬਾ ਲੀਡਰਸ਼ਿਪ ਬਦਲਣ ਦੀਆਂ ਮੰਗਾਂ ਚੁੱਕੀਆਂ ਜਾ ਰਹੀਆਂ ਸਨ। ਅਜਿਹੇ ਸਮੇਂ ਵਿੱਚ ਰਾਜਾ ਵੜਿੰਗ ਵੱਲੋਂ ਆਈ ਇਸ ਤਰ੍ਹਾਂ ਦੀ ਨਰਮੀ ਅਤੇ ਵਫਾਦਾਰੀ ਵਾਲੇ ਬਿਆਨ ਨੂੰ ਕਾਂਗਰਸ ਦੀ ਅੰਦਰੂਨੀ ਬਗਾਵਤ ਨੂੰ ਠੰਢਾ ਕਰਨ ਅਤੇ ਪਾਰਟੀ ਹਾਈਕਮਾਨ ਦੇ ਨਾਲ-ਨਾਲ ਵਰਕਰਾਂ ਵਿੱਚ ਇੱਕ ਹਾਂ-ਪੱਖੀ ਸੁਨੇਹਾ ਦੇਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।
- Download Babushahi App
-
-