Special-ਬਦਲਾਅ : ਚੰਡੀਗੜ੍ਹ ਪੁਲਿਸ ਨੇ ਸਿਸੋਦੀਆ ਦੀ ਕੋਠੀ ਅੱਗੇ ਘੜੀਸੇ ਪੰਜਾਬ ਦੇ ਧੀਆਂ ਤੇ ਪੁੱਤ
ਅਸ਼ੋਕ ਵਰਮਾ
ਚੰਡੀਗੜ੍ਹ , 2 ਅਕਤੂਬਰ 2026 : ਚੰਡੀਗੜ੍ਹ ਪੁਲਿਸ ਨੇ ਅੱਜ ਪੰਜਾਬ ਸਰਕਾਰ ਦੇ ਬਦਲਾਅ ਤਹਿਤ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਕੋਠੀ ਅੱਗੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਆਈਆਂ 180 ਈਟੀਟੀ ਅਧਿਆਪਕ ਧੀਆਂ ਅਤੇ ਨੌਜਵਾਨ ਅਧਿਆਪਕਾਂ ਦੀ ਰੱਜਕੇ ਧੂਹ ਘੜੀਸ ਕੀਤੀ ਜਿਸ ਦੌਰਾਨ ਕੁੱਝ ਅਧਿਆਪਕਾਂ ਦੀਆਂ ਦਸਤਾਰਾਂ ਤੇ ਕੁੜੀਆਂ ਦੀਆਂ ਚੁੰੰਨੀਆਂ ਲੱਥ ਗਈਆਂ। ਇਹ ਅਧਿਆਪਕ ਉਨ੍ਹਾਂ ’ਤੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਧੱਕੇ ਨਾਲ ਮੜ੍ਹੇ ਕੇਂਦਰੀ ਸਕੇਲਾਂ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਨ ਦੀ ਮੰਗ ਕਰ ਰਹੇ ਸਨ। ਇਸ ਮੌਕੇ ਅਧਿਆਪਕਾਂ ’ਚ ਐਨਾ ਜਿਆਦਾ ਦਿਖਾਈ ਦਿੱਤਾ ਕਿ ਉਨ੍ਹਾਂ ਨੂੰ ਕਾਬੂ ਕਰਨ ’ਚ ਪੁਲਿਸ ਮੁਲਾਜਮਾਂ ਦੇ ਛੱਕੇ ਛੁੱਟ ਗਏ। ਖਾਸ ਤੌਰ ’ਤੇ ਅਧਿਆਪਕ ਸੋਹਣ ਸਿੰਘ ਬਰਨਾਲਾ ਅਤੇ ਹੋਰ ਅਧਿਆਪਕਾਂ ਨੂੰ ਚੁੱਕਣ ਮੌਕੇ ਤਾਂ ਨਾਂ ਚੰਡੀਗੜ੍ਹ ਪੁਲਿਸ ਦੇ ਮੁਲਾਜਮਾਂ ਦੀ ਭੂਤਨੀ ਭੁੱਲ ਗਈ।
ਇਸ ਇੱਕ ਅਧਿਆਪਕ ਲੜਕੀ ਨੂੰ ਚੁੱਕ ਕੇ ਲਿਜਾਣ ਮੌਕੇ ਤਾਂ ਕਈ ਮਹਿਲਾ ਪੁਲਿਸ ਮੁਲਾਜਮਾਂ ਦਾ ਆਪਣਾ ਬੁਰਾ ਹਾਲ ਹੋ ਗਿਆ। ਇਸ ਜੋਰ ਅਜਮਾਇਸ਼ ਦੌਰਾਨ ਨਫਰੀ ਵੱਧ ਹੋਣ ਕਾਰਨ ਪੁਲਿਸ ਨੇ ਅਧਿਆਪਕਾਂ ਨੂੰ ਧੱਕੇ ਨਾਲ ਹਿਰਾਸਤ ’ਚ ਲੈ ਲਿਆ ਅਤੇ ਬੱਸਾਂ ਰਾਹੀਂ ਥਾਣੇ ਲੈ ਗਈ। ਇਨ੍ਹਾਂ ਅਧਿਆਪਕਾਂ ਨੇ ਲੰਘੀ 21 ਸਤੰਬਰ ਨੂੰ ਵੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਸੀ ਤਾਂ ਉਦੋਂ ਅਧਿਆਪਕਾਂ ਦੀ ਸਰਕਾਰ ਨਾਲ ਮੀਟਿੰਗ ਤੈਅ ਕਰਵਾਈ ਗਈ ਸੀ। ਇਸ ਮੌਕੇ ਭਰੋਸਾ ਦਿਵਾਇਆ ਗਿਆ ਸੀ ਕਿ ਉਨ੍ਹਾਂ ਦਾ ਮਸਲਾ ਹੱਲ ਕਰ ਦਿੱਤਾ ਜਾਏਗਾ। ਹਾਲਾਂਕਿ ਅਧਿਆਪਕ ਆਗੂਆਂ ਨੇ ਉਦੋਂ ਹੀ ਖਦਸ਼ਾ ਜਤਾਇਆ ਸੀ ਕਿ ਇਹ ਭਰੋਸਾ ਮਿੱਠੀਆਂ ਗੋਲੀਆਂ ਹਨ ਅਤੇ ਮਸਲਾ ਹੱਲ ਨਹੀਂ ਹੋਣਾ ਪਰ ਉਹ ਸਰਕਾਰ ਨੂੰ ਕਿਸੇ ਬਹਾਨੇ ਭੱਜਣ ਨਹੀਂ ਦੇਣਗੇ। ਅਧਿਆਪਕ ਆਖਦੇ ਹਨ ਕਿ ਸਰਕਾਰ ਦੇ ਭਰੋਸਿਆਂ ਤੋਂ ਬਾਅਦ ਵੀ ਉਨ੍ਹਾਂ ਦੇ ਹੱਥ ਖਾਲੀ ਹਨ।

ਅੱਜ ਆਪਣਾ ਗੁਪਤ ਐਕਸ਼ਨ ਤਹਿਤ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਦੀਆਂ ਬੇਵਫਾਈਆਂ ਕਾਰਨ ਇੰਨ੍ਹਾਂ ਅਧਿਆਪਕਾਂ ਨੇ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੀ ਅਗਵਾਈ ਹੇਠ ਸਵੇਰੇ ਤੜਕੇ ਹੀ ਮਨੀਸ਼ ਸਿਸੋਦੀਆ ਦੀ ਕੋਠੀ ਅੱਗੇ ਧਾਵਾ ਬੋਲ ਦਿੱਤਾ। ਭਾਵੇਂ ਚੰਡੀਗੜ੍ਹ ਪੁਲਿਸ ਨੇ ਸਿੋਸਦੀਆ ਦੀ ਰਿਹਾਇਸ਼ ਨੂੰ ਜਾਣ ਵਾਲੀ ਸੜਕ ’ਤੇ ਵੱਡੇ ਬੈਰੀਕੇਡ ਲਾਏ ਹੋਏ ਸਨ ਪਰ ਬੇਪਰਵਾਹ ਅਧਿਆਪਕਾਂ ਨੇ ਆਪਣਾ ਰੋਸ ਪ੍ਰਦਰਸ਼ਨ ਸ਼ੁਰੂ ਕਰਕੇ ਸਾਹ ਲਿਆ। ਇਸ ਦੌਰਾਨ ਅਧਿਆਪਕ ਲਗਾਤਰ ਨਾਅਰੇਬਾਜੀ ਕਰਦੇ ਰਹੇ ਪਰ ਪੁਲਿਸ ਨੇ ਦਖਲ ਦੇਣ ਤੋਂ ਪਾਸਾ ਵੱਟੀ ਰੱਖਿਆ। ਅਧਿਆਪਕਾਂ ਨੇ ਦੋਸ਼ ਲਾਇਆ ਕਿ ਇਸ ਦੌਰਾਨ ਕੋਠੀ ਦੇ ਅੰਦਰੋਂ ਮਿਲੇ ਇਸ਼ਾਰੇ ਤੋਂ ਬਾਅਦ ਪੁਲਿਸ ਊਨ੍ਹਾਂ ਨੂੰ ਟੁੱਟਕੇ ਪੈ ਗਈ ਅਤੇ ਘੜੀਸਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅਧਿਆਪਕ ਲੜਕੀਆਂ ਨਾਲ ਤਾਂ ਚੰਡੀਗੜ੍ਹ ਪੁਲਿਸ ਦੀਆਂ ਮਹਿਲਾ ਮੁਲਾਜਮਾਂ ਦਾ ਵਤੀਰਾ ਬੇਹੱਦ ਮਾੜਾ ਸੀ।
ਈਟੀਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਕਿਸ ਤਰ੍ਹਾਂ ਸਿੱਖਿਆ ਵਿਭਾਗ ਨੇ ਇੰਨ੍ਹਾਂ 180 ਅਧਿਆਪਕਾਂ ਦੀ ਬਿਨ੍ਹਾਂ ਕਿਸੇ ਕਸੂਰ ਅਤੇ 5 ਸਾਲ ਦੀ ਰੈਗੁਲਰ ਕਾਨੂੰਨੀ ਨੌਕਰੀ ਖ਼ਤਮ ਕਰ ਦਿੱਤੀ ਅਤੇ ਮੁੜ੍ਹ ਤੋਂ ਨਵੇਂ ਨਿਯੁਕਤੀ ਪੱਤਰ ਦੇਕੇ ਗੈਰਕਨੂੰਨੀ ਅਤੇ ਗੈਰਸੰਵਿਧਾਨਕ ਧੱਕਾ ਕਰਦਿਆਂ ਜਬਰੀ ਨਵਾਂ ਤਨਖਾਹ ਸਕੇਲ ਲਾਗੂ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਤਨਖਾਹਾਂ ’ਚ ਐਨੀ ਵੱਡੀ ਕਟੌਤੀ ਕਰ ਦਿੱਤੀ ਹੈ ਕਿ ਅਧਿਆਪਕ ਆਰਥਿਕ ਪੱਖ ਤੋਂ ਕੱਖੋਂ ਹੌਲੇ ਹੋਏ ਪਏ ਹਨ। ਜਿਕਰਯੋਗ ਹੈ 2016 ’ਚ ਗਠਜੋੜ ਸਰਕਾਰ ਨੇ ਈਟੀਟੀ ਅਧਿਆਪਕਾਂ ਦੀ ਭਰਤੀ ਕੀਤੀ ਸੀ ਜਿੰਨ੍ਹਾਂ ਵਿੱਚੋਂ 180 ਅਧਿਆਪਕਾਂ ਦੀਆਂ ਧੱਕੇ ਨਾਲ ਸੇਵਾਵਾਂ ਸਮਾਪਤ ਕਰ ਦਿੱਤੀਆਂ ਅਤੇ ਬਾਅਦ ’ਚ ਉਨ੍ਹਾਂ ’ਤੇ ਕੇਂਦਰੀ ਸਕੇਲ ਮੜ੍ਹ ਦਿੱਤੇ ਸਨ। ਪੰਜ ਸਾਲ ਕਾਂਗਰਸ ਸਰਕਾਰ ਨਾਲ ਲੜਨ ਤੋਂ ਬਾਅਦ ਹੁਣ ਇਹ ਅਧਿਆਪਕ ‘ਆਮ ਆਦਮੀ ਪਾਰਟੀ ਦੀ ਸਰਕਾਰ’ ਖਿਲਾਫ ਲੜਾਈ ਲੜਦੇ ਆ ਰਹੇ ਹਨ।

ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਕਾਂਗਰਸ ਸਰਕਾਰ ਦੌਰਾਨ 27 ਨਵੰਬਰ 2021 ਨੂੰ ਜਦੋਂ ਆਪਣੀ ਇਕਲੌਤੀ ਮੰਗ ਲਈ ਇੱਕ ਅਧਿਆਪਕ ਐਮਐਲਏ ਹੋਸਟਲ ’ਚ ਸਥਿਤ ਮੋਬਾਈਲ ਟਾਵਰ ’ਤੇ ਪੈਟਰੋਲ ਦੀ ਬੋਤਲ ਸਮੇਤ ਚੜ੍ਹ ਗਿਆ ਸੀ ਤਾਂ ੳਦੋਂ ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੌਕੇ ’ਤੇ ਪੁੱਜਕੇ ਸਰਕਾਰ ਆਉਣ ’ਤੇ ਅਧਿਆਪਕਾਂ ਦੀ ਬੇਇਨਸਾਫੀ ਦੂਰ ਕਰਨ ਦਾ ਵਾਅਦਾ ਕੀਤਾ ਸੀ। ਹੁਣ ਜਦੋਂ ‘ਆਪ’ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਤਾਂ ਵੀ ਅਜੇ ਤੱਕ ਚੀਮਾ ਨੇ ਆਪਣੇ ਬੋਲ ਨਹੀਂ ਪੁਗਾਏ ਹਨ ਅਤੇ ਮਾਮਲਾ ਲਾਰਿਆਂ ਤੇ ਮੀਟਿੰਗਾਂ ’ਚ ਉਲਝਾਇਆ ਜਾ ਰਿਹਾ ਹੈ। ਅਧਿਆਪਕਾਂ ਅਨੁਸਾਰ ਸਿੱਖਿਆ ਵਿਭਾਗ ਦੇ ਅਮਲੇ ਦੀ ਕੋਤਾਹੀ ਕਾਰਨ ਵਿਗੜਿਆ ਹੈ ਜਿਸ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਅਧਿਆਪਕ ਪੰਜਾਬ ਦੇ ਸਕੇਲ ਹਾਸਲ ਕਰਨ ਲਈ ਲਗਾਤਾਰ ਸੜਕਾਂ ’ਤੇ ਰੋਲੇ ਜਾ ਰਹੇ ਹਨ।

ਇਨਸਾਫ ਵਿਰੋਧੀ ਸਰਕਾਰ
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੋਹਨ ਸਿੰਘ ਬਰਨਾਲਾ ਨੇ ਦੱਸਿਆ ਕਿ 2023 ਵਿੱਚ ਸਿੱਖਿਆ ਸਕੱਤਰ ਅਤੇ ਵਿੱਤ ਸਕੱਤਰ ਦੀਆਂ ਰਿਪੋਰਟਾਂ ਨਾਲ ਧਾਂਦਲੀ ਸਾਹਮਣੇ ਆ ਗਈ ਸੀ। ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨੂੰ ਪਤਾ ਹੋਣ ਦੇ ਬਾਵਜੂਦ ਕਲਰਕ ਖਿਲਾਫ ਕਾਰਵਾਈ ਦੀ ਥਾਂ ਸ਼ਹਿ ਦੇਕੇ ਇਨਸਾਫ ਵਿਰੋਧੀ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਨੋ ਮੰਤਰੀ ਕਲਰਕ ਖਿਲਾਫ ਕਾਰਵਾਈ ਨਾ ਕਰਨ ਦੀ ਪਾਵਰ ਨਾ ਹੋਣ ਬਾਰੇ ਕਹਿਕੇ ਗੇਂਦ ਮੁੱਖ ਮੰਤਰੀ ਦੇ ਪਾਲੇ ’ਚ ਰੋੜ੍ਹ ਰਹੇ ਹਨ ਜੋਕਿ ਮੰਦਭਾਗਾ ਹੈ। ਅਧਿਆਪਕ ਆਗੂ ਨੇ ਕਿਹਾ ਕਿ ਮਸਲਾ ਹੱਲ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ।