ਸਰਕਾਰੀ ਸਕੂਲ ਦੀਆਂ 90 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਦੀ ਸੂਚੀ ਨਾ ਦੇਣ ਖਿਲਾਫ ਰੋਸ
ਪ੍ਰੈਸ ਕਲੱਬ ਭਗਤਾ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਭੇਜੇ ਪੱਤਰ
ਅਸ਼ੋਕ ਵਰਮਾ
ਭਗਤਾ ਭਾਈ 23 ਜੁਲਾਈ : ਪ੍ਰੈੱਸ ਕਲੱਬ ਭਗਤਾ ਭਾਈਕਾ ਵਲੋਂ ਸਰਕਾਰੀ ਸਕੂਲਾਂ ਦੇ 90 ਫੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦਾ ਹੋਰ ਹੌਸਲਾ ਵਧਾਉਣ ਅਤੇ ਸਕੂਲਾਂ ਵੱਲ ਮਾਪਿਆ ਨੂੰ ਉਤਸ਼ਾਹਿਤ ਕਰਨ ਸਬੰਧੀ ਸਲਾਨਾ ਇਨਾਮ ਵੰਡ ਸਮਾਗਮ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਮਲੂਕਾ ਦੇ ਇੰਚਾਰਜ ਪ੍ਰਿੰਸੀਪਲ ਵੱਲੋਂ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੀ ਸੂਚੀ ਮੁਹੱਈਆ ਨਾ ਕਰਵਾਉਣ ਦੇ ਸਬੰਧੀ ਪ੍ਰੈਸ ਕਲੱਬ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ, ਸਿੱਖਿਆ ਸਕੱਤਰ, ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪ੍ਰੈਸ ਕਲੱਬ ਭਗਤਾ ਭਾਈ ਦੇ ਪ੍ਰਧਾਨ ਸੁਖਪਾਲ ਸਿੰਘ ਸੋਨੀ ਅਤੇ ਮੀਤ ਪ੍ਰਧਾਨ ਪਰਵੀਨ ਗਰਗ ਨੇ ਦੱਸਿਆ ਕਿ ਕਲੱਬ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚੋਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਅਤੇ ਚੰਗੇ ਨਤੀਜੇ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰ ਰਿਹਾ ਹੈ ਜਿਸ ਦਾ ਮਕਸਦ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕਰਨਾ ਹੈ। ਉਹਨਾਂ ਦੱਸਿਆ ਕਿ ਇਸ ਸਾਲ ਵੀ ਇਸੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਮਲੂਕਾ ਤੋਂ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੀ ਸੂਚੀ ਮੰਗੀ ਗਈ ਸੀ। ਕਲੱਬ ਦੇ ਜਨਰਲ ਸਕੱਤਰ ਪਰਮਜੀਤ ਢਿੱਲੋਂ ਅਤੇ ਵਿੱਤ ਸਕੱਤਰ ਵਰਿੰਦਰ ਜਲਾਲ ਅਨੁਸਾਰ ਕਲੱਬ ਆਗੂਆਂ ਵੱਲੋਂ ਸਕੂਲ ਪਹੁੰਚ ਕੇ ਬੇਨਤੀ ਕਰਨ ਦੇ ਬਾਵਜੂਦ ਇੰਚਾਰਜ ਪ੍ਰਿੰਸੀਪਲ ਹਰਜੀਤ ਸਿੰਘ ਨੇ ਲੋੜੀਂਦੀ ਜਾਣਕਾਰੀ ਦੇਣ ਤੋਂ ਬੇਲੋੜੀ ਟਾਲ-ਮਟੋਲ ਕੀਤੀ ।
ਉਹਨਾਂ ਕਿਹਾ ਕਿ ਭਾਵੇਂ ਲੋੜੀਂਦੀ ਸੂਚੀ ਹਲਕਾ ਵਿਧਾਇਕ ਬਲਕਾਰ ਸਿੱਧੂ ਅਤੇ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਰਾਹੀ ਪ੍ਰਾਪਤ ਹੋ ਗਈ ਪਰ ਮਲੂਕਾ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਨੇ ਹਾਲੇ ਤੱਕ ਪ੍ਰੈੱਸ ਕਲੱਬ ਨੂੰ ਸੂਚੀ ਦੇਣੀ ਜਰੂਰੀ ਨਹੀ ਸਮਝੀ। ਕਲੱਬ ਆਗੂ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਸਕੱਤਰ ਵੀਰਪਾਲ ਸਿੰਘ ਭਗਤਾ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਮਰਾਹੜ ਅਤੇ ਕਲੱਬ ਆਗੂ ਹਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਸ਼ਿਕਾਇਤੀ ਪੱਤਰ ਵਿੱਚ ਕਿਹਾ ਹੈ ਕਿ ਜੇਕਰ ਸਿੱਖਿਆ ਸੰਸਥਾਵਾਂ ਦੇ ਮੁਖੀ ਹੀ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਮਾਜਿਕ ਪਹਿਲਕਦਮੀਆਂ ਵਿੱਚ ਸਹਿਯੋਗ ਨਹੀਂ ਦੇਣਗੇ ਤਾਂ ਇਸ ਨਾਲ ਵਿਦਿਆਰਥੀਆਂ ਦਾ ਮਨੋਬਲ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿੱਚ ਕਿਸੇ ਵੀ ਸਮਾਜਿਕ ਅਤੇ ਵਿਦਿਅਕ ਉਪਰਾਲੇ ਵਿੱਚ ਇਸ ਤਰ੍ਹਾਂ ਦੀ ਰੁਕਾਵਟ ਨਾ ਪੈਦਾ ਹੋਵੇ।
ਉਨ੍ਹਾਂ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਵਰਗਾ ਉਪਰਾਲਾ ਇੱਕ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਕਾਰਜ ਹੈ, ਜਿਸ ਵਿੱਚ ਸਹਿਯੋਗ ਦੇਣ ਦੀ ਬਜਾਏ ਰੋੜੇ ਕਲੱਬ ਮੈਂਬਰਾਂ ਤੇ ਝੂਠੇ ਦੋਸ਼ ਲਾਉਣ ਦੀ ਕੋਸ਼ਿਸ਼ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਰਵੱਈਏ ਨਾਲ ਸਰਕਾਰੀ ਸਕੂਲਾਂ ਦੀ ਛਵੀ ਨੂੰ ਵੀ ਨੁਕਸਾਨ ਪਹੁੰਚਦਾ ਹੈ ਅਤੇ ਸਮਾਜਿਕ ਸੰਸਥਾਵਾਂ ਦਾ ਮਨੋਬਲ ਵੀ ਟੁੱਟਦਾ ਹੈ। ਪ੍ਰੈਸ ਕਲੱਬ ਭਗਤਾ ਭਾਈ ਨੇ ਉਮੀਦ ਜਤਾਈ ਹੈ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਯੋਗ ਕਾਰਵਾਈ ਕਰਨਗੇ ਅਤੇ ਭਵਿੱਖ ਵਿੱਚ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਨਾਲ ਜੁੜੇ ਅਜਿਹੇ ਉਪਰਾਲਿਆਂ ਨੂੰ ਹਰ ਪੱਧਰ 'ਤੇ ਪੂਰਾ ਸਹਿਯੋਗ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਇਸ ਇੰਚਾਰਜ ਪ੍ਰਿੰਸੀਪਲ ਖਿਲਾਫ ਤਿੱਖੇ ਸੰਘਰਸ਼ ਤੋਂ ਗ਼ੁਰੇਜ਼ ਨਹੀ ਕੀਤਾ ਜਾਵੇਗਾ।
ਇਸ ਮਾਮਲੇ ਨੂੰ ਕਲੱਬ ਆਗੂ ਸਵਰਨ ਸਿੰਘ ਭਗਤਾ, ਰਾਜਿੰਦਰਪਾਲ ਸ਼ਰਮਾ, ਸਿਕੰਦਰ ਸਿੰਘ ਜੰਡੂ, ਸਿਕੰਦਰ ਸਿੰਘ ਬਰਾੜ ਆਦਿ ਨੇ ਵੀ ਇੰਚਾਰਜ ਪ੍ਰਿੰਸੀਪਲ ਦੇ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਪ੍ਰੈਸ ਕਲੱਬ ਭਗਤਾ ਭਾਈ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਕਲੱਬ ਨੂੰ ਮਜਬੂਰਨ ਭਵਿੱਖ ਵਿੱਚ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਵਰਗੇ ਸਮਾਗਮ ਬੰਦ ਕਰਨ ਬਾਰੇ ਵਿਚਾਰ ਕਰਨਾ ਪਵੇਗਾ। ਓਧਰ ਪ੍ਰਿੰਸੀਪਲ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਅਸਲ ਵਿੱਚ ਪ੍ਰੈੱਸ ਕਲੱਬ ਦੇ ਨੁਮਾਇੰਦਿਆਂ ਨੇ ਆਪਣੀ ਸ਼ਨਾਖਤ ਜਾਹਰ ਨਹੀਂ ਕੀਤੀ ਜਿਸ ਕਰਕੇ ਇਹ ਦਿੱਕਤ ਆਈ ਹੈ। ਉਹਨਾਂ ਕਿਹਾ ਕਿ ਸਬੰਧਤ ਅਧਿਆਪਕ ਦੇ ਐਸਆਈ ਆਰ ਡਿਊਟੀ ਹੋਣ ਕਰਕੇ ਵੀ ਸਮੱਸਿਆ ਬਣੀ ਹੈ। ਉਹਨਾਂ ਦੱਸਿਆ ਕਿ ਲੜਕੀਆਂ ਦਾ ਸਕੂਲ ਹੋਣ ਕਰਕੇ ਵੀ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਪ੍ਰਤੀ ਅਹਿਤਿਆਤ ਵਰਤੀ ਜਾਂਦੀ ਹੈ।