ਸੋਨੀਪਤ: ਵਿਦਿਆਰਥੀਆਂ ਨੂੰ ਨਕਲ ਕਰਵਾਉਂਦੀਆਂ ਫੜੀਆਂ ਗਈਆਂ 2 ਅਧਿਆਪਕਾਂਵਾਂ
ਸੋਨੀਪਤ 28 ਮਾਰਚ, 2026: ਹਰਿਆਣਾ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸਮੂਹਿਕ ਨਕਲ ਦਾ ਇੱਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੋਨੀਪਤ ਦੇ ਪਿੰਡ ਬਿਧਲਾਨ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 12ਵੀਂ ਜਮਾਤ ਦੀ ਭੂਗੋਲ (Geography) ਦੀ ਪ੍ਰੀਖਿਆ ਦੌਰਾਨ ਦੋ ਮਹਿਲਾ ਅਧਿਆਪਕਾਂ ਨੂੰ ਨਕਲ ਕਰਵਾਉਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
ਬੋਰਡ ਚੇਅਰਮੈਨ ਦੀ ਸਪੈਸ਼ਲ ਰੈਪਿਡ ਐਕਸ਼ਨ ਫੋਰਸ (SRAF) ਨੇ ਇਸ ਧਾਂਦਲੀ ਦਾ ਭੰਡਾਫੋੜ ਕੀਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਬਾਕੀ ਸਾਰੇ ਵਿਦਿਆਰਥੀ ਪੇਪਰ ਦੇ ਕੇ ਸਕੂਲੋਂ ਜਾ ਚੁੱਕੇ ਸਨ, ਉਦੋਂ ਇੱਕ ਗੁਪਤ ਕਮਰੇ ਵਿੱਚ 24 ਵਿਦਿਆਰਥੀਆਂ ਨੂੰ ਬਿਠਾ ਕੇ ਨਕਲ ਕਰਵਾਈ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਨਕਲ ਕਰਵਾਉਣ ਵਾਲੀਆਂ ਦੋਵੇਂ ਮਹਿਲਾ ਅਧਿਆਪਕਾਂ ਇਸੇ ਸਕੂਲ ਵਿੱਚ ਤਾਇਨਾਤ ਹਨ, ਜੋ ਇੱਕ ਚਪੜਾਸੀ ਦੀ ਮਦਦ ਨਾਲ ਇਸ ਕਾਰੇ ਨੂੰ ਅੰਜਾਮ ਦੇ ਰਹੀਆਂ ਸਨ। ਜਦੋਂ SRAF ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਦੋਵੇਂ ਮਹਿਲਾ ਅਧਿਆਪਕਾਂ ਆਪਣਾ ਮੂੰਹ ਛੁਪਾ ਕੇ ਭੱਜਦੀਆਂ ਨਜ਼ਰ ਆਈਆਂ। ਦੋਸ਼ ਹੈ ਕਿ ਤਿੰਨਾਂ ਮੁਲਾਜ਼ਮਾਂ ਨੇ ਬੋਰਡ ਦੀ ਟੀਮ ਨਾਲ ਧੱਕਾ-ਮੁੱਕੀ ਵੀ ਕੀਤੀ।
ਬੋਰਡ ਦੇ ਚੇਅਰਮੈਨ ਡਾ. ਪਵਨ ਕੁਮਾਰ ਸ਼ਰਮਾ ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਅਧਿਆਪਕਾਂ ਅਤੇ ਕਰਮਚਾਰੀ ਵਿਰੁੱਧ ਐਫ.ਆਈ.ਆਰ. (FIR) ਦਰਜ ਕਰਵਾਉਣ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੋਨੀਪਤ ਜ਼ਿਲ੍ਹੇ ਵਿੱਚ ਸਮੂਹਿਕ ਨਕਲ ਦਾ ਇਹ ਦੂਜਾ ਵੱਡਾ ਮਾਮਲਾ ਹੈ, ਜਿਸ ਨੇ ਪ੍ਰੀਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।