ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
ਆਦਰਸ਼ ਸਕੂਲ ਲੋਧੀਪੁਰ ਵਿੱਚ ਡਿਜ਼ੀਟਲ ਕ੍ਰਾਂਤੀ ਤਹਿਤ 17 ਨਵੇਂ ਕੰਪਿਊਟਰ ਤੇ 6 ਸਮਾਰਟ ਪੈਨਲ ਮਿਲੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 18 ਮਾਰਚ 2026 - ਸ਼੍ਰੀ ਅਨੰਦਪੁਰ ਸਾਹਿਬ 18 ਮਾਰਚ: ਪੰਜਾਬ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਨ ਦੀ ਲੜੀ ਵਿੱਚ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਨੂੰ 17 ਨਵੇਂ ਕੰਪਿਊਟਰ ਅਤੇ 6 ਸਮਾਰਟ ਇੰਟਰਐਕਟਿਵ ਪੈਨਲ ਪ੍ਰਦਾਨ ਕੀਤੇ ਗਏ ਹਨ। ਇਹ ਕਦਮ ਵਿਦਿਆਰਥੀਆਂ ਨੂੰ ਡਿਜ਼ੀਟਲ ਸਿੱਖਿਆ ਨਾਲ ਜੋੜਨ ਅਤੇ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਵੱਲ ਇੱਕ ਮਹੱਤਵਪੂਰਨ ਪਹਿਲ ਮੰਨੀ ਜਾ ਰਹੀ ਹੈ।
ਸਕੂਲ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ, ਸਿੱਖਿਆ ਕੋਆਰਡੀਨੇਟਰ ਦਇਆ ਸਿੰਘ ਅਤੇ ਸਕੂਲ ਇੰਚਾਰਜ ਚਰਨਜੀਤ ਸਿੰਘ ਦੀ ਦੇਖ-ਰੇਖ ਹੇਠ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਪਿੰਡ ਲੋਧੀਪੁਰ ਦੇ ਨੁਮਾਇੰਦਿਆਂ ਅਤੇ ਸਕੂਲ ਸਟਾਫ਼ ਦੀ ਹਾਜ਼ਰੀ ਵਿੱਚ ਹਰਦੀਪ ਸਿੰਘ, ਬਾਬੂ ਰਾਮ ਸਰਪੰਚ, ਕੁਲਵਿੰਦਰ ਸਿੰਘ ਪੰਚ ਅਤੇ ਹੋਰ ਪਤਵੰਤੇ ਵਿਅਕਤੀਆਂ ਵੱਲੋਂ ਸਾਂਝੇ ਤੌਰ ‘ਤੇ ਉਦਘਾਟਨ ਕੀਤਾ ਗਿਆ।
ਸਿੱਖਿਆ ਕੋਆਰਡੀਨੇਟਰ ਦਇਆ ਸਿੰਘ ਨੇ ਕਿਹਾ ਕਿ ਨਵੀਆਂ ਆਈਸੀਟੀ ਸੁਵਿਧਾਵਾਂ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਨਾਲ ਪੜ੍ਹਨ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰ ਸਕੂਲਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਹਰ ਸਰਕਾਰੀ ਸਕੂਲ ਨੂੰ ਮੁਕਾਬਲੇਯੋਗ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਸਕੂਲ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਕਿਹਾ ਕਿ ਇਹ ਸਹੂਲਤਾਂ ਸਕੂਲ ਲਈ ਮੀਲ ਪੱਥਰ ਸਾਬਤ ਹੋਣਗੀਆਂ ਅਤੇ ਅਧਿਆਪਕ ਹੁਣ ਪੜ੍ਹਾਈ ਨੂੰ ਹੋਰ ਪ੍ਰਭਾਵਸ਼ਾਲੀ ਤੇ ਪ੍ਰਯੋਗਾਤਮਕ ਢੰਗ ਨਾਲ ਕਰਵਾ ਸਕਣਗੇ। ਇਲਾਕਾ ਵਾਸੀਆਂ ਨੇ ਵੀ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਹੋਰ ਉੱਚਾ ਹੋਵੇਗਾ ਅਤੇ ਵਿਦਿਆਰਥੀਆਂ ਦੇ ਨਤੀਜਿਆਂ ਵਿੱਚ ਵੱਡਾ ਸੁਧਾਰ ਵੇਖਣ ਨੂੰ ਮਿਲੇਗਾ।