Mohali ਵਿਖੇ ਕਰਵਾਇਆ ਗਿਆ ਜ਼ੋਨ ਪੱਧਰੀ ਕਲਾ ਉਤਸਵ 2025-26, DEO ਗਿੰਨੀ ਦੁੱਗਲ ਨੇ ਜੇਤੂ ਟੀਮਾਂ ਨੂੰ ਇਨਾਮ ਵੰਡ ਕੀਤੀ ਹੌਸਲਾ ਅਫਜਾਈ
ਜ਼ੋਨ ਦੇ ਛੇ ਜ਼ਿਲ੍ਹਿਆਂ ਦੀਆਂ ਕੁੱਲ 72 ਟੀਮਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਲਿਆ ਭਾਗ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਗਿੰਨੀ ਦੁੱਗਲ ਨੇ ਜੇਤੂ ਟੀਮਾਂ ਨੂੰ ਇਨਾਮ ਵੰਡ ਕੀਤੀ ਹੌਸਲਾ ਅਫਜਾਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਸਤੰਬਰ 2025:
ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਡਾ. ਗਿੰਨੀ ਦੁੱਗਲ ਦੀ ਅਗਵਾਈ ਹੇਠ ਅਤੇ ਸਮੱਗਰਾ ਸਿੱਖਿਆ ਅਭਿਆਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ 16 ਸਤੰਬਰ ਨੂੰ ਐੱਸ.ਏ ਐੱਸ. ਨਗਰ ਜ਼ਿਲ੍ਹੇ ਦਾ ਜ਼ੋਨ ਪੱਧਰੀ ਕਲਾ ਉਤਸਵ, ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਫੇਜ਼-7 ਮੋਹਾਲੀ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਜ਼ੋਨ ਦੇ ਛੇ ਜ਼ਿਲ੍ਹਿਆਂ ਪਟਿਆਲਾ, ਐਸ.ਏ.ਐਸ. ਨਗਰ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ ਅਤੇ ਮਲੇਰਕੋਟਲਾ ਦੀਆਂ ਕੁੱਲ 72 ਟੀਮਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਮੁਕਾਬਲੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰ ਤੇ ਪਹਿਲੇ ਸਥਾਨ ਤੇ ਆਈਆਂ ਟੀਮਾਂ ਨੇ ਭਾਗ ਲਿਆ। ਜ਼ੋਨ ਪੱਧਰੀ ਕਲਾ ਉਤਸਵ ਵਿੱਚ ਕੁੱਲ਼ 12 ਵੱਖ-ਵੱਖ ਈਵੈਂਟ ਤੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵੋਕਲ ਮਿਊਜ਼ਿਕ ਸੋਲੋ, ਵੋਕਲ ਮਿਊਜ਼ਿਕ ਗਰੁੱਪ, ਇੰਸਟਰੁਮੈਂਟਲ ਮਿਊਜ਼ਿਕ ਪਰਕਿਉਸਿਵ, ਇੰਸਟਰੂਮੈਂਟਲ ਮਿਊਜ਼ਿਕ ਗਰੁੱਪ, ਵਿਜ਼ੁਅਲ ਆਰਟ 2 ਡੀ ਅਤੇ ਵਿਜ਼ੁਅਲ ਆਰਟ 3 ਡੀ ਵਿੱਚ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਜੇਤੂ ਰਹੇ। ਸੋਲੋ ਡਾਂਸ ਅਤੇ ਵਿਜ਼ੁਅਲ ਆਰਟ ਗਰੁੱਪ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਕੂਲ ਜੇਤੂ ਰਹੇ। ਇੰਸਟਰੁਮੈਂਟਲ ਮਿਊਜ਼ਿਕ ਮੈਲੋਡਿਕ ਵਿੱਚ ਦਿ ਮਿਲੇਨੀਅਮ ਸਕੂਲ ਫੇਜ਼-5 ਮੋਹਾਲੀ ਅਤੇ ਡਾਂਸ ਗਰੁੱਪ ਵਿੱਚ ਸ.ਸ.ਸ.ਸ. ਝੰਜੇੜੀ ਜ਼ਿਲ੍ਹਾ ਮੋਹਾਲੀ ਦੇ ਸਕੂਲਾਂ ਨੇ ਬਾਜ਼ੀ ਮਾਰੀ। ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਟ੍ਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਗਿੰਨੀ ਦੁੱਗਲ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਅਤੇ ਜੇਤੂਆਂ ਦੀ ਹੌਸਲਾਂ ਅਫਜਾਈ ਕੀਤੀ ਅਤੇ ਉਹਨਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਦੇ ਹਨ। ਉਹਨਾਂ ਨੇ ਜੇਤੂ ਟੀਮਾਂ ਨੂੰ ਰਾਜ ਪੱਧਰੀ ਕਲਾ ਉਤਸਵ ਮੁਕਾਬਲੇ ਲਈ ਸ਼ੁੱਭ ਇੱਛਾਵਾਂ ਅਤੇ ਆਸ਼ੀਰਵਾਦ ਦਿੱਤਾ।