ਕੋਠੇ ਇੰਦਰ ਸਿੰਘ ਵਾਲੇ ਦੇ ਵਿਦਿਆਰਥੀਆਂ ਨੇ ਲਗਾਤਾਰ ਤੀਸਰੇ ਸਾਲ ਨਵੋਦਿਆ ਪ੍ਰੀਖਿਆ ਵਿੱਚ ਗੱਡੇ ਝੰਡੇ
ਅਸ਼ੋਕ ਵਰਮਾ
ਬਠਿੰਡਾ ,27 ਮਾਰਚ 2025:ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਕੋਠੇ ਇੰਦਰ ਸਿੰਘ ਵਾਲੇ ਦੇ ਵਿਦਿਆਰਥੀਆਂ ਨੇ ਲਗਾਤਾਰ ਤੀਸਰੇ ਸਾਲ ਨਵੋਦਿਆ ਪ੍ਰੀਖਿਆ ਵਿੱਚ ਮਾਰਕਾ ਮਾਰਦਿਆਂ ਸੈਂਟਰ ਬਲਾਹੜ ਮਹਿਮਾ, ਬਲਾਕ ਗੋਨਿਆਣਾ ਅਤੇ ਜਿ਼ਲ੍ਹਾ ਬਠਿੰਡਾ ਦਾ ਮਾਣ ਵਧਾਇਆ ਹੈ।ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੀ ਅਧਿਆਪਕਾ ਸ਼੍ਰੀ ਮਤੀ ਸੁਮਨ ਲਤਾ ਦੀ ਅਗਵਾਈ ਵਿੱਚ ਤਿਆਰੀ ਕਰ ਰਹੇ ਸਕੂਲ ਦੇ ਵਿਦਿਆਰਥੀ ਏਕਮਪ੍ਰੀਤ ਸਿੰਘ (ਮਹਿਮਾ ਸਵਾਈ ) ਨੇ ਨਵੋਦਿਆ ਪ੍ਰੀਖਿਆ ਪਾਸ ਕੀਤੀ ਹੈ।ਸੀ ਐੱਚ ਟੀ ਸ਼੍ਰੀ ਮਤੀ ਵੀਰਪਾਲ ਕੌਰ ਸੈਂਟਰ ਬਲਾਹੜ ਮਹਿਮਾ ਅਤੇ ਸਕੂਲ ਮੁਖੀ ਸ. ਝੰਡਾ ਸਿੰਘ ਨੇ ਇਸ ਪ੍ਰਾਪਤੀ ਲਈ ਅਧਿਆਪਕਾ ਸੁਮਨ ਲਤਾ ਅਤੇ ਨਵੋਦਿਆ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੂੰ ਵਧਾਈ ਦਿੱਤੀ।
ਸਕੂਲ ਸਟਾਫ਼ ਨੇ ਅੱਜ ਵਿਦਿਆਰਥੀ ਏਕਮਪ੍ਰੀਤ ਸਿੰਘ ਅਤੇ ਉਸਦੇ ਪਿਤਾ ਸੋਹਣ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਨਮਾਨਿਤ ਵੀ ਕੀਤਾ ।ਅਧਿਆਪਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਕੋਠੇ ਇੰਦਰ ਸਿੰਘ ਦੇ ਵਿਦਿਆਰਥੀ ਪਿਛਲੇ ਤਿੰਨ ਸਾਲਾਂ ਤੋਂ ਨਵੋਦਿਆ ਪ੍ਰੀਖਿਆ ਵਿੱਚ ਸਫਲਤਾ ਦੇ ਝੰਡੇ ਗੱਡਦੇ ਆ ਰਹੇ ਹਨ। ਪਿੰਡ ਦੀ ਸਰਪੰਚ ਮਨਜੀਤ ਕੌਰ ਨੇ ਸਕੂਲ ਸਟਾਫ਼ , ਅਧਿਆਪਕਾ ਅਤੇ ਵਿਦਿਆਰਥੀ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਸਾਡੇ ਪਿੰਡ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੇ ਹਨ।ਗੌਰਤਲਬ ਹੈ ਕਿ ਨਵੋਦਿਆ ਵਿਦਿਆਲਿਆ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ 12 ਤੱਕ ਉੱਚ ਪੱਧਰੀ ਸਿੱਖਿਆ ਬਿਲਕੁਲ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ ।