ਡਾ. ਇਸ਼ਾਂਕ ਕੁਮਾਰ ਨੇ ਚੱਬੇਵਾਲ ਹਲਕੇ ਦੇ ਸਕੂਲਾਂ ‘ਚ ਅਧਿਆਪਕਾਂ ਦੀ ਕਮੀ ਦਾ ਮਾਮਲਾ ਵਿਧਾਨ ਸਭਾ ‘ਚ ਰੱਖਿਆ
- ਸਿੱਖਿਆ ਮੰਤਰੀ ਨੇ ਖਾਲੀ ਆਸਾਮੀਆਂ ਜਲਦ ਪੁਰ ਕਰਨ ਦਾ ਦਿੱਤਾ ਭਰੋਸਾ
- 2500 ਈ.ਟੀ.ਟੀ. ਅਧਿਆਪਕਾਂ ‘ਚੋਂ 700 ਅਧਿਆਪਕ ਹੁਸ਼ਿਆਰਪੁਰ ਜ਼ਿਲ੍ਹੇ ‘ਚ ਜਾਣਗੇ: ਹਰਜੋਤ ਸਿੰਘ ਬੈਂਸ
ਹੁਸ਼ਿਆਰਪੁਰ, 27 ਮਾਰਚ 2025: ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਹਲਕਾ ਚੱਬੇਵਾਲ ਵਿਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦਾ ਮਾਮਲਾ ਅੱਜ ਪੰਜਾਬ ਵਿਧਾਨ ਸਭਾ ਵਿਚ ਰੱਖਿਆ ਜਿਸ ‘ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਨ੍ਹਾਂ ਖਾਲੀ ਆਸਾਮੀਆਂ ਨੂੰ ਜਲਦ ਭਰਨ ਦਾ ਭਰੋਸਾ ਦਿੱਤਾ।
ਡਾ. ਇਸ਼ਾਂਕ ਕੁਮਾਰ ਨੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਚੱਬੇਵਾਲ ਹਲਕੇ ਦੇ ਸਕੂਲਾਂ ਵਿਚ ਖਾਲੀ ਆਸਾਮੀਆਂ ਨੂੰ ਜਲਦ ਭਰਿਆ ਜਾਵੇ ਤਾਂ ਜੋ ਸਿੱਖਿਆ ਦੇ ਪੱਧਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜ਼ੂਦਾ ਅੰਕੜਿਆਂ ਅਨੁਸਾਰ ਕਈ ਸਕੂਲ ਹਾਲੇ ਤੱਕ ਵੀ ਅਧਿਆਪਕਾਂ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ ਜਿਸ ਬਾਰੇ ਸਿੱਖਿਆ ਮੰਤਰੀ ਨੂੰ ਵਿਸ਼ੇਸ਼ ਤਵੱਜੋਂ ਦਿੰਦਿਆਂ ਆਸਾਮੀਆਂ ਭਰਨੀਆਂ ਚਾਹੀਦੀਆਂ ਹਨ।
ਵਿਧਾਇਕ ਦੀ ਅਪੀਲ ਦੇ ਜਵਾਬ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਚੱਬੇਵਾਲ ਹਲਕੇ ਦੇ ਸਕੂਲਾਂ ਵਿਚ ਪਿਛਲੇ ਸਮਿਆਂ ਦੌਰਾਨ ਅਧਿਆਪਕਾਂ ਦੀ ਭਾਰੀ ਕਮੀ ਸੀ ਪਰ ਪੰਜਾਬ ਸਰਕਾਰ ਵਲੋਂ ਹਲਕੇ ਵਿਚ ਕੋਈ ਵੀ ਸਕੂਲ ਅਧਿਆਪਕਾਂ ਤੋਂ ਸੱਖਣਾਂ ਨਹੀਂ ਰਹਿਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ ਵਿਚ 119 ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੈ ਜਿਸ ਨੂੰ ਜਲਦ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਉਂਦੀ 1 ਅਪ੍ਰੈਲ ਨੂੰ 2500 ਈ.ਟੀ.ਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਹਨ ਜਿਨ੍ਹਾਂ ਵਿਚੋਂ 700 ਅਧਿਆਪਕ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਮਿਲਣਗੇ ਜਿਸ ਨਾਲ ਜ਼ਿਲ੍ਹੇ ਦੇ ਸਕੂਲਾਂ ਵਿਚ ਅਧਿਆਪਕਾਂ ਦੀ 99 ਫੀਸਦੀ ਗਿਣਤੀ ਹੋ ਜਾਵੇਗੀ।