ਅਕਸਫੋਰਡ ਸਕੂਲ ਭਗਤਾ ਭਾਈ ਵਿਖੇ ਸ੍ਰੀ ਅਖੰਡ ਸਾਹਿਬ ਜੀ ਦੇ ਕਰਵਾਏ ਗਏ ਪ੍ਰਕਾਸ਼
ਅਸ਼ੋਕ ਵਰਮਾ
ਭਗਤਾ ਭਾਈ, 13 ਮਾਰਚ 2025 : ‘ਬਾਣੀ ਗੁਰੂ , ਗੁਰੂ ਹੈ ਬਾਣੀ’ ਦੇ ਮਹਾਂਵਾਕ ਅਨੁਸਾਰ ਅਥਾਹ ਸ਼ਰਧਾ ਰੱਖਦੇ ਹੋਏ ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’ ਵੱਲੋਂ ਸਕੂਲ ਦੇ ਵਿਹੜੇ ਵਿੱਚ ਬੜੀ ਸ਼ਰਧਾ ਨਾਲ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ।ਇਹ ਧਾਰਮਿਕ ਕਾਰਜ ਅਸਲ ਵਿੱਚ ਵਿੱਦਿਅਕ ਸੈਸ਼ਨ 2024-25 ਦੀ ਸ਼ਾਨਦਾਰ ਸਮਾਪਤੀ ਅਤੇ ਸੈਸ਼ਨ 2025-26 ਦੀ ਸੁੱਖਮਈ ਸ਼ੁਰੂਆਤ ਤੇ ਚੜ੍ਹਦੀ ਕਲਾ ਲਈ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਹੈ।
ਇਸ ਸਮੇਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ, ਕੋਆਰਡੀਨੇਟਰਜ਼, ਸਮੂਹ ਸਕੂਲ ਸਟਾਫ਼ ਮੈਂਬਰ, ਇਸ ਅਦਾਰੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜੇ ਮੈਂਬਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੀ ਹਾਜ਼ਰੀ ਲਗਵਾਈ।
ਜ਼ਿਕਰਯੋਗ ਹੈ ਕਿ ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਭਗਤਾ ਭਾਈਕਾ’ ਹਰ ਸਾਲ ਆਪਣੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਓਟ ਲੈ ਕੇ ਹੀ ਕਰਦਾ ਹੈ ਤਾਂ ਕਿ ਆਉਣ ਵਾਲਾ ਸੈਸ਼ਨ ਬਿਨਾਂ ਕਿਸੇ ਰੁਕਾਵਟ ਜਾਂ ਅੜਚਨ ਦੇ ਛਾਲਾਂ ਮਾਰਦਾ ਅੱਗੇ ਵੱਧਦਾ ਹੋਇਆ ਨ੍ਹੇਪਰੇ ਚੜ੍ਹੇ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਆਈ ਹੋਈ ਸਮੂਹ ਸੰਗਤ ਨੇ ਪੰਗਤ ਪ੍ਰਥਾ ਨੂੰ ਜਾਰੀ ਰੱਖਦੇ ਹੋਏ ਪੰਗਤਾਂ ਵਿੱਚ ਬੈਠ ਕੇ ਸ਼ਰਧਾ ਨਾਲ ਲੰਗਰ ਛਕਿਆ।ਇਸ ਕਾਰਜ ਵਿੱਚ ਸਮੂਹ ਅਧਿਆਪਕ ਸਾਹਿਬਾਨਾਂ, ਹੈਲਪਰਾਂ, ਸੰਸਥਾ ਦੇ ਡਰਾਈਵਰ ਵੀਰਾਂ ਅਤੇ ਸਹਾਇਕ ਕਰਮਚਾਰੀਆਂ ਨੇ ਸੇਵਾ ਨਿਭਾਈ।