ਮਿੱਠਾਪੁਰ ਦਾ ਮਾਣ ਮਨਪ੍ਰੀਤ ਸਿੰਘ: ਚਾਰ ਓਲੰਪਿਕ ਦਾ ਸਫ਼ਰ, ਹੁਣ ਪੰਜਵੀਂ ਵਾਰ ਗੋਲ੍ਡ ਦੀ ਤਾਂਘ
---ਲਾਸ ਏਂਜਲਸ 2028 ਵਿੱਚ ਇਤਿਹਾਸ ਰਚਣ ਨੂੰ ਤਿਆਰ ਭਾਰਤੀ ਹਾਕੀ ਦਾ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲਾ ਸਿਪਾਹੀ
ਸੁਖਮਿੰਦਰ ਭੰਗੂ
ਕੁਝ ਖਿਡਾਰੀ ਮੈਡਲਾਂ ਨਾਲ ਜਾਣੇ ਜਾਂਦੇ ਹਨ, ਪਰ ਕੁਝ ਆਪਣੇ ਅਨੁਸ਼ਾਸਨ, ਸਬਰ ਅਤੇ ਦੇਸ਼-ਭਗਤੀ ਦੇ ਜਜ਼ਬੇ ਨਾਲ ਪੂਰੀ ਇੱਕ ਪੀੜ੍ਹੀ ਦੀ ਪਛਾਣ ਬਣ ਜਾਂਦੇ ਹਨ। ਜਲੰਧਰ ਜ਼ਿਲ੍ਹੇ ਦੇ ‘ਹਾਕੀ ਪਿੰਡ’ ਮਿੱਠਾਪੁਰ ਦਾ ਜੰਮਪਲ ਮਨਪ੍ਰੀਤ ਸਿੰਘ ਅਜਿਹਾ ਹੀ ਨਾਮ ਹੈ।
ਮਿੱਠਾਪੁਰ ਤੋਂ ਸੰਸਾਰ ਦੇ ਨਕਸ਼ੇ ਤੇ
ਚਾਰ ਓਲੰਪਿਕ ਖੇਡਾਂ, ਦੋ ਓਲੰਪਿਕ ਕਾਂਸੀ ਦੇ ਮੈਡਲ , ਤਿੰਨ ਏਸ਼ਿਆਈ ਖੇਡਾਂ ਦੇ ਗੋਲ੍ਡ ਮੈਡਲ ਅਤੇ ਭਾਰਤੀ ਪੁਰਸ਼ ਹਾਕੀ ਵਿੱਚ ਸਭ ਤੋਂ ਵੱਧ ਕੌਮਾਂਤਰੀ ਮੈਚਾਂ ਦਾ ਰਿਕਾਰਡ, ਇਹ ਸਭ ਉਸ ਦੀ ਸ਼ਾਨਦਾਰ ਯਾਤਰਾ ਦੇ ਪੜਾਅ ਹਨ। ਪਰ ਉਸ ਦੀ ਅਸਲ ਮੰਜ਼ਿਲ ਅਜੇ ਬਾਕੀ ਹੈ।
26 ਜੂਨ 1992 ਨੂੰ ਜਨਮੇ ਮਨਪ੍ਰੀਤ ਨੇ ਹਾਕੀ ਦਾ ਪਹਿਲਾ ਸਬਕ ਓਲੰਪੀਅਨ ਪਰਗਟ ਸਿੰਘ ਵਰਗੇ ਦਿੱਗਜਾਂ ਦੀ ਧਰਤੀ ’ਤੇ ਲਿਆ। ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਵਿੱਚ ਮਿਹਨਤ ਨੇ ਉਸ ਦੀ ਖੇਡ ਨੂੰ ਨਿਖਾਰਿਆ ਅਤੇ 2011 ਵਿੱਚ, ਸਿਰਫ਼ 19 ਸਾਲ ਦੀ ਉਮਰ ’ਚ, ਉਸ ਨੇ ਭਾਰਤੀ ਸੀਨੀਅਰ ਟੀਮ ਲਈ ਆਪਣੀ ਅੰਤਰਰਾਸ਼ਟਰੀ ਪਾਰੀ ਸ਼ੁਰੂ ਕੀਤੀ।
ਮਿਡਫੀਲਡਰ ਵਜੋਂ ਉਸ ਦੀ ਪਛਾਣ ਹੈ ਤੇਜ਼ ਫ਼ੈਸਲੇ, ਗੇਂਦ ’ਤੇ ਬੇਮਿਸਾਲ ਕੰਟਰੋਲ, ਵਿਰੋਧੀ ਹਮਲਿਆਂ ਨੂੰ ਠੱਲ੍ਹ ਪਾਉਣ ਦੀ ਸਮਰੱਥਾ ਅਤੇ ਸਾਥੀਆਂ ਲਈ ਗੋਲ ਦੇ ਮੌਕੇ ਬਣਾਉਣ ਦੀ ਕਲਾ। ਲੋੜ ਪੈਣ ’ਤੇ ਉਹ ਰੱਖਿਆ ਪੰਕਤੀ ਵੀ ਸੰਭਾਲ ਲੈਂਦਾ ਹੈ।
ਚਾਰ ਓਲੰਪਿਕ, ਇੱਕ ਇਤਿਹਾਸਕ ਮੋੜ
ਲੰਡਨ 2012, ਰੀਓ 2016, ਟੋਕੀਓ 2020 ਅਤੇ ਪੈਰਿਸ 2024, ਚਾਰੇ ਓਲੰਪਿਕ ਵਿੱਚ ਮਨਪ੍ਰੀਤ ਨੇ ਤਿਰੰਗੇ ਦੀ ਨੁਮਾਇੰਦਗੀ ਕੀਤੀ। ਲੰਡਨ ਵਿੱਚ ਭਾਰਤ 12ਵੇਂ ਅਤੇ ਰੀਓ ਵਿੱਚ ਅੱਠਵੇਂ ਸਥਾਨ ’ਤੇ ਰਿਹਾ, ਪਰ ਟੋਕੀਓ ਨੇ ਕਹਾਣੀ ਬਦਲ ਦਿੱਤੀ।
ਉਸ ਦੀ ਕਪਤਾਨੀ ਹੇਠ ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾ ਕੇ 41 ਸਾਲ ਬਾਅਦ ਓਲੰਪਿਕ ਮੈਡਲ ਜਿੱਤਿਆ। ਇਸੇ ਖੇਡਾਂ ਵਿੱਚ ਉਸ ਨੂੰ ਮੈਰੀਕਾਮ ਦੇ ਨਾਲ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਦਲ ਦਾ ਝੰਡਾਬਰਦਾਰ ਬਣਨ ਦਾ ਮਾਣ ਵੀ ਮਿਲਿਆ। ਪੈਰਿਸ 2024 ਵਿੱਚ ਸਪੇਨ ਨੂੰ 2-1 ਨਾਲ ਹਰਾ ਕੇ ਭਾਰਤ ਨੇ ਲਗਾਤਾਰ ਦੂਜਾ ਕਾਂਸੀ ਦਾ ਮੈਡਲ ਜਿੱਤਿਆ।
ਏਸ਼ਿਆਈ ਖੇਡਾਂ ਵਿੱਚ ਮਨਪ੍ਰੀਤ ਨੇ 2014 (ਇੰਚਿਓਨ), 2023 (ਹਾਂਗਜ਼ੂ) ਅਤੇ 2026 (ਏਚੀ-ਨਾਗੋਯਾ) ਵਿੱਚ ਗੋਲ੍ਡ ਮੈਡਲ ਜਿੱਤੇ। 2018 ਦੀਆਂ ਜਕਾਰਤਾ ਖੇਡਾਂ ਵਿੱਚ ਭਾਰਤ ਕਾਂਸੀ ਤੱਕ ਸੀਮਤ ਰਿਹਾ। ਜਪਾਨ ਵਿੱਚ ਹੋਏ 2026 ਦੇ ਫਾਈਨਲ ਵਿੱਚ ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਗੋਲ੍ਡ ਜਿੱਤਿਆ ਅਤੇ ਨਾਲ ਹੀ ਲਾਸ ਏਂਜਲਸ 2028 ਲਈ ਸਿੱਧੀ ਟਿਕਟ ਵੀ ਪੱਕੀ ਕਰ ਲਈ।
ਉਹ 2014 ਤੋਂ 2026 ਤੱਕ ਲਗਾਤਾਰ ਚਾਰ ਏਸ਼ਿਆਈ ਖੇਡਾਂ ਖੇਡਣ ਵਾਲੇ ਤਜਰਬੇਕਾਰ ਖਿਡਾਰੀਆਂ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਦੇ ਨਾਮ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ 2018, 2023 ਤੇ 2024 ਦੇ ਖ਼ਿਤਾਬ ਹਨ, ਨਾਲ ਹੀ ਗਲਾਸਗੋ 2014 ਅਤੇ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦੇ ਮੈਡਲ ਵੀ।
ਰਿਕਾਰਡਾਂ ਦਾ ਸਿਖਰ
17 ਜੂਨ 2026 ਨੂੰ ਨੀਦਰਲੈਂਡ ਦੇ ਰੋਟਰਡੈਮ ਵਿੱਚ ਜਰਮਨੀ ਵਿਰੁੱਧ ਐੱਫ.ਆਈ.ਐੱਚ. ਪ੍ਰੋ ਲੀਗ ਮੈਚ ਦੌਰਾਨ ਆਪਣਾ 413ਵਾਂ ਕੌਮਾਂਤਰੀ ਮੈਚ ਖੇਡ ਕੇ ਉਸ ਨੇ ਦਿਲੀਪ ਤਿਰਕੀ ਦਾ 412 ਮੈਚਾਂ ਦਾ ਰਿਕਾਰਡ ਤੋੜ ਦਿੱਤਾ। ਹਾਕੀ ਇੰਡੀਆ ਨੇ ਵਧਾਈ ਦੇਣ ਦੇ ਨਾਲ 10 ਲੱਖ ਰੁਪਏ ਦਾ ਇਨਾਮ ਐਲਾਨਿਆ, ਅਤੇ ਹੁਣ ਉਸ ਦੀ ਪ੍ਰੋਫਾਈਲ ਵਿੱਚ 423 ਕੌਮਾਂਤਰੀ ਮੈਚ ਦਰਜ ਹਨ। ਇਹ 15 ਸਾਲਾਂ ਤੋਂ ਵੱਧ ਦੀ ਤਪੱਸਿਆ, ਤੰਦਰੁਸਤੀ ਅਤੇ ਦੇਸ਼ ਲਈ ਖੇਡਣ ਦੇ ਜਨੂੰਨ ਦਾ ਫਲ ਹੈ।
ਸਨਮਾਨਾਂ ਦੀ ਲੜੀ
ਅਰਜੁਨ ਐਵਾਰਡ (2018),ਐੱਫ.ਆਈ.ਐੱਚ. ਸਾਲ ਦਾ ਸਰਵੋਤਮ ਪੁਰਸ਼ ਖਿਡਾਰੀ (2019), ਇਹ ਸਨਮਾਨ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਹਾਕੀ ਖਿਡਾਰੀ,
ਹਾਕੀ ਇੰਡੀਆ ਦਾ ਬਲਬੀਰ ਸਿੰਘ ਸੀਨੀਅਰ ਪਲੇਅਰ ਆਫ਼ ਦਾ ਯੀਅਰ (2019), ਹਾਕੀ ਇੰਡੀਆ ਦਾ ਸਰਵੋਤਮ ਮਿਡਫੀਲਡਰ (2014 ਅਤੇ 2021), ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ (2021)
ਪੰਜਵੀਂ ਓਲੰਪਿਕ ਅਤੇ ਸੋਨੇ ਦਾ ਸੁਪਨਾ
2024 ਵਿੱਚ ਇੱਕ ਇੰਟਰਵਿਊ ਦੌਰਾਨ ਮਨਪ੍ਰੀਤ ਨੇ ਕਿਹਾ ਸੀ ਕਿ ਜੇ ਫਿਟਨੈੱਸ ਤੇ ਪ੍ਰਦਰਸ਼ਨ ਨੇ ਸਾਥ ਦਿੱਤਾ ਤਾਂ ਉਹ ਲਾਸ ਏਂਜਲਸ 2028 ਵਿੱਚ ਵੀ ਖੇਡਣਾ ਚਾਹੁੰਦਾ ਹੈ। ਭਾਰਤ ਦੀ ਸਿੱਧੀ ਯੋਗਤਾ ਨੇ ਇਸ ਸੁਪਨੇ ਨੂੰ ਹੋਰ ਨੇੜੇ ਕਰ ਦਿੱਤਾ ਹੈ। ਹਾਲਾਂਕਿ ਰਾਹ ਸੌਖਾ ਨਹੀਂ। ਹਾਕੀ ਇੰਡੀਆ ਨਵੀਂ ਟੀਮ ਵਿੱਚ ਨੌਜਵਾਨਾਂ ਅਤੇ ਤਜਰਬੇਕਾਰਾਂ ਦੋਵਾਂ ਨੂੰ ਮੌਕਾ ਦੇਣ ਦੀ ਗੱਲ ਕਰ ਰਹੀ ਹੈ, ਇਸ ਲਈ ਉਸ ਨੂੰ ਚੋਣਕਾਰਾਂ ਦਾ ਭਰੋਸਾ ਆਪਣੀ ਖੇਡ ਨਾਲ ਜਿੱਤਣਾ ਪਵੇਗਾ।
ਜੇ ਉਹ ਟੀਮ ਵਿੱਚ ਜਗ੍ਹਾ ਬਣਾ ਲੈਂਦਾ ਹੈ, ਤਾਂ ਪੰਜ ਓਲੰਪਿਕ ਖੇਡਣ ਵਾਲਾ ਪਹਿਲਾ ਭਾਰਤੀ ਪੁਰਸ਼ ਹਾਕੀ ਖਿਡਾਰੀ ਬਣੇਗਾ। ਪਰ ਉਸ ਦੀ ਅਸਲ ਇੱਛਾ ਇਸ ਤੋਂ ਵੱਡੀ ਹੈ। ਭਾਰਤ ਨੇ ਆਖ਼ਰੀ ਵਾਰ 1980 ਦੀਆਂ ਮਾਸਕੋ ਓਲੰਪਿਕ ਵਿੱਚ ਗੋਲ੍ਡ ਜਿੱਤਿਆ ਸੀ, ਅਤੇ ਦੇਸ਼ ਉਸ ਪਲ ਦੀ ਉਡੀਕ ਵਿੱਚ ਹੈ ਜਦੋਂ ਤਿਰੰਗਾ ਮੁੜ ਹਾਕੀ ਦੇ ਸਿਖਰਲੇ ਪੋਡੀਅਮ ’ਤੇ ਲਹਿਰਾਏਗਾ।
ਪ੍ਰੇਰਨਾ ਦੀ ਮਿਸਾਲ
ਮਨਪ੍ਰੀਤ ਦੀ ਕਹਾਣੀ ਸਿਖਾਉਂਦੀ ਹੈ ਕਿ ਕਾਮਯਾਬੀ ਸਿਰਫ਼ ਪ੍ਰਤਿਭਾ ਨਾਲ ਨਹੀਂ ਮਿਲਦੀ, ਇਸ ਦੇ ਪਿੱਛੇ ਸਾਲਾਂ ਦੀ ਮਿਹਨਤ, ਅਨੁਸ਼ਾਸਨ ਅਤੇ ਅਟੁੱਟ ਸਮਰਪਣ ਹੁੰਦਾ ਹੈ। ਮਿੱਠਾਪੁਰ ਦੀ ਧਰਤੀ ਤੋਂ ਉੱਠਿਆ ਇਹ ਖਿਡਾਰੀ ਅੱਜ ਪੰਜਾਬ ਦੀ ਹਾਕੀ ਵਿਰਾਸਤ ਅਤੇ ਕਦੇ ਹਾਰ ਨਾ ਮੰਨਣ ਵਾਲੀ ਭਾਵਨਾ ਦਾ ਪ੍ਰਤੀਕ ਹੈ। ਉਸ ਦਾ ਸੁਪਨਾ ਸਾਫ਼ ਹੈ: ਲਾਸ ਏਂਜਲਸ ਦੀ ਧਰਤੀ ’ਤੇ ਤਿਰੰਗਾ ਸਭ ਤੋਂ ਉੱਚਾ ਲਹਿਰਾਏ ਅਤੇ ਭਾਰਤ ਹਾਕੀ ਦੀ ਗੁਆਚੀ ਬਾਦਸ਼ਾਹਤ ਮੁੜ ਹਾਸਲ ਕਰੇ।

-
ਸੁਖਮਿੰਦਰ ਭੰਗੂ, writer
bhangoo1164@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.