ਸਤਨਾਮ ਸਿੰਘ ਮਾਣਕ ਦੇ ਕਾਵਿ-ਸੰਗ੍ਰਹਿ ‘ਅਹਿਸਾਸ’ ਦੀ ਸਮੀਖਿਆ
ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਬੇਬਾਕ, ਨਿਰਪੱਖ ਅਤੇ ਦਮਦਾਰ ਲੇਖਣੀ ਲਈ ਜਾਣੇ ਜਾਂਦੇ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਆਪਣੀ ਪਲੇਠੀ ਕਾਵਿ-ਪੁਸਤਕ ‘ਅਹਿਸਾਸ’ ਰਾਹੀਂ ਸਾਹਿਤਕ ਜਗਤ ਵਿੱਚ ਇੱਕ ਸੰਵੇਦਨਸ਼ੀਲ ਅਤੇ ਸੰਘਰਸ਼ਸ਼ੀਲ ਕਵੀ ਵਜੋਂ ਦਸਤਕ ਦਿੱਤੀ ਹੈ। ਚੇਤਨਾ ਪ੍ਰਕਾਸ਼ਨ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਸ ਪੁਸਤਕ ਦੀ ਕੀਮਤ 299 ਰੁਪਏ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਮਾਣਕ ਹੋਰਾਂ ਨੇ ਆਪਣੇ ਅੰਦਰਲੇ ਉਨ੍ਹਾਂ ਅਣਕਹੇ ਜਜ਼ਬਾਤ ਅਤੇ ਤਲਖ਼ ਹਕੀਕਤਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ, ਜੋ ਸ਼ਾਇਦ ਪੱਤਰਕਾਰੀ ਦੀਆਂ ਸੀਮਾਵਾਂ ਜਾਂ ਬੰਦਿਸ਼ਾਂ ਕਾਰਨ ਅਧੂਰੇ ਰਹਿ ਗਏ ਸਨ। ਜਿਵੇਂ ਕਿ ਉਹ ਖ਼ੁਦ ਲਿਖਦੇ ਹਨ:
“ਅੱਜ-ਕੱਲ੍ਹ ਸ਼ਿਅਰ ਕਹਿੰਦਾ ਹਾਂ, ਤਾਂ ਜੋ ਬਾਹਰ ਆ ਸਕੇ,
ਦਿਲ ’ਤੇ ਦਰਜ ਜੋ ਪੱਤਰਕਾਰੀ ਤੋਂ ਬਕਾਇਆ ਹੈ।”
‘ਅਹਿਸਾਸ’ ਦੀਆਂ ਕਵਿਤਾਵਾਂ ਮਹਿਜ਼ ਕਲਪਨਾ ਦੀ ਉਡਾਰੀ ਨਹੀਂ, ਸਗੋਂ ਮੌਜੂਦਾ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਨਿਜ਼ਾਮ ’ਤੇ ਕੀਤੀ ਗਈ ਤਿੱਖੀ ਚੋਟ ਹਨ। ਕਵੀ ਸੱਚ ਕਹਿਣ ਦਾ ਜੇਰਾ ਰੱਖਦਾ ਹੈ ਅਤੇ ਚੁੱਪ ਵੱਟ ਕੇ ਬੈਠਣ ਨੂੰ ਗੁਨਾਹ ਸਮਝਦਾ ਹੈ। ਸਮੇਂ ਦੇ ਹਾਕਮਾਂ, ਵਿਕਾਊ ਮੀਡੀਆ ਅਤੇ ਨਿਆਂ ਪ੍ਰਣਾਲੀ ਦੀ ਨਿਘਰਦੀ ਹਾਲਤ ਨੂੰ ਬਿਆਨ ਕਰਦਿਆਂ ਉਹ ਬੜੀ ਬੇਬਾਕੀ ਨਾਲ ਲਿਖਦੇ ਹਨ:
“ਕਠਪੁਤਲੀ ਦੀ ਤਰ੍ਹਾਂ ਨਿੱਤ ਨੱਚਦਾ ਹੈ ਗੋਦੀ ਮੀਡੀਆ,
ਖੇਡ ਇਸ ਦੀ ਬੇਨਕਾਬ ਕਰਨ ਨੂੰ ਦਿਲ ਕਰਦਾ ਹੈ।”
ਇਸ ਪੁਸਤਕ ਵਿੱਚ ਪੰਜਾਬ ਦਾ ਮੌਜੂਦਾ ਸੰਤਾਪ ਬੜੀ ਸ਼ਿੱਦਤ ਨਾਲ ਉੱਭਰ ਕੇ ਸਾਹਮਣੇ ਆਇਆ ਹੈ। ਨਸ਼ਿਆਂ ਦਾ ਛੇਵਾਂ ਦਰਿਆ, ਨੌਜਵਾਨਾਂ ਦੀਆਂ ਖ਼ੁਦਕੁਸ਼ੀਆਂ, ਪਲੀਤ ਹੋ ਰਹੇ ਦਰਿਆਵਾਂ ਦਾ ਪਾਣੀ ਅਤੇ ਬੁਲਡੋਜ਼ਰ ਸੱਭਿਆਚਾਰ ਵਰਗੇ ਭਖਦੇ ਮਸਲਿਆਂ ’ਤੇ ਕਵੀ ਦਾ ਦਿਲ ਵਲੂੰਧਰਿਆ ਜਾਂਦਾ ਹੈ। ਪੰਜਾਬ ਦੀ ਜਵਾਨੀ ਦੇ ਪਰਵਾਸ ਅਤੇ ਪਿੱਛੇ ਰਹਿ ਗਏ ਬਜ਼ੁਰਗ ਮਾਪਿਆਂ ਦੀ ਬੇਬਸੀ ਤੇ ਇਕੱਲਤਾ ਦਾ ਦਰਦ ਇਸ ਪੁਸਤਕ ਦਾ ਸਭ ਤੋਂ ਭਾਵੁਕ ਪੱਖ ਹੈ। ਪਰਦੇਸ ਗਏ ਪੁੱਤਰਾਂ ਦੀ ਉਡੀਕ ਵਿੱਚ ਬੈਠੇ ਮਾਪਿਆਂ ਦੀ ਦੋਚਿੱਤੀ ਨੂੰ ਕਵੀ ਨੇ ਬੜੇ ਹੀ ਮਾਰਮਿਕ ਅੰਦਾਜ਼ ਵਿੱਚ ਪੇਸ਼ ਕੀਤਾ ਹੈ:
“ਆਪਣੀ ਧਰਤੀ ਛੱਡਣ ਨੂੰ ਦਿਲ ਨਹੀਂ ਕਰਦਾ, ਬੁੱਢੇ ਹੋਏ ਸਰੀਰ ਇਕੱਲਿਆਂ ਵੀ ਨਹੀਂ ਸਰਦਾ,
ਰੋਜ਼ੀ-ਰੋਟੀ ਨਾਲ ਬੱਝੇ ਬੱਚਿਆਂ ਪਰਤਣਾ ਨਹੀਂ, ਜ਼ਫ਼ਰ ਵਾਂਗੂ ਪਰਦੇਸ ਮਰਨ ਨੂੰ ਦਿਲ ਨਹੀਂ ਕਰਦਾ।”
ਨੌਜਵਾਨਾਂ ਦੇ ਵਿਦੇਸ਼ ਜਾਣ ਕਾਰਨ ਸੁੰਨੇ ਹੋ ਰਹੇ ਪੰਜਾਬ ਬਾਰੇ ਉਹ ਚਿੰਤਾ ਜ਼ਾਹਿਰ ਕਰਦਿਆਂ ਲਿਖਦੇ ਹਨ ਕਿ ਜਹਾਜ਼ ਭਰ-ਭਰ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ, ਚਮਨ ਉੱਜੜ ਰਿਹਾ ਹੈ ਅਤੇ ਇੱਥੇ ਕੋਈ ਵਿਰਲਾ-ਟਾਵਾਂ ਗੱਭਰੂ ਹੀ ਰਹਿ ਗਿਆ ਹੈ।
ਸਤਨਾਮ ਸਿੰਘ ਮਾਣਕ ਦੀ ਸ਼ਾਇਰੀ ਜਿੱਥੇ ਜ਼ੁਲਮ, ਜਬਰ ਅਤੇ ਝੂਠੇ ਲਾਰਿਆਂ ਵਿਰੁੱਧ ਹੱਕ-ਸੱਚ ਦੀ ਲੜਾਈ ਲੜਨ ਦਾ ਹੋਕਾ ਦਿੰਦੀ ਹੈ, ਉੱਥੇ ਹੀ ਇਸ ਵਿੱਚ ਮਨੁੱਖੀ ਰਿਸ਼ਤਿਆਂ ਦੀ ਨਿੱਘ, ਮੁਹੱਬਤ ਅਤੇ ਬਚਪਨ ਤੋਂ ਪਾਲੇ ਸੰਗੀਤਕ ਤੇ ਸਾਹਿਤਕ ਸ਼ੌਕ ਦੀ ਝਲਕ ਵੀ ਮਿਲਦੀ ਹੈ। ਕਵੀ ਆਪਣੀਆਂ ਲੰਮੀਆਂ ਵਾਰਤਕ ਲਿਖਤਾਂ ਤੋਂ ਬਾਅਦ ਜਦੋਂ ਮਨ ਨੂੰ ਸਕੂਨ ਦੇਣ ਲਈ ਅੱਖਰ-ਅੱਖਰ ਜੋੜ ਕੇ ਸ਼ਿਅਰ ਸਿਰਜਦਾ ਹੈ, ਤਾਂ ਉਹ ਆਮ ਲੋਕਾਂ ਦੀ ਆਵਾਜ਼ ਬਣ ਜਾਂਦਾ ਹੈ।
ਸਮੁੱਚੇ ਤੌਰ ’ਤੇ, ‘ਅਹਿਸਾਸ’ ਪੁਸਤਕ ਅਜੋਕੇ ਦੌਰ ਦਾ ਇੱਕ ਸੱਚਾ ਦਸਤਾਵੇਜ਼ ਹੈ। ਠੇਠ ਅਤੇ ਸਰਲ ਪੰਜਾਬੀ ਭਾਸ਼ਾ ਵਿੱਚ ਰਚੀਆਂ ਇਹ ਕਵਿਤਾਵਾਂ ਪਾਠਕ ਨੂੰ ਸਿਰਫ਼ ਭਾਵੁਕ ਹੀ ਨਹੀਂ ਕਰਦੀਆਂ, ਸਗੋਂ ਸਮਾਜਿਕ ਸਰੋਕਾਰਾਂ ਪ੍ਰਤੀ ਸੁਚੇਤ ਹੋ ਕੇ ਸੋਚਣ ਅਤੇ ਜੂਝਣ ਲਈ ਵੀ ਪ੍ਰੇਰਿਤ ਕਰਦੀਆਂ ਹਨ। ਇਹ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਵਿੱਚ ਇੱਕ ਮੁੱਲਵਾਨ ਵਾਧਾ ਹੈ, ਜਿਸ ਦਾ ਭਰਵਾਂ ਸਵਾਗਤ ਹੋਣਾ ਚਾਹੀਦਾ ਹੈ।
ਪੁਸਤਕ ਦੇ ਕੁਝ ਚੋਣਵੇਂ ਸ਼ੇਅਰ ਪਾਠਕਾਂ ਦੇ ਰੂਬਰੂ:
-ਸਾਊ ਅੰਦਰੀਂ ਵੜ ਗਏ, ਨਿੱਤ ਗੁੰਡੇ ਪਾਉਣ ਧਮਾਲ।
ਕਿੱਦਾਂ ਖਿੜਨਗੇ ਫੁੱਲ ਤੇ ਆਏਗਾ ਬਾਗ਼ਾਂ ’ਤੇ ਨੂਰ।
-ਬੇਖ਼ੌਫ਼ ਹੋ ਕੇ ਕੁਝ ਕਹਿ ਨਹੀਂ ਹੁੰਦਾ,
ਚੁੱਪ ਵੱਟ ਕੇ ਵੀ ਰਹਿ ਨਹੀਂ ਹੁੰਦਾ।
- ਝੂਠਾ ਕੋਤਵਾਲ ਹੈ, ਝੂਠਾ ਹੈ ਮੁਨਸਿਫ਼ ਵੀ,
ਕਿੱਦਾਂ ਸੱਚ ਜਿੱਤੇਗਾ, ਮੈਂ ਸੋਚ ਰਿਹਾ ਹਾਂ।
-ਨਸ਼ੇ ਨੇ, ਖ਼ੁਦਕੁਸ਼ੀਆਂ ਨੇ, ਕਤਲੋਗਾਰਤ ਹੈ ਇੱਥੇ,
ਕਿਹੜੇ ਦਿਲ ਨਾਲ ਕੋਈ ਖ਼ਬਰਾਂ ਸੁਣੇ ਸ਼ਾਮ ਢਲੇ।
- ਸਮੇਂ ਦੇ ਭੀਸ਼ਮ ਪਿਤਾਮਾ ਮੂੰਹ 'ਚ ਉਂਗਲਾਂ ਪਾਈ ਬੈਠੇ ਨੇ,
ਕੌਰਵਾਂ ਦੀ ਸਭਾ ’ਚ ਫਿਰ ਦਰੋਪਦੀ ਦੀ ਪੱਤ ਲਹਿ ਗਈ ਏ।
- ਹੱਕ ਤੇ ਨਿਹੱਕ ਵਿਚਕਾਰ ਛਿੜੀ ਜੰਗ, ਜਦੋਂ ਜੰਗ ਹੋਵੇ,
ਫਿਰ ਘਰਾਂ ’ਚ ਦੁੱਬਕ ਕੇ ਬਹਿਣਾ ਸੌਖਾ ਨਹੀਂ ਹੁੰਦਾ।
-ਤਬਾਹੀ ਮਚਾਉਂਦੇ ਦਰਿਆਵਾਂ ਨੂੰ ਥੰਮ੍ਹਣ ਲਈ ਜੂਝਦੇ ਰਹੇ,
ਪੰਜਾਬੀਆਂ ਨੂੰ ਜ਼ਮਾਨਾ ਯਾਦ ਰੱਖੇਗਾ।
-ਕਲਮ ਚੁੱਕੀ ਹੈ ਤਾਂ ਹੁਣ ਇਸ ਦੀ ਲਾਜ ਵੀ ਰੱਖ,
ਵਰਨਾ ਨਾ ਅੱਜ ਦਾ ਰਹੇਂਗਾਂ ਨਾ ਕੱਲ ਦਾ ਰਹੇਂਗਾ।
-ਗੁਰਮੀਤ ਸਿੰਘ ਪਲਾਹੀ
-9815802070
-1795512754108.JPG)
-
ਗੁਰਮੀਤ ਸਿੰਘ ਪਲਾਹੀ, writer
gurmitpalahi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.