ਬਠਿੰਡਾ ਪੁਲਿਸ ਵੱਲੋਂ 20 ਹੌਟਸਪੌਟ ਪਿੰਡਾਂ ਤੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ 1272 ਮੁਕੱਦਮੇ ਦਰਜ, 1705 ਮੁਲਜ਼ਮ ਗ੍ਰਿਫ਼ਤਾਰ
ਨਸ਼ਾ ਪੀੜਤਾਂ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ 'ਚ ਕਰਵਾਇਆ ਦਾਖ਼ਲ, 8940 ਨੂੰ ਓ.ਓ.ਏ.ਟੀ. ਕਲੀਨਿਕਾਂ ਤੱਕ ਪਹੁੰਚਾਇਆ
ਅਸ਼ੋਕ ਵਰਮਾ
ਬਠਿੰਡਾ, 27 ਨਵੰਬਰ 2026 :ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਬਠਿੰਡਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ਾ ਪੀੜਤਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ 1 ਮਾਰਚ 2025 ਤੋਂ ਹੁਣ ਤੱਕ ਜ਼ਿਲ੍ਹੇ ਵਿੱਚ 4044 ਮੁਕੱਦਮੇ ਦਰਜ ਕਰਕੇ 5831 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਸ਼੍ਰੀ ਹਰਜੀਤ ਸਿੰਘ ਡੀ.ਆਈ.ਜੀ. ਰੇਂਜ ਬਠਿੰਡਾ, ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸ਼੍ਰੀ ਸੁਹੇਲ ਕਾਸਿਮ ਮੀਰ ਐੱਸ.ਐੱਸ.ਪੀ. ਬਠਿੰਡਾ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਹੁਪੱਖੀ ਰਣਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਤੇ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਵਿੱਚ 445 ਨਸ਼ਾ ਵਿਰੋਧੀ ਸੈਮੀਨਾਰ, 791 ਸੰਪਰਕ ਮੀਟਿੰਗਾਂ ਅਤੇ 107 ਖੇਡ ਟੂਰਨਾਮੈਂਟ ਕਰਵਾਏ ਗਏ ਹਨ।
ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਹੁਣ ਤੱਕ 91.945 ਕਿਲੋਗ੍ਰਾਮ ਹੈਰੋਇਨ, 44.540 ਕਿਲੋਗ੍ਰਾਮ ਅਫ਼ੀਮ, 4997.589 ਕਿਲੋਗ੍ਰਾਮ ਭੁੱਕੀ, 11,15,536 ਨਸ਼ੀਲੀਆਂ ਗੋਲੀਆਂ/ਕੈਪਸੂਲ, 201 ਸ਼ੀਸ਼ੀਆਂ ਅਤੇ 70.720 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਦੇ 20 ਨਸ਼ਾ ਪ੍ਰਭਾਵਿਤ ਹੌਟਸਪੌਟ ਪੁਆਇੰਟਾਂ 'ਤੇ 1 ਅਕਤੂਬਰ 2026 ਤੋਂ ਹੁਣ ਤੱਕ ਵਿਸ਼ੇਸ਼ ਕਾਰਵਾਈ ਕਰਦਿਆਂ 255 ਮੁਕੱਦਮੇ ਦਰਜ ਕੀਤੇ ਗਏ ਅਤੇ 338 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਗਈ ਸੇਫ਼ ਪੰਜਾਬ ਹੈਲਪਲਾਈਨ ਚੈਟਬੋਟ ਨੰਬਰ 97791-00200 ਰਾਹੀਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਇਨ੍ਹਾਂ ਹਾਟ ਸਪਾਟ ਪਿੰਡਾਂ 'ਚ ਹੁਣ ਤੱਕ 1272 ਮੁਕੱਦਮੇ ਦਰਜ ਕਰਕੇ 1705 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹੈਲਪਲਾਈਨ ਰਾਹੀਂ ਕੁੱਲ 3536 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।
ਨਸ਼ਿਆਂ ਦੀ ਲਤ ਨਾਲ ਜੂਝ ਰਹੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਪੁਲਿਸ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ 3041 ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਗਿਆ, ਜਦਕਿ 8940 ਵਿਅਕਤੀਆਂ ਨੂੰ ਓ.ਓ.ਏ.ਟੀ. ਕਲੀਨਿਕਾਂ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 64-A ਤਹਿਤ 267 ਵਿਅਕਤੀਆਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਨਸ਼ਾ ਤਸਕਰੀ ਰਾਹੀਂ ਬਣਾਈ ਗਈ ਗੈਰ-ਕਾਨੂੰਨੀ ਜਾਇਦਾਦ ਨੂੰ ਫ੍ਰੀਜ਼ ਕਰਨ ਲਈ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 68-F ਤਹਿਤ 45 ਕੇਸ ਸਮਰੱਥ ਅਥਾਰਟੀ ਕੋਲ ਭੇਜੇ ਗਏ ਹਨ। ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 11 ਕਰੋੜ 44 ਲੱਖ 1 ਹਜ਼ਾਰ 978 ਰੁਪਏ ਹੈ। ਇਨ੍ਹਾਂ ਵਿੱਚੋਂ 39 ਕੇਸਾਂ ਵਿੱਚ ਜਾਇਦਾਦ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਦੀ ਕੀਮਤ 8 ਕਰੋੜ 64 ਲੱਖ 99 ਹਜ਼ਾਰ 136 ਰੁਪਏ ਹੈ।
ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਨਸ਼ਾ ਪੀੜਤਾਂ ਦੇ ਇਲਾਜ, ਮੁੜ ਵਸੇਬੇ ਅਤੇ ਸਮਾਜ ਵਿੱਚ ਉਨ੍ਹਾਂ ਦੀ ਮੁੜ ਸ਼ਮੂਲੀਅਤ ਲਈ ਯਤਨ ਜਾਰੀ ਹਨ। ਪੁਲਿਸ ਦਾ ਉਦੇਸ਼ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰਨਾ, ਨੌਜਵਾਨ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਬਣਾਉਣਾ ਅਤੇ ਨਸ਼ਾ ਮੁਕਤ ਬਠਿੰਡਾ ਦੀ ਸਿਰਜਣਾ ਕਰਨਾ ਹੈ।
ਪੰਜਾਬ ਸਰਕਾਰ ਵਲੋਂ 20 ਪਿੰਡਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਵਿਚ ਨਸ਼ਿਆਂ ਖਿਲਾਫ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ । ਇਨ੍ਹਾਂ ਪਿੰਡਾਂ ਚ ਅਬਲੂ, ਭਾਗੀਬਾਂਦਰ, ਭਾਈ ਬਖਤੌਰ, ਭੋਖੜਾ, ਭੁੱਚੋ ਮੰਡੀ, ਬੁਰਜ ਕਾਹਨ ਸਿੰਘ ਵਾਲਾ, ਬੁਰਜ ਮਾਨਸਾ, ਘੁੰਮਣ ਕਲਾਂ, ਗਿਆਨਾ, ਗੋਨਿਆਣਾ ਕਲਾਂ, ਹਰਰਾਏਪੁਰ, ਜੀਦਾ, ਝੂੰਬਾ, ਜੀਵਨ ਸਿੰਘ ਵਾਲਾ, ਕਲਿਆਣ ਸੱਦਾ, ਲਹਿਰਾ ਮੁਹੱਬਤ, ਮਲੂਕਾ, ਨਾਰ ਸਿੰਘ ਕਲੋਨੀ, ਨਾਸੀਬਪੁਰਾ, ਪਥਰਾਲਾ, ਨਰ ਸਿੰਘ ਕਾਲੋਨੀ ਸ਼ਾਮਲ ਹਨ।
- Download Babushahi App
-
-