ਬਾਦਲਕਿਆਂ ਨੇ ਕਰਕੇ ਨਾਗਪੁਰ ਵਾਪਸੀ, ਕੀਤਾ ਸਿੱਖੀ ਦਾ ਘੋਰ ਅਪਮਾਨ-
ਸ਼੍ਰੀ ਅਕਾਲ ਤਖ਼ਤ ਸਾਹਿਬ ਦੇਵੇ ਦਖਲ, ਗੁਰੂ ਦੋਖੀਆਂ ਦੇ ਬੰਦ ਹੋਣ ਗੁਰੂ ਘਰਾਂ ਵਿੱਚ ਸਨਮਾਨ- ਖਾਲੜਾ ਮਿਸ਼ਨ
ਚੰਡੀਗੜ੍ਹ, 27 ਨਵੰਬਰ 2026: ਬਾਦਲਕਿਆਂ ਨੇ ਭਾਈਚਾਰਕ ਸਾਂਝ, ਅਮਨ-ਸ਼ਾਂਤੀ ਦਾ ਢਕਵੰਜ ਘੜਕੇ ਨਾਗਪੁਰ ਵਾਪਸੀ ਕਰਕੇ ਸਿੱਖੀ ਦਾ ਘੋਰ ਅਪਮਾਨ ਕੀਤਾ ਹੈ। ਅੱਜ ਇੱਥੇ ਖਾਲੜਾ ਮਿਸ਼ਨ ਆਰਗਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲਕਿਆਂ ਵੱਲੋਂ ਮੰਨੂਵਾਦੀਆਂ ਨਾਲ ਗਠਜੋੜ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ 'ਤੇ ਕੀਤੇ ਮਹਾਂਪਾਪ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਗੁਰੂ ਦੋਖੀਆਂ ਦੇ ਗੁਰੂ ਘਰਾਂ ਵਿੱਚ ਸਨਮਾਨ ਬੰਦ ਕਰਨੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਗੁਰਬਾਣੀ ਦਾ ਸੰਦੇਸ਼ ਤਾਂ ਪਹਿਲਾਂ ਹੀ ਸਰਬੱਤ ਦੇ ਭਲੇ ਦਾ ਹੈ, ਮਨੁੱਖੀ ਬਰਾਬਰਤਾ ਦਾ ਹੈ, ਜ਼ੁਲਮ ਦੀ ਵਿਰੋਧਤਾ ਦਾ ਹੈ, ਬਾਬਰ ਨੂੰ ਜ਼ਾਬਰ ਕਹਿਣ ਦਾ ਹੈ, ਨਿਮਾਣਿਆਂ-ਨਿਤਾਣਿਆਂ ਨਾਲ ਖਲੋਣ ਦਾ ਹੈ ਅਤੇ ਗਰੀਬ ਦੀ ਬਾਂਹ ਫੜਨ ਦਾ ਹੈ, ਪਰ ਬਾਦਲਕਿਆਂ ਨੇ ਮੰਨੂਵਾਦੀਆਂ ਨਾਲ ਦੋਸਤੀ ਦਾ ਨਵਾਂ ਛੜਯੰਤਰ ਰਚਿਆ ਹੈ। ਪੰਜਾਬ ਦਾ ਪਾਣੀ, ਬਿਜਲੀ ਲੁੱਟਣ ਵਾਲੇ, ਰਾਜਧਾਨੀ ਖੋਹਣ ਵਾਲੇ, ਸ਼੍ਰੀ ਦਰਬਾਰ ਸਾਹਿਬ 'ਤੇ ਫੌਜਾਂ ਚੜਾਉੇਣ ਵਾਲੇ, ਝੂਠੇ ਮੁਕਾਬਲਿਆਂ, ਨਸ਼ਿਆਂ ਰਾਂਹੀ ਜਵਾਨੀ ਦਾ ਘਾਣ ਕਰਨ ਵਾਲੇ ਕੇਂਦਰ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਕੇ ਗੁਰਾਂ ਦੇ ਪੰਜਾਬ ਦੀ ਪਿੱਠ ਵਿੱਚ ਫੇਰ ਛੁਰਾ ਮਾਰ ਰਹੇ ਹਨ। ਅਜੇ ਸਿੱਖ ਪੰਥ ਬਾਦਲਕਿਆਂ ਵੱਲੋਂ ਧਰਮ ਯੁੱਧ ਮੋਰਚੇ ਸਮੇਂ ਕੀਤੀ ਧਰਮ ਯੁੱਧ ਮੋਰਚੇ ਨਾਲ ਗਦਾਰੀ ਨਹੀਂ ਭੱੁਲਿਆ ਸੀ, ਜੋ ਉਨ੍ਹਾਂ ਕੇਂਦਰ ਨਾਲ ਗੁਪਤ ਮੀਟਿੰਗਾਂ ਕਰਕੇ ਅਤੇ ਗੁਪਤ ਚਿੱਠੀਆਂ ਲਿਖ ਕੇ ਕੀਤੀ ਸੀ। ਬਾਦਲਕਿਆਂ ਨੇ ਗੁਰਬਾਣੀ ਦਾ ਪਵਿੱਤਰ ਫੁਰਮਾਨ ਵੀ ਭੁਲਾ ਦਿੱਤਾ, ਜੋ ਸੰਦੇਸ਼ ਦਿੰਦਾ ਹੈ :-
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ॥
ਮਰਣੁ ਨਾ ਜਾਪੈ ਮੂਲਿਆ ਆਵੈ ਕਿਤੈ ਥਾਇ॥
ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੀ, ਧਾਰਮਿਕ ਨਫਰਤਾਂ ਫੈਲਾ ਕੇ, ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨ ਢਾਹੁਣ ਵਾਲੀ, ਕੁਲਨਾਸ਼ ਤੋਂ ਬਾਅਦ ਸਿੱਖਾਂ ਦੀਆਂ ਲਾਸ਼ਾਂ 'ਤੇ ਭੰਗੜੇ ਪਾਉਣ ਵਾਲੀ, ਫੌਜੀ ਹਮਲੇ ਨੂੰ ਮਤੇ ਪਾ ਕੇ ਜਾਇਜ਼ ਠਹਿਰਾਉਣ ਵਾਲੀ, ਇੰਦਰਾਂ ਨੂੰ ਸ਼ਰਧਾਂਜ਼ਲੀਆਂ ਦੇਣ ਵਾਲੀ, ਸੰਤ ਭਿੰਡਰਾਂਵਾਲਿਆਂ ਤੇ ਸਿੱਖਾਂ ਨੂੰ ਅੱਤਵਾਦੀ ਦੱਸਣ ਵਾਲੀ ਮੰਨੂਵਾਦੀ ਧਿਰ ਨਾਲ ਦੋਸਤੀ ਪਾ ਕੇ, ਕੂੜ ਦੀ ਪਹਿਰੇਦਾਰੀ ਕੀਤੀ ਗਈ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਹੱਕ ਵਿੱਚ ਖਲੋਤੀ, ਬੰਦੀ ਸਿੱਖਾਂ ਨੂੰ ਜ਼ੇਲ੍ਹਾਂ ਵਿੱਚ ਰੋਲਣ ਵਾਲੀ ਧਿਰ, 700 ਕਿਸਾਨਾਂ ਨੂੰ ਸ਼ਹੀਦ ਕਰਨ ਵਾਲੀ ਧਿਰ, ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖੜੀ ਧਿਰ ਨਾਲ ਦੋਸਤੀ ਨੂੰ ਬਾਦਲਕੇ ਪੰਜਾਬ ਦੇ ਲੋਕਾਂ ਦੀ ਅਵਾਜ਼ ਦੱਸਕੇ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ 'ਤੇ ਸਿਰੇ ਦਾ ਕੁਫਰ ਤੋਲ ਰਹੇ ਹਨ। ਜਥੇਬੰਦੀਆਂ ਨੇ ਕਿਹਾ ਕਿ ਗੁਰਾਂ ਦਾ ਪੰਜਾਬ ਚਾਹੁੰਦਾ ਹੈ ਕੇਜਰੀਵਾਲਕਿਆਂ, ਭਗਵੰਤ ਮਾਨਕਿਆਂ ਵੱਲੋਂ ਮਚਾਈ ਲੁੱਟ ਦਾ ਹਿਸਾਬ, ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਨੂੰ ਚੋਰੀ-ਛਿਪੇ ਅਜ਼ਾਦ ਕਰਨ ਦਾ ਹਿਸਾਬ। ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੀਆਂ ਚੋਣਾਂ ਸਮੇਂ ਪੰਜਾਬ ਦਾ ਸਭ ਤੋਂ ਪ੍ਰਮੁੱਖ ਏਜੰਡਾ, ਨਿਰਪੱਖ ਕਮਿਸ਼ਨ ਰਾਂਹੀ ਹੋਵੇ 84 ਵਾਲਿਆਂ, ਬਾਦਲਕਿਆਂ, ਕੇਜਰੀਵਾਲਕਿਆਂ, ਭਾਜਪਾਕਿਆਂ ਦੀਆਂ ਜਾਇਦਾਦਾਂ ਦੀ ਪੜ੍ਹਤਾਲ। ਨਿਰਪੱਖ ਕਮਿਸ਼ਨ ਰਾਂਹੀ ਹੋਵੇ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਸ਼ਿਆਂ ਰਾਂਹੀ ਕੁਲਨਾਸ਼ ਦੀ ਪੜ੍ਹਤਾਲ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਲਈ ਸਭ ਤੋਂ ਵੱਡਾ ਖਤਰਾ- ਝੂਠੇ ਧਰਮੀਆਂ ਦੇ ਗਠਜੋੜ, ਅਧਰਮੀਆਂ ਦੇ ਗਠਜੋੜ, ਕੱਟੜ ਬੇਈਮਾਨਾਂ ਦੀ ਕੰਪਨੀ ਕੇਜਰੀਵਾਲਕੇ ਤੋਂ ਹੈ। ਜਥੇਬੰਦੀ ਨੇ ਕਿਹਾ ਕਿ ਅੱਜ ਤੱਕ ਰਹੇ ਮੁੱਖ ਮੰਤਰੀਆਂ ਦਾ ਸਾਂਝਾ ਏਜੰਡਾ ਹੈ- ਜਾਇਦਾਦਾਂ ਦੇ ਅੰਬਾਰ ਲਾਉਣੇ ਤੇ ਕੋਈ ਪੜ੍ਹਤਾਲ ਨਾ ਹੋਣ ਦੇਣਾ। ਸਿੱਖਾਂ ਦੀ ਕੁਲਨਾਸ਼ ਕਰਾਉਣੀ ਫਿਰ ਪਰਦੇ ਪਾ ਕੇ ਭੰਗੜਾ ਪਾਉਣਾ।
- Download Babushahi App
-
-