ਚਿੱਤਰ: ਲੇਖਕ ਦੀ ਨਿਰਦੇਸ਼ਨਾ ਹੇਠ AI ਦੀ ਸਹਾਇਤਾ ਨਾਲ ਤਿਆਰ ਕੀਤੇ ਗਏ।
ਬਾਬੂਸ਼ਾਹੀ · ਲੜੀਵਾਰ ਨਾਵਲ
ਆਪੇ ਦੀ ਭਾਲ਼
Aape Di Bhaal
ਰਛਪਾਲ ਸਹੋਤਾ
← ਪਿਛਲੀ ਕਿਸ਼ਤ · ਸਾਰੀਆਂ ਕਿਸ਼ਤਾਂ · ਅਗਲੀ ਕਿਸ਼ਤ →
ਕਿਸ਼ਤ 3 — ਬਰਾਬਰੀ ਦੀ ਕੀਮਤ
ਵੀਰਵਾਰ, 12 ਨਵੰਬਰ 2026
ਅਗਲੀਆਂ ਕਿਸ਼ਤਾਂ ਹਰ ਸੋਮਵਾਰ ਅਤੇ ਵੀਰਵਾਰ
ਪਿਛਲੀ ਕਿਸ਼ਤ ਵਿੱਚ
ਸਕੂਲ ਦੇ ਪਹਿਲੇ ਦਿਨ ਜੱਗੀ ਦੇ ਹਕਲ਼ਾਉਣ ਦਾ ਮਜ਼ਾਕ ਉੱਡਦਾ ਹੈ। ਬੰਤੇ ਦੇ ਧੱਕੇ ਦਾ ਜਵਾਬ ਦੇਣ ਤੇ ਸਜ਼ਾ ਵੀ ਜੱਗੀ ਨੂੰ ਹੀ ਮਿਲਦੀ ਹੈ। ਮਾਸਟਰ ਉਹਦੇ ਦਾਖ਼ਲੇ ਨੂੰ ਇੱਕ ਸਾਲ ਟਾਲਣ ਦੀ ਸਲਾਹ ਦਿੰਦਾ ਹੈ, ਪਰ ਤੇਜਾ ਨਹੀਂ ਮੰਨਦਾ। ਘਰ ਆਏ ਜੱਗੀ ਨੂੰ ਬਿੰਦੋ ਕਲਾਵੇ ਵਿੱਚ ਲੈ ਕੇ ਭਰੋਸਾ ਦਿੰਦੀ ਹੈ ਕਿ ਉਹ ਕਿਸੇ ਤੋਂ ਘੱਟ ਨਹੀਂ।
ਕਾਂਡ 3
ਤੇਜਾ ਇੱਕ ਮਿਹਨਤੀ ਇਨਸਾਨ ਸੀ ਜਿਸ ਦੇ ਡੰਗਰ ਵੱਛੇ, ਘਰ, ਖੇਤ, ਅਤੇ ਘਰ ਤੋਂ ਖੇਤ ਵਿਚਕਾਰਲਾ ਅੱਧਾ ਕੁ ਮੀਲ ਲੰਮਾ ਪਹਾ ਹੀ ਉਹਦੀ ਦੁਨੀਆ ਸੀ। ਉਹਦੀ ਸਮਾਜਕ ਜ਼ਿੰਦਗੀ, ਬਸਤੀ ਵਿੱਚ ਕਿਸੇ ਦੀ ਮਰਗ ਜਾਂ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਤੀਕਰ ਹੀ ਸੀਮਤ ਸੀ। ਕਿਸੇ ਵੀ ਤਰਾਂ ਦੇ ਜਸ਼ਨ ਵਿੱਚ ਸ਼ਾਮਲ ਹੋਣਾ ਉਹਨੂੰ ਪਸੰਦ ਨਹੀਂ ਸੀ। ਉਹ ਕਿਸੇ ਵਿਆਹ ਸ਼ਾਦੀ ਤੇ ਸਿਰਫ ਉਦੋਂ ਹੀ ਜਾਂਦਾ ਜਦੋਂ ਜਾਏ ਬਿਨਾਂ ਸਰਦਾ ਹੀ ਨਾ ਹੋਵੇ ਅਤੇ ਉੱਥੇ ਵੀ ਉਹ ਨਾ ਤਾਂ ਸ਼ਰਾਬ ਪੀਂਦਾ ਤੇ ਨਾ ਹੀ ਸ਼ਰਾਬ ਪੀਣ ਜਾਂ ਹੋਰ ਮੌਜ ਮਸਤੀ ਵਾਲਿਆਂ ਕੋਲ ਉੱਠਦਾ ਬੈਠਦਾ।
ਤੇਜੇ ਦਾ ਦਾਦਾ ਅੰਗਰੇਜ਼ ਫ਼ੌਜ ਵਿੱਚ ਜਮਾਦਾਰ ਹੁੰਦਾ ਸੀ। ਖਾਣਾ ਪੀਣਾ ਤੇ ਹੋਰ ਰਹਿਣ ਦਾ ਖਰਚਾ ਫ਼ੌਜ ਵੱਲੋਂ ਮਿਲਣ ਕਰਕੇ, ਉਹ ਆਪਣੀ ਤਨਖ਼ਾਹ ਤਕਰੀਬਨ ਸਾਰੀ ਹੀ ਬਚਾ ਲੈਂਦਾ ਸੀ। ਹੌਲੀ ਹੌਲੀ ਦਾਦੇ ਨੇ ਆਪਣੀ ਕੰਜੂਸੀ ਅਤੇ ਦੂਰ ਅੰਦੇਸ਼ੀ ਸਦਕਾ ਇੱਕ ਸੋਹਣਾ ਘਰ ਬਣਾ ਲਿਆ ਜਿਸ ਵਿੱਚ ਹੁਣ ਉਸ ਦਾ ਪੋਤਰਾ, ਤੇਜਾ, ਰਹਿੰਦਾ ਸੀ। ਘਰ, ਪਿੰਡ ਅਤੇ ਬਸਤੀ ਵਿਚਕਾਰਲੀ ਵੱਡੀ ਸੜਕ ਦੇ ਬਿਲਕੁਲ ਨਾਲ ਸੀ ਤੇ ਬਸਤੀ ਦਾ ਪਹਿਲਾ ਘਰ ਹੋਣ ਕਰਕੇ, ਬਸਤੀ ਦੀ ਦਿੱਖ ਨੂੰ ਚਾਰ ਚੰਨ ਲਾਉਂਦਾ ਸੀ।
ਜਦੋਂ ਬਿੰਦੋ ਵਿਆਹ ਤੋਂ ਬਾਅਦ ਇਸ ਘਰੇ ਆਈ ਤਾਂ ਉਹਨੇ ਫ਼ਲੱਸ਼ ਵਾਲੀ ਕਮੋਡ ਲੁਆਉਣ ਦੀ ਸਲਾਹ ਦਿੱਤੀ। ਜਿੱਥੇ ਲੋਕੀ ਫ਼ਸਲਾਂ ਜਾਂ ਟਿੱਬੀਆਂ ਦੇ ਓਹਲੇ ਜੰਗਲ ਪਾਣੀ ਜਾਂਦੇ ਹੋਣ, ਇਹ ਇੱਕ ਨਵੀਂ, ਵਿਲੱਖਣ ਚੀਜ਼ ਸੀ। ਕੇਵਲ ਬਸਤੀ ਵਿੱਚ ਹੀ ਨਹੀਂ, ਪੂਰੇ ਪਿੰਡ ਵਿੱਚ ਇਹ ਸੁਵਿਧਾ ਕਿਸੇ ਹੋਰ ਕੋਲ ਨਹੀਂ ਸੀ।
ਤੇਜਾ ਭਾਵੇਂ ਆਪ ਤਾਂ ਨਹੀਂ ਸੀ ਪੜ੍ਹਿਆ, ਪਰ ਉਹਦਾ ਇੱਕ ਬਹੁਤ ਪੜ੍ਹਿਆ ਲਿਖਿਆ ਦੋਸਤ ਸੀ, ਪ੍ਰੋਫੈਸਰ ਤਾਰਾ ਸਿੰਘ। ਤਾਰਾ ਸਿੰਘ ਤੇਜੇ ਨਾਲ਼ੋਂ ਦੋ ਕੁ ਮਹੀਨੇ ਛੋਟਾ ਸੀ। ਦੋਹਾਂ ਦੀ ਦੋਸਤੀ ਕਈ ਪੱਖੋਂ ਨਵੇਕਲੀ ਹੋਣ ਕਰਕੇ ਹਰ ਇੱਕ ਦਾ ਧਿਆਨ ਖਿੱਚਦੀ ਸੀ। ਤੇਜੇ ਦੇ ਮੁਕਾਬਲੇ, ਤਾਰਾ ਸਿੰਘ ਜੱਟ ਪਰਿਵਾਰ ਤੋਂ ਸੀ ਅਤੇ ਕਾਫ਼ੀ ਜ਼ਮੀਨ ਦਾ ਮਾਲਕ ਸੀ। ਉਹਨੇ ਔਕਸਫੋਰਡ ਯੂਨੀਵਰਸਿਟੀ, ਇੰਗਲੈਂਡ, ਤੋਂ ਪੀ ਐੱਚ ਡੀ ਕੀਤੀ ਸੀ ਅਤੇ ਪੰਜਾਬ ਦੀ ਇੱਕ ਮਸ਼ਹੂਰ ਯੂਨੀਵਰਸਿਟੀ ਵਿੱਚ ਜੌਗਰਫੀ ਦਾ ਪ੍ਰੋਫੈਸਰ ਸੀ।
ਇਸ ਅਲੋਕਾਰ ਦੋਸਤੀ ਦੀ ਜੜ੍ਹ ਸ਼ਾਇਦ, ਤੇਜੇ ਅਤੇ ਤਾਰੇ, ਦੋਵਾਂ ਦੇ ਜਨਮ ਤੋਂ ਪਹਿਲਾਂ ਹੀ ਲੱਗ ਗਈ ਸੀ। ਤੇਜੇ ਦਾ ਪਿਓ, ਹਰੀ, ਤਾਰੇ ਦੇ ਪਿਤਾ ਕੋਲ ਖੇਤਾਂ ਚ ਕੰਮ ਕਰਦਾ ਸੀ। ਪਿੰਡ ਦੇ ਬਾਕੀ ਜੱਟਾਂ ਦੇ ਮੁਕਾਬਲੇ ਤਾਰੇ ਦੇ ਮਾਤਾ ਪਿਤਾ, ਜਾਤਪਾਤੀ ਵਿਤਕਰਾ ਨਹੀਂ ਸਨ ਕਰਦੇ ਅਤੇ ਕਦੀ ਵੀ ਆਪਣੇ ਕਾਮਿਆਂ ਨੂੰ, ਉਹਨਾਂ ਦੀ ਜਾਤ ਕਰਕੇ, ਘਰ ਅੰਦਰ ਵੜਨੋਂ ਵਰਜਦੇ ਨਹੀਂ ਸਨ, ਅਤੇ ਇਸ ਗੱਲੋਂ ਪਿੰਡ ਦੇ ਕਾਫ਼ੀ ਜੱਟ ਔਖੇ ਵੀ ਸਨ। ਕਦੀ ਕਦੀ ਤੇਜਾ ਆਪਣੇ ਪਿਓ ਹਰੀ ਦੇ ਨਾਲ ਤਾਰੇ ਦੇ ਘਰ ਚਲਾ ਜਾਂਦਾ ਤੇ ਦੋਨੋਂ ਬੱਚੇ ਇੱਕ ਦੂਜੇ ਨਾਲ ਬਹੁਤ ਸੋਹਣਾ ਰਲ਼ ਕੇ ਖੇਡਦੇ।
ਜਦੋਂ ਤਾਰਾ ਪਹਿਲੇ ਦਿਨ ਸਕੂਲ ਗਿਆ ਤਾਂ ਤੇਜੇ ਨੂੰ ਸਕੂਲ ਜਾਂਦਿਆਂ ਕੁੱਝ ਦਿਨ ਹੋ ਗਏ ਸਨ। ਉਹ ਤਾਰੇ ਨੂੰ ਵੇਖ ਕੇ ਬੜਾ ਖ਼ੁਸ਼ ਹੋਇਆ ਤੇ ਸਕੂਲ ਤੋਂ ਬਾਅਦ ਉਹਦੇ ਨਾਲ ਹੀ ਚਲਾ ਗਿਆ। ਤੇਜੇ ਦੀ ਮਾਂ ਉਹਨੂੰ ਲੱਭਦੀ ਲੱਭਦੀ ਤਾਰੇ ਦੇ ਘਰ ਜਾ ਪਹੁੰਚੀ।
“ਤੁਸੀਂ ਥੋੜ੍ਹਾ ਦੁੱਧ ਪੀਓਂਗੇ?” ਤਾਰੇ ਦੀ ਮਾਂ ਨੇ ਪੁੱਛਿਆ।
“ਜੀ ਮੈਂ ਆਪਣਾ ਗਲਾਸ ਨਾਲ ਲੈ ਕੇ ਨਹੀਂ ਆਈ,” ਤੇਜੇ ਦੀ ਮਾਂ ਨੇ ਸੰਗਦਿਆਂ ਕਿਹਾ।
“ਇਹੋ ਜਿਹੀਆਂ ਨਿਗੂਣੀਆਂ ਗੱਲਾਂ ਦੀ ਇਸ ਘਰ ਵਿੱਚ ਕੋਈ ਥਾਂ ਨਹੀਂ। ਤੁਸੀਂ ਬੈਠੋ, ਮੈਂ ਦੁੱਧ ਲਿਆਉਂਦੀ ਹਾਂ।” ਜਦੋਂ ਤੇਜੇ ਦੀ ਮਾਂ ਧਰਤੀ ਤੇ ਬੈਠਣ ਲੱਗੀ, ਤਾਂ ਤਾਰੇ ਦੀ ਮਾਂ ਨੇ ਉਹਨੂੰ ਰੋਕ ਦਿੱਤਾ। “ਭੈਣ ਜੀ, ਮੰਜੇ ਤੇ ਬੈਠੋ।”
ਤੇਜੇ ਦੀ ਮਾਂ ਨੂੰ ਕਿਸੇ ਜੱਟ ਦੇ ਘਰ ਵਿੱਚ ਕਦੀ ਐਨਾ ਆਦਰ ਮਾਣ ਨਹੀਂ ਸੀ ਮਿਲਿਆ ਤੇ ਨਾ ਹੀ ਕਦੀ ਕਿਸੇ ਜੱਟੀ ਨੇ ਉਹਨੂੰ ਭੈਣ ਜੀ ਕਹਿ ਕੇ ਬੁਲਾਇਆ ਸੀ। ਉਹ ਸੰਗਦੀ ਸੰਗਦੀ ਮੰਜੇ ਤੇ ਬੈਠ ਗਈ।
“ਜਦੋਂ ਵੀ ਤੇਜੇ ਦਾ ਜੀ ਕਰੇ ਉਹ ਤਾਰੇ ਨਾਲ ਸਾਡੇ ਘਰ ਆ ਸਕਦਾ ਹੈ। ਵੇਖੋ, ਦੋਵੇਂ ਬੱਚੇ ਕਿਵੇਂ ਇੱਕ ਦੂਜੇ ਨਾਲ, ਪਿਆਰ ਨਾਲ, ਨਾਲ ਖੇਡ ਰਹੇ ਨੇ,” ਤਾਰੇ ਦੀ ਮਾਂ ਨੇ ਕਿਹਾ।
ਕੁੱਝ ਸਾਲਾਂ ਬਾਅਦ ਤਾਰੇ ਦੇ ਪਿਓ ਨੂੰ ਦਿਮਾਗ਼ੀ ਸਟ੍ਰੋਕ ਹੋ ਗਿਆ। ਉਹ ਬਚ ਤੇ ਗਿਆ ਪਰ ਸਿਹਤ ਪਹਿਲਾਂ ਵਰਗੀ ਨਾ ਰਹੀ। ਉਹਨੇ ਖੇਤੀ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਜ਼ਮੀਨ ਹਰੀ ਨੂੰ ਵਟਾਈ ਤੇ ਦੇ ਦਿੱਤੀ। ਕਿਸੇ ਜੱਟ ਜ਼ਿਮੀਂਦਾਰ ਦਾ ਜ਼ਮੀਨ ਨੂੰ ਠੇਕੇ ਜਾਂ ਵਟਾਈ ਤੇ ਦੇਣਾ ਕੋਈ ਅਜੀਬ ਗੱਲ ਨਹੀਂ ਸੀ, ਪਰ ਪਿੰਡ ਵਾਲਿਆਂ ਨੂੰ ਇਹ ਗੱਲ ਬਹੁਤ ਚੁਭੀ ਕਿ ਉਹਨੇ ਆਪਣੀ ਜ਼ਮੀਨ ਇੱਕ ਕੀਰੇ ਨੂੰ ਵਾਹੀ ਲਈ ਦਿੱਤੀ ਸੀ। ਪਹਿਲੀ ਗੱਲ ਤਾਂ ਕੀਰਿਆਂ ਕੋਲ ਆਰਥਕ ਸਮਰੱਥਾ ਹੀ ਨਹੀਂ ਸੀ ਹੁੰਦੀ, ਖ਼ੁਦਮੁਖ਼ਤਿਆਰ ਖੇਤੀ ਕਰਨ ਜੋਗੀ। ਦੂਜਾ ਇਹ ਕਿ ਇੱਕ ਕੀਰਾ ਉਹਨਾਂ ਦੀ ਬਰਾਬਰੀ ਕਰੇ, ਜੱਟਾਂ ਲਈ ਪਚਾਉਣਾ ਬਹੁਤ ਔਖਾ ਸੀ। ਤਾਰੇ ਦੇ ਪਿਓ ਨੇ ਆਪਣੇ ਖੇਤੀ ਵਾਲੇ ਸਾਰੇ ਔਜ਼ਾਰ, ਹਰੀ ਨੂੰ ਦੇ ਦਿੱਤੇ। “ਤੂੰ ਮੈਨੂੰ ਇਹਨਾਂ ਦੇ ਪੈਸੇ, ਹੌਲੀ ਹੌਲੀ ਕਰਕੇ, ਕੁੱਝ ਸਾਲਾਂ ਵਿੱਚ ਦੇ ਦੇਵੀਂ,” ਉਹਨੇ ਔਜ਼ਾਰਾਂ ਦੀ ਵਾਜਬ ਜਿਹੀ ਕੀਮਤ ਲਾਕੇ ਹਰੀ ਨੂੰ ਕਿਹਾ।
ਸ਼ਾਇਦ ਤਾਰੇ ਦੇ ਪਰਿਵਾਰ ਦੀ ਸੰਗਤ ਵਿੱਚ ਤੇਜਾ ਹੋਰ ਪੜ੍ਹ ਜਾਂਦਾ, ਪਰ ਹਰੀ ਨੂੰ ਖੇਤੀ ਲਈ ਆਪਣੇ ਮੁੰਡੇ ਦੀ ਲੋੜ ਸੀ ਅਤੇ ਤੇਜਾ ਪੰਜਵੀਂ ਤੋਂ ਬਾਅਦ ਸਕੂਲ ਛੱਡ ਕੇ ਆਪਣੇ ਪਿਤਾ ਨਾਲ ਖੇਤੀ ਕਰਵਾਉਣ ਲੱਗ ਪਿਆ। ਤਾਰੇ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਕਾਲਜ ਮੁਕਾ ਲਿਆ। ਤਾਰਾ ਹਾਲਾਂ ਕਾਲਜ ਵਿੱਚ ਹੀ ਸੀ ਜਦੋਂ ਉਹਦੇ ਪਿਓ ਦੀ ਮੌਤ ਹੋ ਗਈ। ਫੇਰ ਉਸ ਨੂੰ ਰਹੋਡਜ਼ ਦਾ ਵਜ਼ੀਫ਼ਾ ਮਿਲ ਗਿਆ ਅਤੇ ਉਹ ਔਕਸਫੋਰਡ ਯੂਨੀਵਰਸਿਟੀ ਵਿੱਚ ਪੀ ਐੱਚ ਡੀ ਕਰਨ ਚਲਾ ਗਿਆ।
ਤਾਰਾ ਹਾਲੀ ਇੰਗਲੈਂਡ ਵਿੱਚ ਹੀ ਸੀ ਜਦੋਂ ਤੇਜੇ ਦਾ ਵਿਆਹ ਬਿੰਦੋ ਨਾਲ ਹੋ ਗਿਆ ਅਤੇ ਥੋੜ੍ਹੀ ਦੇਰ ਬਾਅਦ ਤੇਜੇ ਦੇ ਪਿਓ, ਹਰੀ ਦੀ ਵੀ ਮੌਤ ਹੋ ਗਈ। ਇਸ ਸਭ ਕੁੱਝ ਦੇ ਬਾਵਜੂਦ, ਤਾਰੇ ਨੇ ਤੇਜੇ ਨੂੰ ਆਪਣੀ ਜ਼ਮੀਨ ਵਾਹੀ ਤੇ ਦਿੱਤੀ ਰੱਖੀ ਅਤੇ ਉਹਨਾਂ ਦੀ ਦੋਸਤੀ ਉਵੇਂ ਹੀ ਕਾਇਮ ਰਹੀ।
ਤੇਜਾ ਆਪਣੀ ਚੰਗੀ ਕਿਸਮਤ ਤੇ ਬਹੁਤ ਖ਼ੁਸ਼ ਸੀ। ਉਹਦੀ ਜ਼ਿੰਦਗੀ ਬਾਕੀ ਬਸਤੀ ਵਾਲਿਆਂ ਦੇ ਮੁਕਾਬਲੇ ਕਿੰਨੀ ਵਧੀਆ ਸੀ—ਉਹਦੀ ਘਰ ਵਾਲੀ ਖ਼ੂਬਸੂਰਤ ਤੇ ਪੜ੍ਹੀ ਲਿਖੀ ਸੀ, ਉਹਨਾਂ ਕੋਲ ਰਹਿਣ ਲਈ ਵਧੀਆ ਘਰ ਸੀ, ਅਤੇ ਖਾਣ ਪੀਣ ਦੀ ਕੋਈ ਘਾਟ ਨਹੀਂ ਸੀ। ਸਭ ਤੋਂ ਵੱਧਕੇ ਇਹ, ਕਿ ਉਹਦੇ ਪੁੱਤਰ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ।
ਵਿਆਹ ਤੋਂ ਥੋੜ੍ਹੀ ਦੇਰ ਬਾਅਦ, ਬਿੰਦੋ ਨੇ ਔਰਤਾਂ ਦੇ ਕੱਪੜੇ ਸਿਉਣ ਦਾ ਕੰਮ ਸ਼ੁਰੂ ਕਰ ਦਿੱਤਾ। ਆਮ ਤੌਰ ਤੇ ਪਿੰਡ ਦੀਆਂ ਜੱਟ ਔਰਤਾਂ ਬਸਤੀ ਵਿੱਚ ਪੈਰ ਨਹੀਂ ਸਨ ਪਾਇਆ ਕਰਦੀਆਂ। ਪਰ ਬਿੰਦੋ ਦਾ ਘਰ ਸੜਕ ਦੇ ਬਿਲਕੁਲ ਨਾਲ਼ ਸੀ ਅਤੇ ਉਹਨਾਂ ਦੇ ਘਰਾਂ ਨਾਲ਼ੋਂ ਘੱਟ ਸੋਹਣਾ ਵੀ ਨਹੀਂ ਸੀ। ਹੌਲੀ ਹੌਲੀ ਔਰਤਾਂ ਨੇ ਉਹਦੇ ਘਰ ਆਉਣਾ ਸ਼ੁਰੂ ਕਰ ਦਿੱਤਾ—ਅਣਸੀਤੇ ਕੱਪੜੇ ਦੇਣ ਅਤੇ ਸਿਲੇ ਹੋਏ ਲੈਣ ਲਈ। ਬਹੁਤ ਜਲਦ ਬਿੰਦੋ ਨੇ ਪਿੰਡ ਦੀ ਦਰਜਣ ਵਜੋਂ ਆਪਣੇ ਪੈਰ ਜਮਾ ਲਏ ਅਤੇ ਉਹਨੂੰ ਕਾਫ਼ੀ ਬਿਜ਼ਨਸ ਮਿਲਣਾ ਸ਼ੁਰੂ ਹੋ ਗਿਆ। ਬਿੰਦੋ ਆਪਣੇ ਆਪ ਨੂੰ ਤੇ ਆਪਣੇ ਘਰ ਨੂੰ, ਆਉਣ ਵਾਲੀਆਂ ਜੱਟ ਔਰਤਾਂ ਨਾਲ਼ੋਂ ਵੱਧ ਸੰਭਾਲ ਕੇ ਰੱਖਦੀ ਅਤੇ ਹਰੇਕ ਆਈ ਗਈ ਨੂੰ ਚਾਹ-ਪਾਣੀ ਪੁੱਛਦੀ। ਇਸ ਸਭ ਦੇ ਬਾਵਜੂਦ ਵੀ ਬਹੁਤ ਜੱਟ ਔਰਤਾਂ ਲਈ ਇਹ ਅਣਗੌਲ਼ਿਆ ਕਰਨਾ, ਕਿ ਬਿੰਦੋ ਕੀਰੀ ਹੈ, ਔਖਾ ਸੀ। ਭਾਵੇਂ ਉਹ ਬਿੰਦੋ ਨਾਲ ਵਧੀਆ ਬੋਲਦੀਆਂ, ਉਹਦੇ ਮੰਜੇ ਤੇ ਬੈਠ ਗੱਲਾਂ ਵੀ ਮਾਰਦੀਆਂ, ਪਰ ਉਹਦਾ ਚਾਹ-ਪਾਣੀ ਪੀਣ ਤੋਂ ਨਾਂਹ ਕਰ ਦਿੰਦੀਆਂ।
ਇੱਕ ਦਿਨ ਬਸਤੀ ਦੀ ਇੱਕ ਮੁਟਿਆਰ ਬਿੰਦੋ ਤੋਂ ਚਿੱਠੀ ਪੜ੍ਹਵਾਉਣ ਆਈ। ਚਿੱਠੀ ਉਹਦੇ ਪੇਕਿਆਂ ਤੋਂ ਆਈ ਸੀ ਤੇ ਉਹਨੂੰ ਖ਼ੁਦ ਨੂੰ ਪੜ੍ਹਨਾ ਨਹੀਂ ਸੀ ਆਉਂਦਾ।
“ਮੈਂ ਇਸ ਵਾਰ ਤੇਰੀ ਚਿੱਠੀ ਪੜ੍ਹ ਦੇਂਦੀ ਹਾਂ, ਪਰ ਵਾਅਦਾ ਕਰ ਕਿ ਤੂੰ ਪੜ੍ਹਨਾ ਤੇ ਲਿਖਣਾ ਸਿੱਖੇਂਗੀ; ਮੈਂ ਸਿਖਾਵਾਂਗੀ ਤੈਨੂੰ ਪੜ੍ਹਨਾ ਲਿਖਣਾ। ਮਨਜ਼ੂਰ ਏ?” ਬਿੰਦੋ ਨੇ ਉਹਨੂੰ ਕਿਹਾ।
ਪੜ੍ਹ ਸਕਣ ਦੀ ਕਲਪਨਾ ਕਰਕੇ ਉਹ ਔਰਤ ਤਾਂ ਬਹੁਤ ਉਤੇਜਿਤ ਹੋ ਗਈ ਤੇ ਬਿੰਦੋ ਦੀ ਵਿਦਿਆਰਥਣ ਬਣ ਗਈ। ਉਸ ਤੋਂ ਪ੍ਰੇਰਿਤ ਹੋਕੇ ਕਈ ਹੋਰ ਬਿੰਦੋ ਕੋਲ ਪੜ੍ਹਨ ਲਈ ਆ ਗਈਆਂ ਅਤੇ ਬਿੰਦੋ ਨੂੰ ਇੱਕ ਕਲਾਸ ਸ਼ੁਰੂ ਕਰਨੀ ਪਈ, ਜਿਹੜੀ ਇੱਕ ਘੰਟੇ ਲਈ ਹਫ਼ਤੇ ਵਿੱਚ ਤਿੰਨ ਵਾਰ ਲਗਦੀ ਸੀ। ਬਿੰਦੋ ਨੇ ਉਹਨਾਂ ਤੋਂ ਫ਼ੀਸ ਮੰਗੀ—ਪਰ ਪੈਸਿਆਂ ਵਿੱਚ ਨਹੀਂ, ਉਹਨਾਂ ਦੇ ਟਾਈਮ ਦੀ ਸ਼ਕਲ ਵਿੱਚ। ਉਹਨਾਂ ਨੇ ਬਸਤੀ ਦੀਆਂ ਗਲੀਆਂ ਤੇ ਆਲਾ ਦੁਆਲਾ ਸਾਫ਼ ਕਰਨ ਵਿੱਚ ਬਿੰਦੋ ਦੀ ਮਦਦ ਕਰਨੀ ਸੀ। ਬਿੰਦੋ ਦੇ ਹਠ ਅਤੇ ਲਗਾਤਾਰ ਪ੍ਰੇਰਨਾ ਨਾਲ ਹੌਲੀ ਹੌਲੀ ਬਸਤੀ ਦੀਆਂ ਔਰਤਾਂ ਅਤੇ ਨੌਜਵਾਨਾਂ ਦਾ ਇੱਕ ਗਰੁੱਪ ਬਣ ਗਿਆ, ਜਿਹੜਾ ਬਸਤੀ ਦੀ ਸਫ਼ਾਈ ਕਰਦਾ ਅਤੇ ਦੁਆਲ਼ੇ ਸੋਹਣੇ ਸੋਹਣੇ ਦਰੱਖਤ ਅਤੇ ਪੌਦੇ ਲਗਾ ਕੇ ਉਹਨਾਂ ਦੀ ਪਾਲਣਾ ਕਰਦਾ। ਹੌਲੀ ਹੌਲੀ ਉਹਨਾਂ ਨੇ ਇੱਕ ਵਿਲੱਖਣ ਲੈਂਡਸਕੇਪ ਬਣਾ ਲਿਆ, ਜਿਹੜਾ ਨਾ ਸਿਰਫ ਬਸਤੀ ਲਈ, ਸਗੋਂ ਬਾਕੀ ਪਿੰਡ ਵਾਲ਼ਿਆਂ ਲਈ ਵੀ ਇੱਕ ਨਮੂਨਾ ਸੀ।
ਬਿੰਦੋ ਦੀਆਂ ਸਰਗਰਮੀਆਂ ਕਈ ਜੱਟਾਂ ਲਈ ਈਰਖਾ ਅਤੇ ਗ਼ੁੱਸੇ ਦਾ ਕਾਰਨ ਬਣਦੀਆਂ ਗਈਆਂ। ਉਹਨਾਂ ਨੂੰ ਲੱਗਦਾ ਸੀ ਕਿ ਇੱਕ ਘੁਮੰਡੀ, ਨੀਚ-ਜਾਤ ਔਰਤ ਆਪਣੇ ਆਪ ਨੂੰ, ਉਹਨਾਂ ਤੋਂ ਵਧੀਆ ਵਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਈ ਤਾਂ ਉਹਨੂੰ, ਉਹਦੀ ਅਸਲ ਥਾਂ ਵਿਖਾਉਣ ਲਈ ਹੱਦ ਬੰਨੇ ਹੀ ਟੱਪ ਜਾਂਦੇ ਸਨ। ਇੱਕ ਵਾਰ ਬਿੰਦੋ ਨੇ ਕਿਸੇ ਦੇ ਘਰ ਸਿਲੇ ਹੋਏ ਕੱਪੜੇ ਫੜਾਉਣ ਜਾਣਾ ਸੀ। ਉਸ ਘਰੇ ਇੱਕ ਬੱਚਾ ਜੱਗੀ ਦਾ ਜਮਾਤੀ ਸੀ ਤੇ ਜੱਗੀ ਜਿਦ ਕਰਕੇ ਬਿੰਦੋ ਨਾਲ ਚਲਾ ਗਿਆ। ਉਹ ਪਹਿਲਾਂ ਵੀ ਕਈ ਵਾਰ, ਬਿੰਦੋ ਨਾਲ ਐਦਾਂ ਚਲਾ ਜਾਂਦਾ ਸੀ, ਪਰ ਉਹਨਾਂ ਨੂੰ ਕਦੀ ਕੋਈ ਸਮੱਸਿਆ ਨਹੀਂ ਸੀ ਆਈ; ਜ਼ਨਾਨੀਆਂ ਗੱਪ ਸ਼ੱਪ ਵਿੱਚ ਰੁੱਝ ਜਾਂਦੀਆਂ ਤੇ ਬੱਚੇ ਆਪਣੀ ਖੇਡ ਵਿੱਚ।
ਉਸ ਦਿਨ ਵੀ ਜ਼ਨਾਨੀਆਂ ਗੱਲੀਂ ਪੈ ਗਈਆਂ ਅਤੇ ਬੱਚੇ ਇੱਕ ਮੰਜੇ ਤੇ ਬੈਠਕੇ ਖੇਡਣ ਲੱਗੇ। ਬਿੰਦੋ ਸਿਲਾਈ ਦੇ ਪੈਸਿਆਂ ਦਾ ਭੁਗਤਾਨ ਉਡੀਕਦੀ ਚਾਹ ਪੀ ਰਹੀ ਸੀ ਕਿ ਘਰ ਦਾ ਮਾਲਕ ਕਿਸੇ ਕੰਮ ਘਰੇ ਆ ਗਿਆ। ਜੱਗੀ ਨੂੰ ਆਪਣੇ ਮੁੰਡੇ ਨਾਲ ਮੰਜੇ ਤੇ ਬੈਠੇ ਖੇਡਦਿਆਂ ਵੇਖ ਉਹ ਅੱਗ ਬਬੂਲਾ ਹੋ ਗਿਆ। “ਸਾਲਾ ਹਰਾਮਜ਼ਾਦਾ ਕੀਰਾ! ਤੇਰੀ ਹਿੰਮਤ ਕਿਵੇਂ ਹੋਈ ਇੱਕ ਜੱਟ ਦੇ ਮੰਜੇ ਤੇ ਚੜ੍ਹਨ ਦੀ?” ਕਹਿੰਦਿਆਂ ਉਹਨੇ ਜੱਗੀ ਨੂੰ ਬਾਂਹੋਂ ਫੜ ਮੰਜੇ ਤੋਂ ਵਗਾਹ ਮਾਰਿਆ।
ਬਿੰਦੋ ਦਾ ਗ਼ੁੱਸਾ ਜਿਵੇਂ ਅਸਮਾਨੀ ਚੜ੍ਹਿਆ, ਜ਼ਿੰਦਗੀ ਚ ਪਹਿਲਾਂ ਕਦੀ ਨਹੀਂ ਸੀ ਭੜਕਿਆ। ਉਹਨੇ ਬਾਂਹ ਘੁਮਾ ਕੇ ਹੱਥ ਚ ਫੜਿਆ ਗਲਾਸ ਇੰਨੇ ਜ਼ੋਰ ਨਾਲ ਧਰਤੀ ਤੇ ਮਾਰਿਆ ਕਿ ਗਲਾਸ ਵਿੱਚ ਚਿੱਬ ਪੈ ਗਿਆ ਤੇ ਚਾਹ ਚਾਰੇ ਪਾਸੇ ਖਿੱਲਰ ਗਈ। ਉਹ ਬਿਨਾਂ ਪੈਸੇ ਵਸੂਲਿਆਂ, ਜੱਗੀ ਨੂੰ ਕੁੱਛੜ ਚੁੱਕ, ਇੱਕ ਦਮ ਘਰੋਂ ਬਾਹਰ ਆ ਗਈ। ਬਿੰਦੋ ਨੂੰ ਬਾਅਦ ’ਚ ਪਤਾ ਲੱਗਾ ਕਿ ਉਹ ਜੱਟ, ਬਿੰਦੋ ਦੇ ਪੁਰਜ਼ੋਰ ਵਿਰੋਧੀਆਂ ਵਿਚੋਂ ਇੱਕ ਸੀ ਅਤੇ ਉਹਨੇ ਕਸਮ ਖਾ ਰੱਖੀ ਸੀ ਕਿ ਕੀਰੀ ਨੂੰ ਸਬਕ ਸਿਖਾ ਕੇ ਹੀ ਛੱਡੇਗਾ।
ਪਰ ਹਰੇਕ ਜੱਟ ਪਰਿਵਾਰ ਇਸ ਤਰਾਂ ਭੈੜਾ ਨਹੀਂ ਸੀ। ਕਈ ਜੱਟ ਔਰਤਾਂ ਬਿੰਦੋ ਦੀ ਇੱਜ਼ਤ ਕਰਦੀਆਂ ਸਨ, ਅਤੇ ਉਹਦੇ ਨਾਲ ਬਰਾਬਰਤਾ ਵਾਲਾ ਵਰਤਾਰਾ ਰੱਖਦੀਆਂ ਸਨ; ਉਹ, ਉਸ ਤੋਂ ਕਈ ਮਾਮਲਿਆਂ ਚ ਨਿੱਜੀ ਸਲਾਹ ਵੀ ਲੈ ਲੈਂਦੀਆਂ ਸਨ। ਪਿੰਡ ਦੇ ਕਈ ਆਦਮੀ ਵੀ ਬਿੰਦੋ ਦੀਆਂ ਕੋਸ਼ਿਸ਼ਾਂ, ਇਮਾਨਦਾਰੀ ਅਤੇ ਨਿਡਰਤਾ ਦੀ ਕਦਰ ਕਰਦੇ ਸਨ। ਇੱਕ ਦੋ ਤਾਂ ਬਿੰਦੋ ਕਰਕੇ ਆਪਣੇ ਜੱਟ ਭਾਈਚਾਰੇ ਨਾਲ ਆਢਾ ਲੈਣ ਤੋਂ ਵੀ ਨਹੀਂ ਸਨ ਕਤਰਾਉਂਦੇ। ਪਿੰਡ ਦੇ ਗੁਰਦਵਾਰੇ ਵਿੱਚ ਵਾਪਰੀ ਘਟਨਾ ਇਸ ਗੱਲ ਦੀ ਉਦਾਹਰਨ ਸੀ।
ਗੁਰਦਵਾਰਾ ਪਿੰਡ ਦੇ ਬਾਹਰ, ਸਭ ਤੋਂ ਉੱਚੇ ਟਿੱਲੇ ਤੇ ਬਣਿਆ ਸੀ, ਤੇ ਉੱਥੇ ਵਰਾਂਡੇ ਵਿੱਚ ਪੱਕੇ ਫ਼ਰਸ਼ ਤੇ ਬੈਠਣ ਲਈ ਥਾਂ ਸੀਮਿਤ ਸੀ। ਬਿੰਦੋ, ਬਿਨਾਂ ਨਾਗਾ, ਹਰ ਐਤਵਾਰ ਜੱਗੀ ਨੂੰ ਗੁਰਦਵਾਰੇ ਲੈ ਕੇ ਜਾਇਆ ਕਰਦੀ ਸੀ। ਆਮ ਦਿਨਾਂ ਵਿੱਚ ਇਕੱਠ ਬਹੁਤਾ ਨਹੀਂ ਸੀ ਹੁੰਦਾ ਤੇ ਸਾਰੀਆਂ ਜਾਤਾਂ ਦੇ ਲੋਕ, ਵਰਾਂਡੇ ਵਿੱਚ ਇਕੱਠੇ ਬੈਠ ਜਾਂਦੇ ਸਨ। ਪਰ ਤਿੱਥ ਤਿਉਹਾਰਾਂ ਤੇ ਜ਼ਿਆਦਾ ਲੋਕਾਂ ਦੇ ਗੁਰਦਵਾਰੇ ਆਉਣ ਕਰਕੇ, ਕੀਰੇ ਬਾਹਰ ਘਾਹ ਤੇ ਬੈਠ ਜਾਂਦੇ ਸਨ । ਅਜਿਹੇ ਹੀ ਇੱਕ ਤਿਉਹਾਰ ਤੇ ਬਿੰਦੋ ਅਤੇ ਜੱਗੀ ਗੁਰਦਵਾਰੇ ਗਏ ਤਾਂ ਆਮ ਦੀ ਤਰਾਂ ਵਰਾਂਡੇ ਵਿੱਚ ਬੈਠ ਗਏ। ਛੇਤੀ ਹੀ ਵਰਾਂਡਾ ਭਰ ਗਿਆ ਅਤੇ ਅਜੇ ਹੋਰ ਵੀ ਕਾਫ਼ੀ ਲੋਕੀ ਆ ਰਹੇ ਸਨ। ਇੱਕ ਜਵਾਨ ਮੁੰਡਾ ਆਇਆ ਅਤੇ ਉਹਨੇ ਬਿੰਦੋ ਨੂੰ ਬਾਹਰ ਜਾ ਕੇ ਬੈਠਣ ਲਈ ਕਿਹਾ।
ਬਿੰਦੋ ਉੱਠ ਕੇ ਬਾਹਰ ਜਾਣ ਹੀ ਲੱਗੀ ਸੀ ਕਿ ਪਿੱਛੋਂ ਇੱਕ ਅਵਾਜ਼ ਆਈ, “ਸ੍ਰੀ ਮਾਨ ਜੀ, ਤੁਸੀਂ ਬਾਹਰ ਕਿਉਂ ਨਹੀਂ ਬੈਠ ਜਾਂਦੇ। ਇਸ ਔਰਤ ਨਾਲ ਇਹਦਾ ਬੱਚਾ ਹੈ ਅਤੇ ਇਹ ਤੁਹਾਥੋਂ ਪਹਿਲਾਂ ਆਏ ਨੇ।” ਆਵਾਜ਼ ਵਿੱਚ ਕਾਫ਼ੀ ਜ਼ੋਰ ਦੀ ਤਲਖ਼ੀ ਸੀ। ਬਿੰਦੋ ਨੇ ਪਿੱਛੇ ਮੁੜ ਕੇ ਵੇਖਿਆ, ਇੱਕ ਅਧਖੜ ਉਮਰ ਦਾ ਵਿਅਕਤੀ, ਜੈ ਸਿੰਘ, ਜਿਸ ਨੂੰ ਉਹ ਚੰਗੀ ਤਰਾਂ ਜਾਣਦੀ ਸੀ, ਹੁਣ ਉੱਠ ਕੇ ਖੜ੍ਹਾ ਹੋ ਚੁੱਕਾ ਸੀ। ਉਹਨੇ ਬਿੰਦੋ ਨੂੰ ਬੈਠੇ ਰਹਿਣ ਦਾ ਇਸ਼ਾਰਾ ਕੀਤਾ।
“ਮੈਂ ਗੱਲ ਇਹਦੇ ਨਾਲ ਕਰ ਰਿਹਾ ਹਾਂ, ਤੇਰੇ ਨਾਲ ਨਹੀਂ। ਇਹਦੇ ਨਾਲ਼ ਦੇ ਸਾਰੇ ਕੀਰੇ ਬਾਹਰ ਬੈਠੇ ਨੇ, ਇਹ ਕਿਉਂ ਨਹੀਂ ਬੈਠ ਸਕਦੀ?” ਨੌਜਵਾਨ ਉੱਚੀ ਆਵਾਜ਼ ਵਿੱਚ ਬੋਲਿਆ।
“ਇਹ ਗੁਰੂ ਦਾ ਘਰ ਹੈ ਤੇ ਗੁਰੂ ਦੀ ਹਜ਼ੂਰੀ ਵਿੱਚ ਸਭ ਬਰਾਬਰ ਨੇ। ਆਪਣੀ ਜਾਤ ਨੂੰ ਤੂੰ ਆਪਣੇ ਕੋਲ ਰੱਖ; ਕੁੜੀ ਦਾ ਖਹਿੜਾ ਛੱਡ ਤੇ ਪਰੇ ਚਲਾ ਜਾ।” ਜੈ ਸਿੰਘ ਦੇ ਅੰਦਾਜ਼ ਵਿੱਚ ਕਿਸੇ ਦਲੀਲ ਜਾਂ ਗੱਲਬਾਤ ਲਈ ਕੋਈ ਥਾਂ ਨਾ ਵੇਖ ਨੌਜਵਾਨ ਲਾਂਭੇ ਹੋ ਗਿਆ। ਆਪਣੇ ਕਾਰਨ ਕੋਈ ਵਿਵਾਦ ਖੜ੍ਹਾ ਹੋਣ ਤੋਂ ਡਰਦੀ ਬਿੰਦੋ ਪਾਠ ਖ਼ਤਮ ਹੁੰਦੇ ਸਾਰ, ਬਿਨਾਂ ਲੰਗਰ ਖਾਧੇ ਜੱਗੀ ਨੂੰ ਲੈ ਵਾਪਸ ਚਲੀ ਗਈ।
← ਪਿਛਲੀ ਕਿਸ਼ਤ · ਸਾਰੀਆਂ ਕਿਸ਼ਤਾਂ · ਅਗਲੀ ਕਿਸ਼ਤ →
ਅਗਲੀ ਕਿਸ਼ਤ ਲਈ ਇਹ ਲੜੀ ਆਪਣੇ ਬੁੱਕਮਾਰਕ ਵਿੱਚ ਰੱਖੋ।
ਪੂਰਾ ਨਾਵਲ ਹੇਠ ਦਿੱਤੇ ਲਿੰਕਾਂ ਤੋਂ ਮਿਲ ਸਕਦਾ ਹੈ
ਪੰਜਾਬੀ ਈ-ਬੁੱਕ
ਛਪੀ ਹੋਈ ਕਿਤਾਬ
ਹਿੰਦੀ ਅਤੇ ਅੰਗਰੇਜ਼ੀ ਰੂਪ
गरिमा का बोझ · Chasing Dignity

-
ਰਛਪਾਲ ਸਹੋਤਾ, ਲੇਖਕ
rachhpalsahota@hotmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.