ਤਾਮਿਲਨਾਡੂ 'ਚ ਪ੍ਰਕਾਸ਼ ਪੁਰਬ ਮੌਕੇ ਪੁਲਿਸ ਵੱਲੋਂ ਕਥਿਤ ਧਮਕੀਆਂ ਅਤੇ ਜਾਤੀ ਪੁੱਛਗਿੱਛ ਦਾ ਮਾਮਲਾ ਭਖਿਆ: ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੂੰ ਭੇਜੀ ਲਿਖਤੀ ਸ਼ਿਕਾਇਤ
ਬਾਬੂਸ਼ਾਹੀ ਬਿਊਰੋ
ਸ੍ਰੀ ਅੰਮ੍ਰਿਤਸਰ ਸਾਹਿਬ/ਥੂਥੁਕੁੜੀ, 29 ਨਵੰਬਰ, 2026: ਤਾਮਿਲਨਾਡੂ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਦੌਰਾਨ ਸਥਾਨਕ ਪੁਲਿਸ ਵੱਲੋਂ ਰੁਕਾਵਟਾਂ ਪਾਉਣ, ਜਾਤੀ ਅਧਾਰਿਤ ਪੁੱਛਗਿੱਛ ਕਰਨ ਅਤੇ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਤਾਮਿਲ ਸਿੱਖ ਸੰਗਤ, ਤਾਮਿਲਨਾਡੂ ਦੇ ਪ੍ਰਧਾਨ ਸੇਲਵਾ ਸਿੰਘ (ਵਾਸੀ ਪਿੰਡ ਮੇਲਾਚੇੱਕਾਰਾਕੁੜੀ, ਜ਼ਿਲ੍ਹਾ ਥੂਥੁਕੁੜੀ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਵਿਸਥਾਰਤ ਲਿਖਤੀ ਸ਼ਿਕਾਇਤ ਪੱਤਰ ਭੇਜ ਕੇ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਅਤੇ ਉਚਿਤ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਸ਼ਿਕਾਇਤ ਦੀ ਇੱਕ ਨਕਲ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ (NCM) ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਨੂੰ ਵੀ ਲੋੜੀਂਦੀ ਕਾਰਵਾਈ ਹਿੱਤ ਭੇਜੀ ਗਈ ਹੈ।
ਲੰਗਰ ਦਾ ਸਾਮਾਨ ਲਿਜਾਂਦੇ ਸਮੇਂ ਰੋਕਿਆ, ਪੁਲਿਸ 'ਤੇ ਜਾਤੀ ਪੁੱਛਣ ਦੇ ਗੰਭੀਰ ਦੋਸ਼
ਰਸਤੇ ਵਿੱਚ ਰੋਕ ਅਤੇ ਮੌਖਿਕ ਪਾਬੰਦੀ: ਸੇਲਵਾ ਸਿੰਘ ਵੱਲੋਂ ਭੇਜੇ ਪੱਤਰ ਅਨੁਸਾਰ, 24 ਨਵੰਬਰ 2026 ਨੂੰ ਜਦੋਂ ਉਹ ਆਪਣੇ ਘਰ ਨੇੜਲੀ ਨਿੱਜੀ ਜਗ੍ਹਾ 'ਤੇ ਪ੍ਰਕਾਸ਼ ਪੁਰਬ ਮਨਾਉਣ ਅਤੇ ਲੰਗਰ ਤਿਆਰ ਕਰਨ ਲਈ ਥੂਥੁਕੁੜੀ ਤੋਂ ਸਾਮਾਨ ਲੈ ਕੇ ਜਾ ਰਹੇ ਸਨ, ਤਾਂ ਮੇਲਾਥੱਟੱਪਾਰਾਈ ਨੇੜੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਸਮਾਗਮ ਕਰਨ 'ਤੇ ਮੌਖਿਕ ਪਾਬੰਦੀ ਲਗਾ ਦਿੱਤੀ। ਜਦੋਂ ਉਨ੍ਹਾਂ ਲਿਖਤੀ ਹੁਕਮ ਮੰਗਿਆ, ਤਾਂ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਅਤੇ ਇਜਾਜ਼ਤ ਲਈ ਲਿਖਤੀ ਅਰਜ਼ੀ ਦੇਣ ਲਈ ਕਿਹਾ।
ਸੇਲਵਾ ਸਿੰਘ ਨੇ ਦੋਸ਼ ਲਾਇਆ ਕਿ ਅਰਜ਼ੀ ਦੀ ਪੜਤਾਲ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਜਾਤੀ ਬਾਰੇ ਪੁੱਛਿਆ। ਜਦੋਂ ਉਨ੍ਹਾਂ ਦੱਸਿਆ ਕਿ ਉਹ ਸਿੱਖ ਧਰਮ ਨਾਲ ਸਬੰਧਤ ਹਨ ਜੋ ਜਾਤ-ਪਾਤ ਨੂੰ ਨਹੀਂ ਮੰਨਦਾ, ਤਾਂ ਪੁਲਿਸ ਇੰਸਪੈਕਟਰ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਜਾਣਕਾਰੀ ਇਕੱਠੀ ਕੀਤੀ ਅਤੇ ਰਿਕਾਰਡ ਵਿੱਚ "PL" ਵਜੋਂ ਦਰਜ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੀਆਂ ਜਾਤ-ਪਾਤ ਰਹਿਤ ਸਿੱਖਿਆਵਾਂ ਦਾ ਪ੍ਰਚਾਰ ਕਰਨ ਸਮੇਂ ਜਾਤੀ ਪੁੱਛਿਆ ਜਾਣਾ ਬੇਹੱਦ ਅਪਮਾਨਜਨਕ ਅਤੇ ਮਾਨਸਿਕ ਪੀੜਾ ਦੇਣ ਵਾਲਾ ਹੈ।


ਸਟੇਜ ਅਤੇ ਲਾਊਡਸਪੀਕਰ ਮਾਲਕਾਂ ਵਿਰੁੱਧ ਕੇਸ ਦਰਜ ਕਰਨ ਦੀਆਂ ਦਿੱਤੀਆਂ ਧਮਕੀਆਂ
ਸ਼ਿਕਾਇਤ ਮੁਤਾਬਕ ਪੁਲਿਸ ਨੇ ਸਮਾਗਮ ਨੂੰ ਸਿਰਫ਼ ਘਰ ਦੀਆਂ ਚਾਰ ਦੀਵਾਰਾਂ ਜਾਂ ਵਿਹੜੇ ਅੰਦਰ ਹੀ ਸੀਮਤ ਰੱਖਣ ਲਈ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਬਾਹਰ ਸਟੇਜ ਲਗਾਈ ਗਈ ਜਾਂ ਲਾਊਡਸਪੀਕਰ ਵਰਤਿਆ ਗਿਆ, ਤਾਂ ਸਾਮਾਨ ਥੱਟੱਪਾਰਾਈ ਥਾਣੇ ਵਿੱਚ ਜ਼ਬਤ ਕਰ ਲਿਆ ਜਾਵੇਗਾ।
ਗਰੀਬ ਮਜ਼ਦੂਰਾਂ ਦੇ ਰੁਜ਼ਗਾਰ ਕਾਰਨ ਵੱਟੀ ਚੁੱਪ
ਸੇਲਵਾ ਸਿੰਘ ਅਨੁਸਾਰ ਪੁਲਿਸ ਨੇ ਧਮਕੀ ਦਿੱਤੀ ਕਿ ਉਹ ਪ੍ਰਬੰਧਕਾਂ ਦੀ ਬਜਾਏ ਸਟੇਜ ਅਤੇ ਲਾਊਡਸਪੀਕਰ ਦੇ ਮਾਲਕਾਂ ਵਿਰੁੱਧ ਕੇਸ ਦਰਜ ਕਰਨਗੇ। ਉਨ੍ਹਾਂ ਕਿਹਾ ਕਿ ਸਟੇਜ ਤੇ ਸਾਊਂਡ ਦਾ ਪ੍ਰਬੰਧ ਕਰਨ ਵਾਲੇ ਗਰੀਬ ਮਿਹਨਤਕਸ਼ ਲੋਕਾਂ ਦੀ ਰੋਜ਼ੀ-ਰੋਟੀ ਨੂੰ ਬਚਾਉਣ ਲਈ ਉਨ੍ਹਾਂ ਨੇ ਚੁੱਪ ਰਹਿਣਾ ਠੀਕ ਸਮਝਿਆ। ਇਸ ਤੋਂ ਇਲਾਵਾ ਉਨ੍ਹਾਂ ਸ਼ਾਮ 6 ਤੋਂ ਰਾਤ 9 ਵਜੇ ਤੱਕ ਸਮਾਗਮ ਦੀ ਮੰਗ ਕੀਤੀ ਸੀ, ਪਰ ਪੁਲਿਸ ਨੇ ਲਿਖਤੀ ਹੁਕਮ ਵਿੱਚ ਸਿਰਫ਼ ਸ਼ਾਮ 5 ਤੋਂ 7:30 ਵਜੇ ਤੱਕ ਦਾ ਸਮਾਂ ਹੀ ਦਿੱਤਾ।
ਬਿਨਾਂ ਸਟੇਜ ਤੇ ਲਾਊਡਸਪੀਕਰ ਦੇ ਮਨਾਇਆ ਪੁਰਬ:
ਪੁਲਿਸ ਦੀਆਂ ਸਖ਼ਤ ਸ਼ਰਤਾਂ ਦੇ ਬਾਵਜੂਦ ਸੰਗਤ ਨੇ ਬਿਨਾਂ ਸਟੇਜ ਅਤੇ ਬਿਨਾਂ ਲਾਊਡਸਪੀਕਰ ਦੇ ਸ਼ਾਂਤੀਪੂਰਵਕ ਪ੍ਰਕਾਸ਼ ਪੁਰਬ ਮਨਾਇਆ, ਜਿਸ ਵਿੱਚ ਕਰੀਬ 500 ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।
ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਰੱਖੀਆਂ ਮੁੱਖ ਮੰਗਾਂ
ਸੇਲਵਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਦਾ ਅਧਿਕਾਰਤ ਨੋਟਿਸ ਲੈਂਦਿਆਂ ਤਾਮਿਲਨਾਡੂ ਪੁਲਿਸ ਦੇ ਸਬੰਧਤ ਅਧਿਕਾਰੀਆਂ ਤੋਂ ਜਾਤੀ ਪੁੱਛਣ, ਮੌਖਿਕ ਪਾਬੰਦੀ ਲਾਉਣ ਅਤੇ ਗਰੀਬ ਦੁਕਾਨਦਾਰਾਂ ਨੂੰ ਧਮਕਾਉਣ ਬਾਰੇ ਸਪੱਸ਼ਟੀਕਰਨ ਮੰਗਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਤਾਮਿਲਨਾਡੂ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਤੱਕ ਇਹ ਮਾਮਲਾ ਪਹੁੰਚਾ ਕੇ ਦੱਖਣੀ ਭਾਰਤ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਸੰਵਿਧਾਨਕ ਧਾਰਮਿਕ ਅਧਿਕਾਰਾਂ ਅਤੇ ਸਵੈ-ਮਾਣ ਦੀ ਰੱਖਿਆ ਯਕੀਨੀ ਬਣਾਈ ਜਾਵੇ।
- Download Babushahi App
-
-