ਦੀਵਾਲੀ ਦੀ ਰਾਤ ਨੂੰ ਗੈਸ ਚੈਂਬਰ 'ਚ ਬਦਲਿਆ ਹਰਿਆਣਾ: AQI 500 ਦੇ ਪੱਧਰ 'ਤੇ ਪਹੁੰਚਿਆ
ਪਾਬੰਦੀ ਦੇ ਬਾਵਜੂਦ ਦੇਰ ਰਾਤ ਤੱਕ ਚੱਲੇ ਪਟਾਕੇ
ਬਾਬੂਸ਼ਾਹੀ ਬਿਊਰੋ
ਹਿਸਾਰ, 9 ਨਵੰਬਰ, 2026: ਦੀਵਾਲੀ ਦੀ ਰਾਤ ਨੂੰ ਹਰਿਆਣਾ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਛੋਹਾਂ ਛੂਹ ਗਿਆ, ਜਿਸ ਨਾਲ ਸੂਬੇ ਦੇ 15 ਪ੍ਰਮੁੱਖ ਸ਼ਹਿਰ ਪੂਰੀ ਤਰ੍ਹਾਂ ਗੈਸ ਚੈਂਬਰ ਵਿੱਚ ਤਬਦੀਲ ਹੋ ਗਏ। ਪ੍ਰਸ਼ਾਸਨਿਕ ਪਾਬੰਦੀਆਂ ਦੇ ਬਾਵਜੂਦ ਦੇਰ ਰਾਤ ਤੱਕ ਚੱਲੇ ਪਟਾਕਿਆਂ ਦੇ ਧੂੰਏਂ ਕਾਰਨ ਹਵਾ ਇੰਨੀ ਜ਼ਹਿਰੀਲੀ ਹੋ ਗਈ ਕਿ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਅਤੇ ਅੱਖਾਂ ਵਿੱਚ ਤਿੱਖੀ ਜਲਣ ਦਾ ਸਾਹਮਣਾ ਕਰਨਾ ਪਿਆ।
ਦੀਵਾਲੀ ਦੀ ਰਾਤ 12 ਵਜੇ ਤੋਂ 2 ਵਜੇ ਦੇ ਵਿਚਕਾਰ ਸੂਬੇ ਦੇ 23 ਵਿੱਚੋਂ 15 ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI) ਮਾਪਣ ਦੀ ਵੱਧ ਤੋਂ ਵੱਧ ਸੀਮਾ 500 ਤੱਕ ਪਹੁੰਚ ਗਿਆ, ਜੋ ਕਿ ਅਤਿ 'ਗੰਭੀਰ' ਸ਼੍ਰੇਣੀ ਵਿੱਚ ਆਉਂਦਾ ਹੈ। ਦੀਵਾਲੀ ਤੋਂ ਪਹਿਲਾਂ ਕਿਸੇ ਵੀ ਸ਼ਹਿਰ ਦਾ AQI 400 ਤੱਕ ਨਹੀਂ ਪਹੁੰਚਿਆ ਸੀ, ਪਰ ਰਾਤੋ-ਰਾਤ ਪ੍ਰਦੂਸ਼ਣ ਵਿੱਚ ਹੋਏ ਅਚਾਨਕ ਵਾਧੇ ਨੇ ਸਾਰੇ ਰਿਕਾਰਡ ਤੋੜ ਦਿੱਤੇ।
ਕੁਰੂਕਸ਼ੇਤਰ ਦਾ AQI 179 ਤੋਂ ਸਿੱਧਾ 500 (321 ਅੰਕਾਂ ਦਾ ਵਾਧਾ), ਕਰਨਾਲ ਦਾ 200 ਤੋਂ 500 (300 ਅੰਕ), ਅੰਬਾਲਾ ਦਾ 226 ਤੋਂ 500 (274 ਅੰਕ) ਅਤੇ ਪਾਣੀਪਤ ਦਾ 228 ਤੋਂ 500 (272 ਅੰਕ) ਤੱਕ ਪਹੁੰਚ ਗਿਆ।
ਸੋਨੀਪਤ (244 ਤੋਂ 500), ਧਾਰੂਹੇੜਾ (266 ਤੋਂ 500) ਅਤੇ ਗੁਰੂਗ੍ਰਾਮ (288 ਤੋਂ 500) ਤੋਂ ਇਲਾਵਾ ਬਹਾਦਰਗੜ੍ਹ, ਬੱਲਭਗੜ੍ਹ, ਫਰੀਦਾਬਾਦ ਅਤੇ ਰੋਹਤਕ ਵਰਗੇ ਸ਼ਹਿਰਾਂ ਦੀ ਹਵਾ ਵੀ ਬਹੁਤ ਜ਼ਹਿਰੀਲੀ ਹੋ ਗਈ, ਜਿਸ ਤੋਂ ਸਪੱਸ਼ਟ ਹੈ ਕਿ ਪ੍ਰਦੂਸ਼ਣ ਦਾ ਅਸਰ ਸਿਰਫ਼ ਐੱਨਸੀਆਰ ਤੱਕ ਸੀਮਤ ਨਹੀਂ ਸੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ 500 AQI ਸਿਹਤਮੰਦ ਵਿਅਕਤੀਆਂ ਨੂੰ ਵੀ ਬਿਮਾਰ ਕਰ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਜ਼ਹਿਰੀਲੇ ਕਣਾਂ (PM 2.5) ਕਾਰਨ ਦਮਾ, ਫੇਫੜਿਆਂ ਦਾ ਕੈਂਸਰ, ਹਾਰਟ ਅਟੈਕ, ਸੀਓਪੀਡੀ (COPD) ਅਤੇ ਬੱਚਿਆਂ ਵਿੱਚ ਸਾਹ ਦੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ।
- Download Babushahi App
-
-