ਯੁੱਧ ਨਸ਼ਿਆਂ ਵਿਰੁੱਧ: ਬਠਿੰਡਾ ਪੁਲਿਸ ਨੇ 129 ਨਸ਼ਾ ਪੀੜਤਾਂ ਦਾ ਕਰਵਾਇਆ ਇਲਾਜ ਅਤੇ 41 ਦਾਖ਼ਲ ਕਰਵਾਏ
ਪਿੰਡਾਂ ਚ ਮੈਡੀਕਲ ਦੀਆਂ ਦੁਕਾਨਾਂ ਦੀ ਕੀਤੀ ਜਾ ਰਹੀ ਚੈਕਿੰਗ, ਲੋਕਾਂ ਨੂੰ ਨਸ਼ਿਆਂ ਖਿਲਾਫ ਕੀਤਾ ਜਾ ਰਿਹਾ ਜਾਗਰੂਕ
ਅਸ਼ੋਕ ਵਰਮਾ
ਬਠਿੰਡਾ, 27 ਅਕਤੂਬਰ 2026 :ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ 2.0 ਤਹਿਤ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਬਠਿੰਡਾ ਪੁਲਿਸ ਵੱਲੋਂ 1 ਅਕਤੂਬਰ ਤੋਂ ਲੈ ਕੇ ਹੁਣ ਤੱਕ 129 ਨਸ਼ਾ ਪੀੜਤਾਂ ਦਾ ਓਟ ਕੇਂਦਰਾਂ ਤੋਂ ਇਲਾਜ ਸ਼ੁਰੂ ਕਰਵਾਇਆ ਹੈ, 41 ਨੂੰ ਨਸ਼ਾ ਛੁਡਾਓ ਕੇਂਦਰ ਵਿਖੇ ਦਾਖ਼ਲ ਕਰਵਾਇਆ ਅਤੇ ਇਕ ਕੋਰਟ ਕੇਸ ਵਿੱਚ ਗ੍ਰਿਫ਼ਤਾਰ ਹੋਏ ਨਸ਼ਾ ਪੀੜਤ ਨੌਜਵਾਨ ਨੂੰ ਉਸ ਪ੍ਰਤੀ ਬੇਨਤੀ 'ਤੇ ਨਸ਼ਾ ਛੁਡਾਓ ਕੇਂਦਰ ਵਿਖੇ ਦਾਖ਼ਲ ਕਰਵਾਇਆ ਹੈ।
ਇਸ ਸਬੰਧੀ ਜਾਣਕਾਰੀ ਐੱਸ.ਐੱਸ.ਪੀ. ਬਠਿੰਡਾ ਸ਼੍ਰੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਓਟ ਕੇਂਦਰਾਂ ਵਿਖੇ ਜਿਨ੍ਹਾਂ ਪੀੜਤਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ਨੂੰ ਸਰਕਾਰ ਵੱਲੋਂ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ । ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਟੀਮਾਂ ਵੱਲੋਂ ਨਿਰੰਤਰ ਇਨ੍ਹਾਂ ਲੋਕਾਂ ਨਾਲ ਸੰਪਰਕ ਕਰਕੇ ਇਨ੍ਹਾਂ ਨੂੰ ਨਸ਼ਿਆਂ ਖਿਲਾਫ ਪ੍ਰੇਰਤ ਕੀਤਾ ਜਾ ਰਿਹਾ ਹੈ। ਨਾਲ ਹੀ 41 ਨਸ਼ਾ ਪੀੜਤ ਉਹ ਹਨ ਜਿਨ੍ਹਾਂ ਨੂੰ ਸਰਕਾਰੀ ਨਸ਼ਾ ਛੁਡਾਓ ਕੇਂਦਰ ਸਿਵਲ ਹਸਪਤਾਲ ਵਿਖੇ ਨਸ਼ਾ ਛੁਡਾਉਣ ਲਈ ਦਾਖ਼ਲ ਕਰਵਾਇਆ ਗਿਆ ਹੈ । ਇਨ੍ਹਾਂ ਨੌਜਵਾਨਾਂ ਨੂੰ ਦਵਾਈਆਂ ਦੇ ਨਾਲ-ਨਾਲ ਚੰਗਾ ਖੁਰਾਕ ਰਹਿਣ ਸਹਿਣ ਵੀ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ।
ਪੁਲਿਸ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਸਬੰਧੀ ਪਿੰਡ ਜੀਦਾ ਦੇ ਦਾਖ਼ਲ ਕਰਵਾਏ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਦਾ ਧੰਨਵਾਦ ਕੀਤਾ। ਉਸ ਦੇ ਮਾਤਾ ਜੀ ਨੇ ਦੱਸਿਆ ਕਿ ਪੁਲਿਸ ਦੀ ਮਦਦ ਨਾਲ ਉਨ੍ਹਾਂ ਆਪਣੇ 34 ਸਾਲ ਦੇ ਪੁੱਤ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਹੈ ਅਤੇ ਉਹ ਆਸਵਾਨ ਹਨ ਕਿ ਛੇਤੀ ਹੀ ਉਨ੍ਹਾਂ ਦਾ ਪੁੱਤਰ ਪੂਰਨ ਤਰੀਕੇ ਨਾਲ ਨਸ਼ਿਆਂ ਨੂੰ ਛੱਡ ਕੇ ਮੁੜ ਪਰਿਵਾਰ ਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਮਾਜ ਦੇ ਸਾਥ ਨਾਲ ਹੁਣ ਉਨ੍ਹਾਂ ਦੀ ਜ਼ਿੰਦਗੀ ਬਦਲ ਰਹੀ ਹੈ। ਸ਼੍ਰੀ ਗੁਰਪ੍ਰੀਤ ਸਿੰਘ ਡੀ.ਐੱਸ.ਪੀ. ਕ੍ਰਾਈਮ ਬ੍ਰਾਂਚ ਨੇ ਇਸ ਮੌਕੇ ਕਿਹਾ ਕਿ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰ ਲਈ ਪੁਲਿਸ ਅਤੇ ਆਮ ਲੋਕਾਂ ਦੇ ਏਕਾ ਜ਼ਰੂਰੀ ਹੈ।
ਇਸ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਟੀਮਾਂ ਵੱਲੋਂ ਪਿੰਡਾਂ ਵਿੱਚ ਮੈਡੀਕਲ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ । ਚੈਕਿੰਗ ਦੌਰਾਨ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਇਕ ਵੇਚੀ ਗਈ ਦਵਾਈ ਦੇ ਵੇਰਵੇ ਕੈਮਿਸਟਾਂ ਕੋਲ ਲਾਜ਼ਮੀ ਹੋਣ । ਇਸ ਮੌਕੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜਿਹੜੇ ਕੈਮਿਸਟਾਂ ਵੱਲੋਂ ਚੰਗੀ ਤਰ੍ਹਾਂ ਆਪਣਾ ਰਿਕਾਰਡ ਮੈਂਨਟੇਨ ਕੀਤਾ ਜਾਂਦਾ ਹੈ, ਉਨ੍ਹਾਂ ਦੀ ਵੀ ਸ਼ਲਾਘਾ ਕੀ ਜਾ ਰਹੀ ਹੈ।
- Download Babushahi App
-
-