ਜ਼ਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ' ਸੁਰੱਖਿਅਤ ਬਚਪਨ ਅਭਿਆਨ' ਦੀ ਸ਼ੁਰੂਆਤ
ਰੋਹਿਤ ਗੁਪਤਾ
ਗੁਰਦਾਸਪੁਰ, 27 ਅਕਤੂਬਰ
ਅੱਜ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐੱਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਹਰਬੰਸ ਸਿੰਘ ਲੇਖੀ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਸ੍ਰੀ ਹਰਪ੍ਰੀਤ ਸਿੰਘ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਕੈਂਪੇਨ "ਸੁਰੱਖਿਅਤ ਬਚਪਨ ਅਭਿਆਨ" (Surakshit Bachpan Abhiyan) ਦੀ ਸ਼ੁਰੂਆਤ ਕੀਤੀ ਗਈ।
ਇਸ ਕੈਂਪੇਨ ਤਹਿਤ ਦਫਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੀਆਂ 26 ਟੀਮਾਂ ਵੱਲੋਂ ਸਕੂਲਾਂ ਵਿੱਚ ਜਾ ਕੇ ਜਾਗਰੁਕਤਾ ਪ੍ਰੋਗਰਾਮ ਕਰਵਾਏ ਗਏ।
ਸ੍ਰੀ ਹਰਪ੍ਰੀਤ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਡੇਰਾ ਬਾਬਾ ਨਾਨਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫਤਿਹਗੜ੍ਹ ਚੂੜੀਆਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਦੇਸ਼-ਵਿਆਪੀ ਸਕੂਲ ਜਾਗਰੂਕਤਾ ਮੁਹਿੰਮ ਸਬੰਧੀ ਜਾਗਰੁਕ ਕੀਤਾ।
ਉਹਨਾਂ ਨੇ ਇਹ ਦੱਸਿਆ ਕਿ ਇਹ ਮੁਹਿੰਮ ਮਿਤੀ 27 ਅਕਤੂਬਰ 2026 ਤੋਂ 31 ਅਕਤੂਬਰ 2026 ਤੱਕ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਸਬੰਧੀ ਪੋਕਸੋ ਐਕਟ, 2012 (POCSO Act 2012) ਬਾਰੇ ਜਾਣਕਾਰੀ ਦੇਣਾ, ਉਨ੍ਹਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਅਤੇ ਬੱਚਿਆਂ ਲਈ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣਾ ਹੈ।
ਇਸ ਮੁਹਿੰਮ ਤਹਿਤ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ, ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ, ਭਾਸ਼ਣ, ਪੋਸਟਰ ਮੁਕਾਬਲੇ ਅਤੇ ਹੋਰ ਜਾਗਰੂਕਤਾ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਚੰਗੇ ਅਤੇ ਮਾੜੇ ਸਪਰਸ਼ ਦੀ ਪਛਾਣ, ਅਣਉਚਿਤ ਵਿਵਹਾਰ ਵਿਰੁੱਧ ਆਵਾਜ਼ ਉਠਾਉਣ, ਆਪਣੀ ਸੁਰੱਖਿਆ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਸਬੰਧੀ ਆਪਣੇ ਮਾਪਿਆਂ, ਅਧਿਆਪਕਾਂ ਜਾਂ ਭਰੋਸੇਯੋਗ ਵਿਅਕਤੀ ਨੂੰ ਸੂਚਿਤ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।
ਪੋਕਸੇ ਐਕਟ, 2012 ਬੱਚਿਆਂ ਨੂੰ ਜਿਨਸੀ ਸ਼ੋਸ਼ਣ, ਜਿਨਸੀ ਉਤਪੀੜਨ ਅਤੇ ਅਸ਼ਲੀਲ ਸਮੱਗਰੀ ਨਾਲ ਸਬੰਧਤ ਅਪਰਾਧਾਂ ਤੋਂ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਕਾਨੂੰਨ ਅਧੀਨ ਬੱਚਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਸੰਵੇਦਨਸ਼ੀਲਤਾ, ਗੋਪਨੀਯਤਾ ਅਤੇ ਬੱਚਿਆਂ ਦੇ ਸਰਵੋਤਮ ਹਿੱਤਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਧਿਆਪਕਾਂ, ਮਾਪਿਆਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬੱਚਿਆਂ ਦੀ ਸੁਰੱਖਿਆ ਨੂੰ ਆਪਣੀ ਸਾਂਝੀ ਜ਼ਿੰਮੇਵਾਰੀ ਸਮਝਣ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਜਾਂ ਦੁਰਵਿਵਹਾਰ ਦੀ ਸਥਿਤੀ ਵਿੱਚ ਤੁਰੰਤ ਢੁਕਵੇਂ ਅਧਿਕਾਰੀਆਂ ਨੂੰ ਸੂਚਿਤ ਕਰਨ। ਬੱਚਿਆਂ ਨੂੰ ਇਹ ਭਰੋਸਾ ਦਿਵਾਉਣਾ ਵੀ ਜ਼ਰੂਰੀ ਹੈ ਕਿ ਕਿਸੇ ਵੀ ਗਲਤ ਘਟਨਾ ਬਾਰੇ ਦੱਸਣ 'ਤੇ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ, ਸਗੋਂ ਉਨ੍ਹਾਂ ਦੀ ਸੁਰੱਖਿਆ ਅਤੇ ਸਹਾਇਤਾ ਨੂੰ ਪਹਿਲ ਦਿੱਤੀ ਜਾਵੇਗੀ।
ਇਸ ਮੁਹਿੰਮ ਰਾਹੀਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦਾ ਉਦੇਸ਼ ਬੱਚਿਆਂ ਵਿੱਚ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਉਨ੍ਹਾਂ ਨੂੰ ਕਾਨੂੰਨੀ ਅਧਿਕਾਰਾਂ ਦੀ ਜਾਣਕਾਰੀ ਦੇਣਾ ਅਤੇ ਇੱਕ ਅਜਿਹਾ ਸਮਾਜ ਸਿਰਜਣ ਲਈ ਯਤਨ ਕਰਨਾ ਹੈ, ਜਿੱਥੇ ਹਰ ਬੱਚਾ ਸੁਰੱਖਿਅਤ, ਸਨਮਾਨਜਨਕ ਅਤੇ ਨਿਡਰ ਮਾਹੌਲ ਵਿੱਚ ਆਪਣਾ ਬਚਪਨ ਬਤੀਤ ਕਰ ਸਕੇ।
- Download Babushahi App
-
-