BKU ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਝੋਟਾ ਕਤਲ ਮਾਮਲੇ ਵਿੱਚ ਇਨਸਾਫ ਲਈ ਰੋਸ ਧਰਨਾ
ਅਸ਼ੋਕ ਵਰਮਾ
ਬਠਿੰਡਾ,19 ਅਕਤੂਬਰ 2026 : ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਬਣੀ ਇਨਸਾਫ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ, ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਦੀ ਅਗਵਾਈ ਵਿੱਚ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਦੇ ਘਰ ਅੱਗੇ ਧਰਨਾ ਦਿੱਤਾ। ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਅਲੀ ਸ਼ੇਰ (ਸੰਗਰੂਰ )ਵਿਖੇ ਹਾਦਸੇ ਕਾਰਨ ਮਰਨ ਵਾਲੇ ਮਨਰੇਗਾ ਮਜ਼ਦੂਰਾਂ ਨੂੰ ਦੋ ਮਿੰਟ ਦਾ ਮੌਨ ਧਰ ਕੇ ਸ਼ਰਧਾਂਜਲੀ ਭੇਂਟ ਕੀਤੀ । ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦੇਣ ਤੇ ਨਸ਼ਿਆਂ ਦੀ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ 'ਚ ਐਨਾ ਵੀ ਨਸ਼ਾ ਹੋਣ ਵਰਗੇ ਬਿਆਨ ਦਾਗ ਕੇ ਪੀੜਤ ਪਰਿਵਾਰ ਤੇ ਸੰਘਰਸ਼ਸ਼ੀਲ ਲੋਕਾਂ ਦੇ ਜ਼ਖਮਾਂ 'ਤੇ ਨਮਕ ਛਿੜਕ ਰਿਹਾ ਹੈ।
ਉਹਨਾਂ ਆਖਿਆ ਕਿ ਜੇਕਰ ਪੰਜਾਬ 'ਚ ਐਨਾ ਨਸ਼ਾ ਨਹੀਂ ਤਾਂ ਆਪ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਛੇੜਣ ਦੇ ਦਮਗਜੇ ਕਿਓਂ ਮਾਰੇ ਜਾ ਰਹੇ ਹਨ। ਉਹਨਾਂ ਆਖਿਆ ਕਿ ਆਪ ਸਰਕਾਰ ਨਸ਼ਿਆਂ ਦੀ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੀ ਥਾਂ ਨਸ਼ੇ ਵਿਰੁੱਧ ਅਵਾਜ਼ ਉਠਾਉਣ ਵਾਲਿਆਂ 'ਤੇ ਜ਼ੁਲਮ ਢਾਹੁਣ ਰਾਹੀਂ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਪਰਵਿੰਦਰ ਸਿੰਘ ਝੋਟਾ ਦੇ ਕਤਲ 'ਚ ਸਿੱਧੇ ਤੌਰ 'ਤੇ ਸ਼ਾਮਿਲ ਅਸ਼ਵਨੀ ਸਮੇਤ ਦੋ ਤਿੰਨ ਬੰਦਿਆਂ ਨੂੰ ਲੋਕ ਦਬਾਅ ਤਹਿਤ ਭਾਵੇਂ ਪੁਲਿਸ ਨੇ ਗਿਰਫ਼ਤਾਰ ਜ਼ਰੂਰ ਕਰ ਲਿਆ ਪਰ ਉਹਨਾਂ ਨੂੰ ਸਿਆਸੀ ਸ਼ਹਿ ਦੇਣ ਵਾਲੇ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੇ ਗੱਠਜੋੜ ਨੂੰ ਅਜੇ ਤੱਕ ਹੱਥ ਨਹੀਂ ਪਾਇਆ ਗਿਆ।ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਨਸ਼ੇ ਦੇ ਸਮਗਲਰ ਤੇ ਉਸ ਦੇ ਸਹਿਯੋਗੀਆਂ ਨੂੰ ਸਜਾਵਾਂ ਦਬਾਉਣ, ਨਸ਼ਾ ਮੁਕਤ ਕਰਨ ਲਈ ਚੱਲ ਰਹੇ ਸੰਘਰਸ਼ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ।
ਉਹਨਾਂ ਮੰਗ ਕੀਤੀ ਕਿ ਨਸ਼ਿਆਂ ਤੋਂ ਮੁਕਤੀ ਲਈ ਸਿੰਥੈਟਿਕ ਨਸ਼ਿਆਂ ਦੀਆਂ ਫੈਕਟਰੀਆਂ ਤੁਰੰਤ ਜ਼ਬਤ ਕੀਤੀਆਂ ਜਾਣ, ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦਾ ਢੁਕਵਾਂ ਇਲਾਜ, ਖ਼ੁਰਾਕ ਤੇ ਰੁਜ਼ਗਾਰ ਮੁੱਹਈਆ ਕਰਵਾਇਆ ਜਾਵੇ, ਨਸ਼ਾ ਸਮਗਲਰਾਂ, ਸਿਆਸਤਦਾਨਾਂ , ਅਫ਼ਸਰਸ਼ਾਹੀ ਤੇ ਗੈਗਸਟਰਾਂ ਦਾ ਗੱਠਜੋੜ ਤੋੜਿਆ ਜਾਵੇ ਤੇ ਇਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਸ਼ਰਾਬ ਦੀ ਵਿਕਰੀ ਰਾਹੀਂ ਖਜ਼ਾਨਾ ਭਰਨ ਦੀ ਨੀਤੀ ਰੱਦ ਕੀਤੀ ਜਾਵੇ। ਅੱਜ ਦੇ ਇਕੱਠ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਟੀਐਸਯੂ ਭੰਗਲ ਦੇ ਆਗੂ ਹੇਮਰਾਜ ,ਡੀਟੀਐਫ ਦੇ ਸੂਬਾ ਆਗੂ ਰੇਸ਼ਮ ਸਿੰਘ ਖੇਮੂਆਣਾ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਇਕਬਾਲ ਸਿੰਘ ਪਲਸ ਮੰਚ ਤੋਂ ਜਗਸੀਰ ਸਿੰਘ ਜੀਦਾ, ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੇ ਆਗੂ ਰੁਪਿੰਦਰ ਕੌਰ, ਜਮਹੂਰੀ ਅਧਿਕਾਰ ਸਭਾ ਤੋਂ ਬਿਸ਼ਨਦੀਪ, ਜਗਦੇਵ ਸਿੰਘ ਜੋਗੇਵਾਲਾ, ਜਸਪਾਲ ਸਿੰਘ ਕੋਠਾ ਗੁਰੂ ਨੇ ਵੀ ਸੰਬੋਧਨ ਕੀਤਾ।
- Download Babushahi App
-
-