ਨੰਨ੍ਹੇ ਕਲਮਕਾਰਾਂ ਵੱਲੋਂ ਬੀਬੀ ਪਰਮਜੀਤ ਕੌਰ ਸਰਹਿੰਦ ਦਾ ਵਿਸ਼ੇਸ਼ ਸਨਮਾਨ
ਗੁਰਪ੍ਰੀਤ ਸਿੰਘ ਜਖਵਾਲੀ।
ਫ਼ਤਹਿਗੜ੍ਹ ਸਾਹਿਬ 18 ਅਕਤੂਬਰ 2026:-ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੇ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ ਦੇ ਸਪੁੱਤਰ ਜਪਕੀਰਤ ਸਿੰਘ ਬਠਿੰਡਾ ਦੀ ਦਸਤਾਰਬੰਦੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਖ਼ੁਸ਼ੀ ਦੇ ਸਮਾਗਮ ਵਿੱਚ ਲੇਖਕਾਂ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕਰਦਿਆਂ ਬੱਚੇ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਨੰਨ੍ਹੇ ਕਲਮਕਾਰਾਂ ਵੱਲੋਂ ਬੀਬੀ ਪਰਮਜੀਤ ਕੌਰ ਸਰਹਿੰਦ ਦਾ ਵਿਸ਼ੇਸ਼ ਸਨਮਾਨ ਕਰਨਾ ਖਿੱਚ ਦਾ ਕੇਂਦਰ ਬਣਿਆ।ਬੀਬੀ ਪਰਮਜੀਤ ਕੌਰ ਸਰਹਿੰਦ ਦੀ ਆਮਦ ਦੀ ਸੂਚਨਾ ਮਿਲਦਿਆਂ ਹੀ ਕੁਝ ਲੇਖਕਾਂ ਦੇ ਬੱਚਿਆਂ ਨੇ ਉਨ੍ਹਾਂ ਨੂੰ ਉੱਘੇ ਸ਼ਾਇਰ ਮੀਤ ਬਠਿੰਡਾ ਦੇ ਗ੍ਰਹਿ ਵਿਖੇ ਸੱਦਾ ਦਿੱਤਾ। ਬੱਚਿਆਂ ਨੇ ਉਨ੍ਹਾਂ ਨੂੰ ਮਹਾਤਮਾ ਬੁੱਧ ਦੀ ਖ਼ੂਬਸੂਰਤ ਵੱਡ-ਆਕਾਰੀ ਮੂਰਤੀ, ਸ਼ਾਲ, ਪੁਸਤਕਾਂ ਅਤੇ ਪੈੱਨ ਭੇਟ ਕਰਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਇਹ ਸਾਰੇ ਤੋਹਫ਼ੇ ਬੱਚਿਆਂ ਨੇ ਆਪਣੀ ਜੇਬ-ਖ਼ਰਚੀ ਵਿੱਚੋਂ ਖ਼ਰੀਦੇ ਸਨ, ਜੋ ਪੰਜਾਬੀ ਸਾਹਿਤ ਪ੍ਰਤੀ ਉਨ੍ਹਾਂ ਦੇ ਮੋਹ ਅਤੇ ਸਤਿਕਾਰ ਦਾ ਪ੍ਰਤੀਕ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਕਿਹਾ ਕਿ ਭਾਵੇਂ ਭਾਸ਼ਾ ਵਿਗਿਆਨੀ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਲੈ ਕੇ ਚਿੰਤਾ ਪ੍ਰਗਟਾਉਂਦੇ ਹਨ, ਪਰ ਜਦੋਂ ਛੇ ਤੋਂ ਪੰਦਰਾਂ ਸਾਲ ਦੀ ਉਮਰ ਦੇ ਬੱਚਿਆਂ ਦੇ ਮਨਾਂ ਵਿੱਚ ਪੰਜਾਬੀ ਲੇਖਕਾਂ ਅਤੇ ਸਾਹਿਤ ਪ੍ਰਤੀ ਇੰਨਾ ਪਿਆਰ ਦੇਖਣ ਨੂੰ ਮਿਲਦਾ ਹੈ ਤਾਂ ਮਾਂ-ਬੋਲੀ ਦੇ ਭਵਿੱਖ ਪ੍ਰਤੀ ਆਸ ਬੱਝਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀਆਂ ਅਨਮੋਲ ਸੰਭਾਵਨਾਵਾਂ ਹਨ।ਉਨ੍ਹਾਂ ਸਭ ਤੋਂ ਛੋਟੀ ਉਮਰ ਵਿੱਚ ਕਲਮ ਚੁੱਕਣ ਵਾਲੀ ਬੱਚੀ ਕੁਦਰਤ ਕੌਰ ਅਤੇ ਉਸ ਦੀ ਵੱਡੀ ਭੈਣ ਸਿਮਰਨ ਕੌਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਮਾਪਿਆਂ ਜਗਸੀਰ ਸਿੰਘ ਅਤੇ ਸੁਖਪਾਲ ਕੌਰ ਨੂੰ ਵਧਾਈ ਦਿੱਤੀ। ਦੋਵਾਂ ਭੈਣਾਂ ਨੇ ਆਪਣੇ ਕਲਮਕਾਰ ਮਾਤਾ ਪਿਤਾ ਦੀ ਸਾਂਝੀ ਬਾਲ ਪੁਸਤਕ ‘ਬੁੱਝੋ ਮੇਰੀ ਬਾਤ’ ਉਨ੍ਹਾਂ ਨੂੰ ਭੇਟ ਕੀਤੀ। ਇਸੇ ਤਰ੍ਹਾਂ ਸਾਧਿਕ ਸਿੰਘ ਨੇ ਆਪਣੀ ਤਰਫ਼ੋਂ ਸੁੰਦਰ ਪੈੱਨ ਭੇਟ ਕਰਕੇ ਸਤਿਕਾਰ ਪ੍ਰਗਟਾਇਆ। ਉਸ ਨੂੰ ਸਾਹਿਤਕ ਰੁਚੀਆਂ ਆਪਣੇ ਸ਼ਾਇਰ-ਗਾਇਕ ਪਿਤਾ ਮੀਤ ਬਠਿੰਡਾ ਅਤੇ ਸੂਝਵਾਨ ਮਾਤਾ ਪੂਰਣਿਮਾ ਸਿੰਘ ਤੋਂ ਵਿਰਾਸਤ ਵਿੱਚ ਮਿਲੀਆਂ ਹਨ।ਸਭ ਤੋਂ ਵੱਡੀ ਬੱਚੀ ਸਿਮਰੋਜ਼ ਕੌਰ ਲੇਖਣੀ ਦੇ ਨਾਲ-ਨਾਲ ਚਿੱਤਰਕਾਰੀ ਵਿੱਚ ਵੀ ਦਿਲਚਸਪੀ ਰੱਖਦੀ ਹੈ, ਜਦਕਿ ਉਸ ਦੀ ਛੋਟੀ ਭੈਣ ਹਰਿਸ਼ਤਾ ਵੀ ਉਸ ਦੇ ਨਕਸ਼ੇ-ਕਦਮਾਂ ’ਤੇ ਚੱਲਣ ਲਈ ਯਤਨਸ਼ੀਲ ਹੈ। ਦੋਵੇਂ ਭੈਣਾਂ ਆਪਣੇ ਪਿਤਾ ਮੱਖਣ ਸਿੰਘ ਅਤੇ ਮਾਤਾ ਰਜਿੰਦਰ ਕੌਰ ਦੀ ਸੁਚੱਜੀ ਅਗਵਾਈ ਹੇਠ ਅੱਗੇ ਵਧ ਰਹੀਆਂ ਹਨ। ਇਸ ਮੌਕੇ ਬਜ਼ੁਰਗ ਮਾਤਾ ਤੇਜ ਕੌਰ ਅਤੇ ਪਿਤਾ ਬਿੱਲੂ ਸਿੰਘ ਵੀ ਸਮਾਗਮ ਵਿੱਚ ਸ਼ਾਮਲ ਹੋਏ।ਬੀਬੀ ਪਰਮਜੀਤ ਕੌਰ ਸਰਹਿੰਦ ਨੇ ਬਜ਼ੁਰਗਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਸੰਸਕਾਰ, ਸਾਹਿਤਕ ਰੁਚੀ ਅਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਉਨ੍ਹਾਂ ਦੀ ਚੰਗੀ ਪਰਵਰਿਸ਼ ਦਾ ਨਤੀਜਾ ਹੈ। ਉਨ੍ਹਾਂ ਨੰਨ੍ਹੇ ਕਲਮਕਾਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਿਰਫ਼ ਆਪਣੇ ਮਾਪਿਆਂ ਦੇ ਹੀ ਵਾਰਸ ਨਹੀਂ, ਸਗੋਂ ਸਮੁੱਚੇ ਲੇਖਕ ਭਾਈਚਾਰੇ ਦੀ ਸਾਂਝੀ ਵਿਰਾਸਤ ਵੀ ਹਨ। ਉਨ੍ਹਾਂ ਬੱਚਿਆਂ ਨੂੰ ਚਾਕਲੇਟਾਂ ਦੇ ਡੱਬੇ ਭੇਟ ਕਰਦਿਆਂ ਪਿਆਰ ਨਾਲ ਗਲ਼ ਲਾਇਆ ਅਤੇ ਪੜ੍ਹਾਈ ਵੱਲ ਪੂਰਾ ਧਿਆਨ ਦੇਣ, ਵੱਡਿਆਂ ਦਾ ਸਤਿਕਾਰ ਕਰਨ ਅਤੇ ਛੋਟਿਆਂ ਨੂੰ ਪਿਆਰ ਦੇਣ ਦੀ ਸਿੱਖਿਆ ਦਿੱਤੀ।ਉਨ੍ਹਾਂ ਕਿਹਾ ਕਿ ਇਹ ਮਿਲਣੀ ਉਨ੍ਹਾਂ ਦੀ ਜ਼ਿੰਦਗੀ ਦੀਆਂ ਸਭ ਤੋਂ ਮਿੱਠੀਆਂ ਅਤੇ ਪਿਆਰੀਆਂ ਯਾਦਾਂ ਵਿੱਚੋਂ ਇੱਕ ਰਹੇਗੀ ਅਤੇ ਲੇਖਕ ਭਾਈਚਾਰੇ ਲਈ ਵੀ ਪ੍ਰੇਰਨਾਦਾਇਕ ਮਿਸਾਲ ਬਣੇਗੀ।
- Download Babushahi App
-
-