ਲੁਧਿਆਣਾ ’ਚ ਸ੍ਰੀ ਰਾਮਲੀਲਾ ਦਾ ਸ਼ਾਨਦਾਰ ਆਗਾਜ਼, ਡਾ. ਤੇਜਿੰਦਰਪਾਲ ਸਿੰਘ ਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਕੀਤਾ ਉਦਘਾਟਨ; ਲੋੜਵੰਦ ਔਰਤਾਂ ਨੂੰ ਵੰਡੀਆਂ ਸ਼ਾਲਾਂ
Babushahi Network
ਲੁਧਿਆਣਾ, 18 ਅਕਤੂਬਰ 2026: ਵਿਧਾਨ ਸਭਾ ਹਲਕਾ ਦੱਖਣੀ ਵਿੱਚ ਪ੍ਰੀਤ ਨਟਰਾਜ ਡਰਾਮੈਟਿਕ ਕਲੱਬ ਵੱਲੋਂ ਸ੍ਰੀ ਰਾਮਲੀਲਾ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਪ੍ਰਮੁੱਖ ਸਮਾਜ ਸੇਵੀ ਡਾ. ਤੇਜਿੰਦਰਪਾਲ ਸਿੰਘ ਅਤੇ ਕ੍ਰਿਸ਼ਨ ਕੁਮਾਰ ਬਾਵਾ, ਕੋਆਰਡੀਨੇਟਰ ਏ.ਆਈ.ਸੀ.ਸੀ. (ਓ.ਬੀ.ਸੀ.) ਅਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਨੇ ਰਿਬਨ ਕੱਟ ਕੇ ਸਮਾਗਮ ਦਾ ਉਦਘਾਟਨ ਕੀਤਾ। ਸਮਾਗਮ ਦੌਰਾਨ ਧਾਰਮਿਕ ਅਤੇ ਸੱਭਿਆਚਾਰਕ ਮਾਹੌਲ ਦੇ ਨਾਲ-ਨਾਲ ਸਮਾਜ ਸੇਵਾ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਮੌਕੇ ਡਾ. ਤੇਜਿੰਦਰਪਾਲ ਸਿੰਘ ਵੱਲੋਂ ਲੋੜਵੰਦ ਔਰਤਾਂ ਨੂੰ ਸ਼ਾਲਾਂ ਵੰਡੀਆਂ ਗਈਆਂ।
ਸਮਾਗਮ ਦੀ ਮੁੱਖ ਪ੍ਰਬੰਧਕ ਬੀਬੀ ਮਨਜੀਤ ਕੌਰ ਸਰੋਏ, ਭਾਈ ਲਾਲੋ ਜੀ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਕਲੇਰ, ਅਮਿਤ ਕੁਮਾਰ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਤੇਜਿੰਦਰਪਾਲ ਸਿੰਘ ਅਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸ੍ਰੀ ਰਾਮਲੀਲਾ ਸਿਰਫ਼ ਇੱਕ ਨਾਟਕ ਨਹੀਂ, ਸਗੋਂ ਭਗਵਾਨ ਸ੍ਰੀ ਰਾਮ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਅਤੇ ਉੱਚੇ ਨੈਤਿਕ ਮੁੱਲਾਂ ਨੂੰ ਸਮਾਜ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਮਾਧਿਅਮ ਹੈ। ਭਗਵਾਨ ਸ੍ਰੀ ਰਾਮ ਨੂੰ ਮਰਿਆਦਾ ਪੁਰਸ਼ੋਤਮ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਫ਼ਰਜ਼, ਸੰਜਮ, ਤਿਆਗ ਅਤੇ ਮਰਿਆਦਾ ਨੂੰ ਹਮੇਸ਼ਾ ਪਹਿਲ ਦਿੱਤੀ।

ਉਨ੍ਹਾਂ ਕਿਹਾ ਕਿ ਪਿਤਾ ਰਾਜਾ ਦਸ਼ਰਥ ਦੇ ਵਚਨਾਂ ਦੀ ਲਾਜ ਰੱਖਣ ਲਈ ਭਗਵਾਨ ਸ੍ਰੀ ਰਾਮ ਨੇ ਰਾਜਗੱਦੀ ਦੀ ਬਜਾਏ 14 ਸਾਲ ਦਾ ਬਨਵਾਸ ਸਵੀਕਾਰ ਕੀਤਾ। ਮਾਤਾ ਸੀਤਾ ਅਤੇ ਲਕਸ਼ਮਣ ਨੇ ਵੀ ਉਨ੍ਹਾਂ ਦੇ ਨਾਲ ਜਾ ਕੇ ਆਪਣੇ ਫ਼ਰਜ਼ ਨਿਭਾਏ, ਜਦਕਿ ਭਰਤ ਨੇ ਸ੍ਰੀ ਰਾਮ ਦੀਆਂ ਖੜਾਵਾਂ ਸਿੰਘਾਸਨ ’ਤੇ ਰੱਖ ਕੇ ਰਾਜ ਦਾ ਪ੍ਰਬੰਧ ਚਲਾਇਆ। ਇਹ ਪ੍ਰਸੰਗ ਤਿਆਗ, ਭਾਈਚਾਰੇ, ਪਰਿਵਾਰਕ ਸਤਿਕਾਰ ਅਤੇ ਫ਼ਰਜ਼ ਨਿਭਾਉਣ ਦੀ ਪ੍ਰੇਰਨਾ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਦੇ ਸਮਾਜ ਵਿੱਚ ਰਿਸ਼ਤਿਆਂ ਪ੍ਰਤੀ ਸਤਿਕਾਰ ਅਤੇ ਆਪਸੀ ਸਮਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਸ੍ਰੀ ਰਾਮਲੀਲਾ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਜੀਵਨ ਵਿੱਚ ਸੱਚਾਈ, ਇਮਾਨਦਾਰੀ ਅਤੇ ਆਦਰਸ਼ਾਂ ਨੂੰ ਅਪਣਾਉਣ ਦਾ ਸੁਨੇਹਾ ਮਿਲਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਸਿੱਖਿਆ ਲੈ ਕੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ।
- Download Babushahi App
-
-