ਫਰਿਜ਼ਨੋ ਵਿਖੇ ਮਾਤਾ ਮੁਖਤਿਆਰ ਕੌਰ ਧਾਲੀਵਾਲ ਦੀ ਦਸਵੀਂ ਬਰਸੀ ਨੂੰ ਸਮਰਪਿਤ ‘ਅਮਰੀਕੀ ਟਰੱਕਨਾਮਾ’ ਉੱਤੇ ਹੋਈ ਪ੍ਰਭਾਵਸ਼ਾਲੀ ਵਿਚਾਰ-ਗੋਸ਼ਟੀ
(ਸਾਹਿਤਕਾਰਾਂ, ਬੁੱਧੀਜੀਵੀਆਂ, ਕਵੀਆਂ ਅਤੇ ਪੰਜਾਬੀ ਭਾਈਚਾਰੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ)
(‘ਅਮਰੀਕੀ ਟਰੱਕਨਾਮਾ’ ਪੰਜਾਬੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਅਤੇ ਸੰਘਰਸ਼ ਦਾ ਅਹਿਮ ਦਸਤਾਵੇਜ਼ : ਬੁਲਾਰੇ)
ਫਰਿਜ਼ਨੋ, ਕੈਲੀਫੋਰਨੀਆ (ਕੁਲਵੰਤ ਧਾਲੀਆਂ): ਉੱਘੇ ਪੱਤਰਕਾਰ, ਲੇਖਕ ਅਤੇ ਸਮਾਜਸੇਵੀ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਅਮਰੀਕੀ ਟਰੱਕਨਾਮਾ’ ਉੱਤੇ ਫਰਿਜ਼ਨੋ ਵਿਖੇ ਇੱਕ ਪ੍ਰਭਾਵਸ਼ਾਲੀ ਸਾਹਿਤਕ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਹ ਸਮਾਗਮ ਲੇਖਕ ਦੀ ਸਤਿਕਾਰਯੋਗ ਮਾਤਾ ਸਵਰਗੀ ਮੁਖਤਿਆਰ ਕੌਰ ਧਾਲੀਵਾਲ ਦੀ ਦਸਵੀਂ ਬਰਸੀ ਨੂੰ ਸਮਰਪਿਤ ਸੀ। ਇਸ ਮੌਕੇ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਸਾਹਿਤਕਾਰਾਂ, ਬੁੱਧੀਜੀਵੀਆਂ, ਪੱਤਰਕਾਰਾਂ, ਕਵੀਆਂ, ਕਲਾਕਾਰਾਂ ਅਤੇ ਪੰਜਾਬੀ ਭਾਈਚਾਰੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ ਦੀ ਸ਼ੁਰੂਆਤ ਲੇਖਕ ਸਾਧੂ ਸਿੰਘ ਸੰਘਾ ਵੱਲੋਂ ਪੁਸਤਕ ਸਬੰਧੀ ਵਿਸ਼ੇਸ਼ ਪਰਚਾ ਪੜ੍ਹ ਕੇ ਕੀਤੀ ਗਈ। ਇਸ ਉਪਰੰਤ ਸਮੂਹ ਹਾਜ਼ਰੀਨ ਨੇ ਦੋ ਮਿੰਟ ਦਾ ਮੌਨ ਧਾਰ ਕੇ ਮਾਤਾ ਮੁਖਤਿਆਰ ਕੌਰ ਧਾਲੀਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ। ਪੁਸਤਕ ਦੇ ਲੇਖਕ ਨੀਟਾ ਮਾਛੀਕੇ ਨੇ ਸਭਨਾਂ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਆਖੀ। ਇਸ ਮੌਕੇ ਉਨ੍ਹਾਂ ਦੇ ਪਿਤਾ ਜੀ ਨੇ ਵੀ ਮਾਤਾ ਜੀ ਦੀਆਂ ਯਾਦਾਂ ਤਾਜ਼ਾ ਕਰਦਿਆਂ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਇੰਡੋ ਯੂ.ਐੱਸ. ਹੈਰੀਟੇਜ ਦੇ ਸਕੱਤਰ ਹੈਰੀ ਮਾਨ ਨੇ ਕਿਹਾ ਕਿ ‘ਅਮਰੀਕੀ ਟਰੱਕਨਾਮਾ’ ਅਮਰੀਕੀ ਟਰੱਕਿੰਗ ਸਨਅਤ ਨਾਲ ਜੁੜੇ ਪੰਜਾਬੀਆਂ ਦੀ ਜ਼ਿੰਦਗੀ ਦਾ ਅਹਿਮ ਦਸਤਾਵੇਜ਼ ਹੈ। ਉੱਘੇ ਲੇਖਕ ਐੱਸ. ਅਸ਼ੋਕ ਭੌਰਾ ਨੇ ਮਾਛੀਕੇ ਪਰਿਵਾਰ ਨਾਲ ਆਪਣੀਆਂ ਪੁਰਾਣੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪੁਸਤਕ ਨਵੇਂ ਟਰੱਕ ਡਰਾਈਵਰਾਂ ਲਈ ਚਾਨਣ ਮੁਨਾਰਾ ਸਾਬਤ ਹੋਵੇਗੀ। ਐਡਵੋਕੇਟ ਨਰਿੰਦਰ ਚਾਹਲ ਨੇ ਕਿਹਾ ਕਿ ਇਹ ਕਿਤਾਬ ਹਰ ਉਸ ਵਿਅਕਤੀ ਨੂੰ ਪੜ੍ਹਨੀ ਚਾਹੀਦੀ ਹੈ, ਜਿਹੜਾ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੀ ਮਿਹਨਤ, ਸੰਘਰਸ਼ ਅਤੇ ਜੀਵਨ ਦੀਆਂ ਹਕੀਕਤਾਂ ਨੂੰ ਸਮਝਣਾ ਚਾਹੁੰਦਾ ਹੈ।
ਇਸ ਮੌਕੇ ਰੇਡੀਓ ਹੋਸਟ ਜਗਤਾਰ ਗਿੱਲ, ਮਹਿੰਦਰ ਸਿੰਘ ਸੰਧਾਵਾਲੀਆ, ਡਾ. ਅਰਜਨ ਸਿੰਘ ਜੋਸਨ, ਸੁਖਦੇਵ ਸਿੰਘ ਸਿੱਧੂ, ਡਾ. ਮਲਕੀਤ ਸਿੰਘ ਕਿੰਗਰਾ, ਜਸਵੰਤ ਸਿੰਘ ਸ਼ਾਦ, ਉੱਘੇ ਕਾਰੋਬਾਰੀ ਪਾਲ ਸਹੋਤਾ ਅਤੇ ਗਗਨ ਭੰਡਾਲ ਸਮੇਤ ਹੋਰ ਬੁਲਾਰਿਆਂ ਨੇ ਵੀ ਪੁਸਤਕ ਦੀ ਭਰਪੂਰ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਨੀਟਾ ਮਾਛੀਕੇ ਨੇ ਇੱਕ ਨਿਵੇਕਲੇ ਵਿਸ਼ੇ ਨੂੰ ਸਾਹਿਤਕ ਰੂਪ ਦੇ ਕੇ ਪਰਵਾਸੀ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਗਾਇਕ ਧਰਮਵੀਰ ਥਾਂਦੀ, ਕਮਲਜੀਤ ਬੈਨੀਪਾਲ, ਸ਼ਾਇਰ ਦਲਜੀਤ ਰਿਆੜ, ਗਾਇਕ ਬੱਬੂ ਗੁਰਪਾਲ, ਸ਼ਾਇਰ ਸੁੱਖੀ ਧਾਲੀਵਾਲ, ਹਰਜਿੰਦਰ ਢੇਸੀ, ਕਵਿੱਤਰੀ ਮੀਰਾਂ, ਗਾਇਕ ਗੁਰਦੀਪ ਧਾਲੀਵਾਲ ਅਤੇ ਗੋਗੀ ਸੰਧੂ ਆਦਿ ਨੇ ਮਾਂ ਦੀ ਮਮਤਾ ਅਤੇ ਵਿਛੋੜੇ ਨੂੰ ਸਮਰਪਿਤ ਆਪਣੀਆਂ ਪੇਸ਼ਕਾਰੀਆਂ ਰਾਹੀਂ ਮਾਹੌਲ ਭਾਵੁਕ ਬਣਾ ਦਿੱਤਾ।
ਇਸ ਮੌਕੇ ਨੀਟਾ ਮਾਛੀਕੇ ਦੀ ਭਤੀਜੀ ਗਗਨਪ੍ਰੀਤ ਕੌਰ ਧਾਲੀਵਾਲ, ਉਨ੍ਹਾਂ ਦੇ ਸਹੁਰਾ ਸਾਹਿਬ ਡਾ. ਗੁਰਦੀਪ ਸਿੰਘ ਖੁਘੂੜਾ ਅਤੇ ਚਾਚਾ ਜੀ ਸੁਰਜੀਤ ਸਿੰਘ ਖੁਘੂੜਾ ਨੇ ਵੀ ਸਟੇਜ ਤੋਂ ਹਾਜ਼ਰੀ ਲਵਾਈ।
ਸਮਾਗਮ ਵਿੱਚ ਉੱਘੇ ਕਿਸਾਨ ਚਰਨਜੀਤ ਸਿੰਘ ਬਾਠ, ਟਰਾਂਸਪੋਰਟਰ ਜਸਪਾਲ ਸਿੰਘ ਧਾਲੀਵਾਲ, ਨਾਜਰ ਸਿੰਘ ਸਹੋਤਾ, ਗੁਰਦੀਪ ਸਿੰਘ ਚੌਹਾਨ, ਨੰਬਰਦਾਰ ਜਗਤਾਰ ਸਿੰਘ ਗਿੱਲ, ਜੱਸੀ ਸਟੋਨ ਟਰੱਕਿੰਗ, ਚਰਨਜੀਤ ਚੀਮਾ, ਪਰਮਿੰਦਰ ਸਿੰਘ, ਪੀਟਰ, ਸ਼ੇਰ ਸਿੰਘ ਚੌਹਾਨ (ਗੁਰਜੋਤ ਟਰੱਕਿੰਗ), ਗੁਰਨੇਕ ਸਿੰਘ ਬਾਗੜੀ, ਅਨਮੋਲ, ਪ੍ਰਮੋਦ ਲੋਈ, ਅਮਰਜੀਤ ਦੌਧਰ, ਕਿੱਟੀ ਗਿੱਲ, ਬਹਾਦਰ ਸਿੱਧੂ, ਬਬਲਾ ਸਰਪੰਚ, ਗੁਰਪ੍ਰੀਤ ਦੌਧਰ, ਸਤਨਾਮ ਪ੍ਰਧਾਨ, ਟੋਨੀ ਸੰਧੂ ਭਲਵਾਨ, ਰੇਡੀਓ ਹੋਸਟ ਸੁੱਖੀ ਹੇਅਰ, ਰਾਣਾ ਚੁਗਾਵਾਂ, ਦਿਲਬਾਗ ਸਿੰਘ ਕਪੂਰੇ, ਅਵਤਾਰ ਜੇਠੂਕੇ, ਹਰਵਿੰਦਰ ਜੇਠੂਕੇ, ਗੁਰਭੇਜ, ਰਾਜੂ ਪੱਤੋ, ਹੈਰੀ ਬਰਾੜ ਡੈਲਸ, ਸੁਖਦੀਪ ਸਿੰਘ ਸਿੱਧੂ, ਗੁਰਜੰਟ ਸਿੰਘ ਸਿੱਧੂ ਅਤੇ ਰਾਜਵਿੰਦਰ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।
ਇਸ ਤੋਂ ਇਲਾਵਾ ਖਾਲੜਾ ਪਾਰਕ ਵਾਲੇ ਬਾਬਿਆਂ, ਇੰਡੋ ਯੂ.ਐੱਸ. ਹੈਰੀਟੇਜ, ਇੰਡੋ ਅਮੈਰਿਕਨ ਹੈਰੀਟੇਜ ਅਤੇ ਪੰਜਾਬੀ ਕਲਚਰਲ ਐਸੋਸੀਏਸ਼ਨ (PCA) ਨਾਲ ਸਬੰਧਤ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਨੀਟਾ ਮਾਛੀਕੇ ਦੇ ਕਈ ਰਿਸ਼ਤੇਦਾਰ ਕੈਨੇਡਾ ਤੋਂ ਵੀ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ।
ਸਮੁੱਚੇ ਸਮਾਗਮ ਦਾ ਸਟੇਜ ਸੰਚਾਲਨ ਉੱਘੀ ਹੋਸਟ ਜੋਤ ਰਣਜੀਤ ਕੌਰ ਨੇ ਬਾਖੂਬੀ ਕੀਤਾ। ਅੰਤ ਵਿੱਚ ਨੀਟਾ ਮਾਛੀਕੇ ਦੇ ਭਰਾ ਡਾ. ਸਿਮਰਜੀਤ ਸਿੰਘ ਧਾਲੀਵਾਲ ਨੇ ਸਮੂਹ ਮਹਿਮਾਨਾਂ, ਸਾਹਿਤਕਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ‘ਅਮਰੀਕੀ ਟਰੱਕਨਾਮਾ’ ਦਾ ਪ੍ਰਕਾਸ਼ਨ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵੱਲੋਂ ਕੀਤਾ ਗਿਆ ਹੈ। ਇਹ ਪੁਸਤਕ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ, ਮਿਹਨਤ, ਸੰਘਰਸ਼ ਅਤੇ ਤਜਰਬਿਆਂ ਦੀ ਬਾਤ ਪਾਉਂਦੀ ਹੈ।
ਅਖੀਰ ਵਿੱਚ ਮਾਛੀਕੇ ਪਰਿਵਾਰ ਵੱਲੋਂ ਸਮੂਹ ਮਹਿਮਾਨਾਂ ਲਈ ਰਾਤਰੀ ਭੋਜਨ ਦਾ ਪ੍ਰਬੰਧ ਕੀਤਾ ਗਿਆ। ਮਾਤਾ ਮੁਖਤਿਆਰ ਕੌਰ ਧਾਲੀਵਾਲ ਦੀਆਂ ਨਿੱਘੀਆਂ ਯਾਦਾਂ, ਸਾਹਿਤਕ ਵਿਚਾਰਾਂ, ਕਵੀ ਦਰਬਾਰ ਅਤੇ ਪੰਜਾਬੀ ਭਾਈਚਾਰੇ ਦੀ ਆਪਸੀ ਸਾਂਝ ਦੀਆਂ ਅਮਿੱਟ ਪੈੜਾਂ ਛੱਡਦਾ ਇਹ ਸਮਾਗਮ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ।
- Download Babushahi App
-
-