ਤਰਨ ਤਾਰਨ: ਘਰਿਆਲਾ ਮੰਡੀ ਵਿੱਚ ਮੀਂਹ ਅਤੇ ਗੜੇਮਾਰੀ ਨੇ ਮਚਾਈ ਤਬਾਹੀ: ਪਾਣੀ ਵਿੱਚ ਤੈਰੀ ਕਿਸਾਨਾਂ ਦੀ ਫ਼ਸਲ,
Baljit Singh
ਤਰਨਤਾਰਨ/ਪੱਟੀ, 15 ਅਕਤੂਬਰ, 2026 (ਬਲਜੀਤ ਸਿੰਘ): ਪੰਜਾਬ ਵਿੱਚ ਬਦਲੇ ਮੌਸਮ ਅਤੇ ਰਾਤ ਨੂੰ ਪਈ ਭਾਰੀ ਬਾਰਿਸ਼ ਤੇ ਗੜੇਮਾਰੀ ਨੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਕਿਸਾਨਾਂ ਦੀ ਮਿਹਨਤ 'ਤੇ ਵੀ ਪਾਣੀ ਫੇਰ ਦਿੱਤਾ ਹੈ। ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਦੀ ਦਾਣਾ ਮੰਡੀ ਵਿੱਚ ਬਰਸਾਤੀ ਪਾਣੀ ਖੜ੍ਹ ਜਾਣ ਕਾਰਨ ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਂਦੀ ਗਈ ਝੋਨੇ ਦੀ ਫ਼ਸਲ ਪਾਣੀ ਵਿੱਚ ਤੈਰਦੀ ਨਜ਼ਰ ਆਈ।
ਪੀੜਤ ਕਿਸਾਨਾਂ ਰਾਜਵੰਤ ਸਿੰਘ ਅਤੇ ਸੁਖਪਾਲ ਸਿੰਘ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮੰਡੀ ਵਿੱਚ ਫ਼ਸਲ ਲਿਆਂਦਿਆਂ ਚਾਰ ਦਿਨ ਬੀਤ ਚੁੱਕੇ ਹਨ, ਪਰ ਮੰਡੀ ਬੋਰਡ ਵੱਲੋਂ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਅਤੇ ਨਾ ਹੀ ਅਜੇ ਤੱਕ ਝੋਨੇ ਦੀ ਖ਼ਰੀਦ ਸ਼ੁਰੂ ਹੋਈ ਹੈ। ਜਿਹੜੇ ਕਿਸਾਨਾਂ ਕੋਲ ਤਰਪਾਲਾਂ ਨਹੀਂ ਸਨ, ਉਨ੍ਹਾਂ ਦੀ ਫ਼ਸਲ ਪਾਣੀ ਵਿੱਚ ਡੁੱਬਣ ਕਾਰਨ 3 ਤੋਂ 4 ਕੁਇੰਟਲ ਤੱਕ ਦਾ ਭਾਰੀ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਮੰਡੀਆਂ ਵਿੱਚੋਂ ਫ਼ਸਲ ਦੀ ਤੁਰੰਤ ਚੁਕਾਈ ਯਕੀਨੀ ਬਾਈ ਜਾਵੇ।
ਉੱਥੇ ਹੀ, ਦਾਣਾ ਮੰਡੀ ਵਿੱਚ ਕੰਮ ਕਰਦੇ ਮਜ਼ਦੂਰ ਗੁਰਮੀਤ ਸਿੰਘ ਨੇ ਦੱਸਿਆ ਕਿ ਪ੍ਰਬੰਧਾਂ ਦੀ ਘਾਟ ਕਾਰਨ ਮੀਂਹ ਦਾ ਪਾਣੀ ਮੰਡੀ ਵਿੱਚ ਭਰ ਗਿਆ ਹੈ, ਜਿਸ ਨੂੰ ਬਾਹਰ ਕੱਢਣ ਲਈ ਪੱਲੇਦਾਰਾਂ ਨੂੰ ਬਾਲਟੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਡੀ ਦੇ ਪ੍ਰਬੰਧ ਸੁਧਾਰਨ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
- Download Babushahi App
-
-