ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ 12 ਵੇਂ ਵਾਈਸ ਚਾਂਸਲਰ ਵਜੋਂ ਪੀ ਏ ਯੂ ਦੀ ਵਾਗਡੋਰ ਸੰਭਾਲੀ
ਲੁਧਿਆਣਾ 15 ਅਕਤੂਬਰ, 2026
ਉੱਘੇ ਖੇਤੀ ਵਿਗਿਆਨੀ ਅਤੇ ਕਿਸਾਨੀ ਸਮਾਜ ਵਿਚ ਵਿਆਪਕ ਤੌਰ ਤੇ ਸਤਿਕਾਰੇ ਜਾਂਦੇ ਡਾ ਹਰਵਿੰਦਰ ਸਿੰਘ ਧਾਲੀਵਾਲ ਨੇ ਪੀ ਏ ਯੂ ਦੇ ਵਾਈਸ ਚਾਂਸਲਰ ਵਜੋਂ ਅਪਣਾ ਅਹੁਦਾ ਸੰਭਾਲ ਲਿਆ। ਉਹ ਯੂਨੀਵਰਸਿਟੀ ਦੇ 12 ਵੇਂ ਵਾਈਸ ਚਾਂਸਲਰ ਬਣੇ ਹਨ। ਖੇਤੀ ਵਿਗਿਆਨ ਅਤੇ ਕਿਸਾਨੀ ਦੇ ਖੇਤਰ ਵਿਚ ਇਸ ਖ਼ਬਰ ਨਾਲ ਖੁਸ਼ੀ ਦੀ ਲਹਿਰ ਦੌੜ ਗਈ। ਡਾ ਧਾਲੀਵਾਲ ਨੇ ਇਸ ਤੋਂ ਪਹਿਲਾਂ ਪੀ ਏ ਯੂ ਵਿਚ ਆਪਣੇ ਅਕਾਦਮਿਕ ਅਤੇ ਪ੍ਰਸ਼ਾਸਕੀ ਕਾਰਜਾਂ ਕਰਕੇ ਨਾਮਣਾ ਕਮਾਇਆ ਹੈ। ਮਾਨਸਾ ਜ਼ਿਲ੍ਹੇ ਦੇ ਪੇਂਡੂ ਖੇਤਰ ਵਿੱਚ ਜਨਮੇ ਅਤੇ ਪਲੇ ਡਾ ਧਾਲੀਵਾਲ ਪੰਜਾਬ ਦੀ ਧਰਤੀ ਨਾਲ ਜੁੜੇ ਅਤੇ ਕਿਸਾਨੀ ਦਾ ਦਰਦ ਮਹਿਸੂਸ ਕਰਨ ਵਾਲੇ ਖੇਤੀ ਵਿਗਿਆਨੀ ਹਨ। ਕਿਸਾਨਾਂ ਅਤੇ ਪੇਂਡੂ ਭਾਈਚਾਰਿਆਂ ਨਾਲ ਉਨ੍ਹਾਂ ਦੇ ਮਜ਼ਬੂਤ ਸਬੰਧ ਇਸ ਕਥਨ ਦੀ ਗਵਾਹੀ ਭਰਦੇ ਹਨ।
1 ਮਈ, 1962 ਨੂੰ ਜਨਮੇ ਡਾ. ਹਰਵਿੰਦਰ ਸਿੰਘ ਧਾਲੀਵਾਲ ਦਾ ਅਕਾਦਮਿਕ ਰਿਕਾਰਡ ਸ਼ਾਨਦਾਰ ਰਿਹਾ। ਉਨ੍ਹਾਂ ਨੂੰ ਗੋਲਡ ਮੈਡਲ, ਮੈਰਿਟ ਸਰਟੀਫਿਕੇਟ (ਐਮ.ਐਸ.ਸੀ. ਵਿੱਚ) ਅਤੇ ਮੈਰਿਟ ਸਕਾਲਰਸ਼ਿਪ (ਬੀ.ਐਸ.ਸੀ. ਵਿੱਚ) ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਿਨਾਂ ਐਮ.ਐਸ.ਸੀ. ਅਤੇ ਪੀ.ਐਚ.ਡੀ. ਵਿੱਚ ਉਨ੍ਹਾਂ ਨੂੰ ਮੈਰਿਟ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਕੋਲ ਖੇਤੀਬਾੜੀ ਵਿਗਿਆਨੀ ਵਜੋਂ ਲਗਭਗ 31 ਸਾਲਾਂ ਦਾ ਤਜਰਬਾ ਹੈ ਅਤੇ ਫਲੋਰੀਡਾ ਯੂਨੀਵਰਸਿਟੀ ਵਿੱਚ ਨਿੰਬੂ ਜਾਤੀ ਦੇ ਫਲਾਂ 'ਤੇ ਉੱਨਤ ਖੋਜ ਕਰਨ ਦਾ ਅੰਤਰਰਾਸ਼ਟਰੀ ਪੱਧਰ 'ਤੇ ਅਨੁਭਵ ਵੀ ਉਨ੍ਹਾਂ ਨੂੰ ਹਾਸਿਲ ਹੈ।
ਡਾ ਧਾਲੀਵਾਲ ਦੀ ਮੁਹਾਰਤ ਦਾ ਖੇਤਰ ਬਾਗਬਾਨੀ ਵਿਸ਼ੇਸ਼ ਕਰਕੇ ਫਲ ਵਿਗਿਆਨ ਹੈ, ਜਿਸਨੂੰ ਅਜੋਕੇ ਸਮੇਂ ਵਿਚ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਈ ਸਮੇਂ ਦੀ ਲੋੜ ਵਜੋਂ ਵੇਖਿਆ ਜਾ ਰਿਹਾ ਹੈ।
ਉਨ੍ਹਾਂ ਨੇ ਪੀ ਏ ਯੂ ਦੇ ਤਿੰਨੇ ਕਾਰਜ ਖੇਤਰਾਂ ਵਿਚ ਕਾਰਜ ਕੀਤਾ। ਨਾਲ ਹੀ ਅਧਿਆਪਨ, ਖੋਜ ਅਤੇ ਪਸਾਰ ਦੇ ਖੇਤਰ ਵਿਚ ਪ੍ਰਸ਼ਾਸਕੀ ਤਜਰਬਾ ਵੀ ਕਮਾਇਆ। ਅਧਿਆਪਨ ਦੇ ਖੇਤਰ ਵਿਚ ਉਹ ਯੂਨੀਵਰਸਿਟੀ ਦੇ ਸਭ ਤੋਂ ਅਹਿਮ ਗਿਣੇ ਜਾਣ ਵਾਲੇ ਖੇਤੀਬਾੜੀ ਕਾਲਜ ਦੇ ਡੀਨ ਦੇ ਤੌਰ ਤੇ 2013-2017 ਤਕ ਕਾਰਜਸ਼ੀਲ ਰਹੇ। ਖੋਜ ਦੇ ਖੇਤਰ ਵਿਚ ਉਨ੍ਹਾਂ ਨੇ ਵਧੀਕ ਨਿਰਦੇਸ਼ਕ ਖੋਜ (ਬਾਗਬਾਨੀ) ਵਜੋਂ ਅਤੇ ਪਸਾਰ ਵਿਚ (ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਵਜੋਂ) ਵੀ ਕਾਰਜ ਕੀਤਾ।
ਡਾ. ਧਾਲੀਵਾਲ ਨੇ ਕੌਮਾਂਤਰੀ ਪੱਧਰ ਦੇ ਵਿਗਿਆਨੀਆਂ ਨਾਲ ਮਜ਼ਬੂਤ ਸਬੰਧ ਸਥਾਪਿਤ ਕਰਕੇ ਪੰਜਾਬ ਦੀ ਖੇਤੀ ਨੂੰ ਹੋਰ ਵਿਕਸਿਤ ਬਣਾਉਣ ਦਾ ਉੱਦਮ ਅੰਜਾਮ ਦਿੱਤਾ। ਇਸ ਕਾਰਜ ਲਈ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਫਲੋਰੀਡਾ, ਅਮਰੀਕਾ; ਕਰਟਿਨ ਯੂਨੀਵਰਸਿਟੀ ਆਫ਼ ਟੈਕਨਾਲੋਜੀ, ਪਰਥ, ਪੱਛਮੀਆਸਟ੍ਰੇਲੀਆ ਅਤੇ ਯੂਨੀਵਰਸਿਟੀ ਆਫ਼ ਮੇਨ, ਪ੍ਰੈਸਕ ਆਈਲ, ਮੇਨ, ਅਮਰੀਕਾ ਨਾਲ ਨਿੰਬੂ ਜਾਤੀ ਅਤੇ ਭੂਮੀ ਵਿਗਿਆਨ ਦੇ ਖੇਤਰ ਵਿੱਚ ਵਿਕਸਿਤ ਅਕਾਦਮਿਕ ਖੋਜ ਲਈ ਅੰਤਰਰਾਸ਼ਟਰੀ ਸਹਿਯੋਗ ਸਥਾਪਤ ਕੀਤੇ। ਉਨ੍ਹਾਂ ਨੇ ਰਾਸ਼ਟਰੀ ਪੱਧਰ ਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਪੰਜਵੀਂ ਡੀਨਜ਼ ਕਮੇਟੀ ਅਤੇ ਉੱਚ ਖੇਤੀਬਾੜੀ ਸਿੱਖਿਆ ਕਮੇਟੀ ਦੇ ਕਨਵੀਨਰ ਅਤੇ ਮੈਂਬਰ ਵਜੋਂ ਕਈ ਕਾਰਜ ਸਫਲਤਾਪੂਰਵਕ ਸੰਪੰਨ ਕੀਤੇ।
ਡਾ. ਧਾਲੀਵਾਲ ਦੇ ਇਕ ਖੋਜੀ ਵਜੋਂ ਸਮਰਪਣ ਦਾ ਪ੍ਰਮਾਣ ਉਨ੍ਹਾਂ ਵਲੋਂ ਪੀ ਏ ਯੂ ਦੀ ਪੈਕੇਜ ਆਫ਼ ਪ੍ਰੈਕਟਿਸ ਵਿੱਚ ਸ਼ਾਮਿਲ 28 ਸਿਫ਼ਾਰਸ਼ਾਂ ਨੂੰ ਦੇਖਿਆ ਜਾ ਸਕਦਾ ਹੈ। ਇਸ ਵਿੱਚ ਦੋ ਨਵੀਆਂ ਫਸਲਾਂ (ਕੇਲਾ ਅਤੇ ਆਂਵਲਾ) ਅਤੇ ਘੱਟ ਬੀਜ ਵਾਲੇ ਕਿੰਨੂ (ਪੀ ਏ ਯੂ ਕਿੰਨੂ-1) ਸਮੇਤ ਫਲਾਂ ਦੀਆਂ 11 ਕਿਸਮਾਂ ਸ਼ਾਮਲ ਹਨ। ਉਨ੍ਹਾਂ ਨੇ ਮੁੱਖ ਨਿਗਰਾਨ ਅਤੇ ਸਹਿ ਨਿਗਰਾਨ ਵਜੋਂ 6 ਖੋਜ ਪ੍ਰੋਜੈਕਟਾਂ ਦੀ ਦੇਖ ਰੇਖ ਕੀਤੀ ਅਤੇ ਸਾਥੀ ਵਿਗਿਆਨੀਆਂ ਨੂੰ 16 ਖੋਜ ਗ੍ਰਾਂਟ ਪ੍ਰੋਜੈਕਟ ਜਮ੍ਹਾਂ ਕਰਾਉਣ ਲਈ ਪ੍ਰੇਰਿਤ ਕੀਤਾ, ਜਿਨ੍ਹਾਂ ਵਿੱਚੋਂ 7 ਖੋਜ ਪ੍ਰੋਜੈਕਟਾਂ ਨੂੰ ਯੂ ਜੀ ਸੀ ਦੁਆਰਾ ਪ੍ਰਵਾਨਗੀ ਹਾਸਿਲ ਸੀ। ਉਨ੍ਹਾਂ ਦੇ ਨਾਂ ਹੇਠ 189 ਪ੍ਰਕਾਸ਼ਨਾਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਰੈਫ਼ਰੀਡ ਜਰਨਲਾਂ ਵਿੱਚ ਛਪੀਆਂ, ਜਿਨ੍ਹਾਂ ਵਿਚ 81 ਖੋਜ ਪੱਤਰ ਸ਼ਾਮਲ ਹਨ।
ਡਾ ਹਰਵਿੰਦਰ ਸਿੰਘ ਧਾਲੀਵਾਲ ਨੇ ਪੀ ਏ ਯੂ ਵਿਖੇ ਅਤਿ-ਆਧੁਨਿਕ ਪੱਤਾ ਵਿਸ਼ਲੇਸ਼ਣ ਪ੍ਰਯੋਗਸ਼ਾਲਾ ਅਤੇ ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਵਾਇਰਸ-ਮੁਕਤ ਨਰਸਰੀ ਸਥਾਪਤ ਕਰਨ ਦੀ ਪਹਿਲਕਦਮੀ ਕੀਤੀ।
ਡਾ. ਧਾਲੀਵਾਲ ਅਧਿਆਪਕ ਵਜੋਂ ਆਪਣੇ ਵਿਦਿਆਰਥੀਆਂ ਵਿਚ ਬੇਹੱਦ ਸਤਿਕਾਰੇ ਜਾਂਦੇ ਹਨ। ਉਨ੍ਹਾਂ ਨੇ ਅੰਡਰ ਗ੍ਰੇਜੂਏਟ ਅਤੇ ਪੋਸਟ ਗ੍ਰੇਜੂਏਟ ਕੋਰਸਾਂ ਨੂੰ ਸ਼ਿੱਦਤ ਨਾਲ ਪੜ੍ਹਾਇਆ। 15 ਪੀ ਜੀ ਵਿਦਿਆਰਥੀਆਂ ਦੇ ਖੋਜ ਨਿਗਰਾਨ ਵਜੋਂ ਉਨ੍ਹਾਂ ਨੇ ਨਵੇਂ ਖੋਜੀਆਂ ਦੀ ਰਹਿਨੁਮਾਈ ਕੀਤੀ।
ਡਾ. ਧਾਲੀਵਾਲ ਨੇ ਖੇਤੀਬਾੜੀ ਕਾਲਜ ਦੇ ਡੀਨ ਵਜੋਂ ਪੀਏਯੂ ਦੇ ਸਾਰੇ ਗ੍ਰੈਜੂਏਟ ਪ੍ਰੋਗਰਾਮਾਂ ਦੀ ਮਾਨਤਾ ਪ੍ਰਾਪਤ ਕੀਤੀ। ਉਨ੍ਹਾਂ ਦੀ ਨਿਗਰਾਨੀ ਹੇਠ ਇੰਸਟੀਚਿਊਟ ਆਫ਼ ਐਗਰੀਕਲਚਰ, ਬਠਿੰਡਾ ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਅੱਜ ਦੀਆਂ ਲੋੜਾਂ ਅਨੁਸਾਰ 5 ਨਵੇਂ ਅਕਾਦਮਿਕ ਪ੍ਰੋਗਰਾਮ ਸ਼ੁਰੂ ਕੀਤੇ, ਨਾਲ ਹੀ 4 ਯੂਜੀ ਅਤੇ 7 ਪੀ ਜੀ ਪ੍ਰੋਗਰਾਮਾਂ ਦੀ ਦਾਖਲਾ ਸਮਰੱਥਾ ਵਧਾਉਣ ਅਤੇ ਸੱਤ ਨਵੇਂ ਮੈਡਲ/ਫੈਲੋਸ਼ਿਪ ਆਦਿ ਸਥਾਪਤ ਕਰਨ ਦਾ ਸਿਹਰਾ ਵੀ ਉਨ੍ਹਾਂ ਸਿਰ ਬੱਝਦਾ ਹੈ। ਉਨ੍ਹਾਂ ਦੇ ਡੀਨ ਵਜੋਂ ਜ਼ਿੰਮੇਵਾਰੀ ਨਿਭਾਉਣ ਦੌਰਾਨ, 87 ਕਾਲਜ ਗ੍ਰੈਜੂਏਟਾਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖਲਾ ਮਿਲਿਆ, ਇਸ ਤੋਂ ਇਲਾਵਾ 152 ਵਿਦਿਆਰਥੀਆਂ ਨੇ ਨੈੱਟ ਲਈ ਯੋਗਤਾ ਪ੍ਰਾਪਤ ਕੀਤੀ, 89 ਨੇ ਆਈ ਸੀ ਏ ਆਰ ਫੈਲੋਸ਼ਿਪਾਂ ਹਾਸਿਲ ਕੀਤੀਆਂ, 9 ਵਿਦਿਆਰਥੀ ਆਈ ਸੀ ਏ ਆਰ ਵਿਚ ਸ਼ਾਮਿਲ ਹੋਏ ਅਤੇ 11 ਗੇਟ ਪ੍ਰੀਖਿਆ ਪਾਸ ਕਰਨ ਵਿਚ ਸਫ਼ਲ ਰਹੇ। ਉਨ੍ਹਾਂ ਨੇ 5ਵੀਂ ਡੀਨ ਕਮੇਟੀ (ਆਈ.ਸੀ.ਏ.ਆਰ.) ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਅਤੇ ਖੇਤੀਬਾੜੀ ਕਾਲਜ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਅਗਵਾਈ ਅਤੇ ਸਲਾਹਕਾਰ ਸੈੱਲ’ ਦੀ ਸਥਾਪਨਾ ਕੀਤੀ। ਪੀ ਏ ਯੂ ਵਜੋਂ ਖੋਜ ਤਕਨਾਲੋਜੀਆਂ ਕਿਸਾਨਾਂ ਤਕ ਪੁਚਾਉਣ ਲਈ ਯੂਨੀਵਰਸਿਟੀ ਦੇ ਤੀਜੇ ਥੰਮ੍ਹ ਗਿਣੇ ਜਾਣੇ ਪਸਾਰ ਕਾਰਜਾਂ ਵਿਚ ਵੀ ਡਾ ਹਰਵਿੰਦਰ ਸਿੰਘ ਧਾਲੀਵਾਲ ਦਾ ਕਾਰਜ ਜ਼ਿਕਰਯੋਗ ਹੈ।
ਉਨ੍ਹਾਂ ਨੇ ਨਿਰਦੇਸ਼ਕ ਪਸਾਰ ਸਿੱਖਿਆ ਵਜੋਂ 11 ਕਿਸਾਨ ਮੇਲੇ, 3 ਕਿਸਾਨ ਦਿਵਸ, 6 ਵਰਕਸ਼ਾਪਾਂ,155 ਖੇਤ ਦਿਵਸ, 69 ਖੋਜ ਟਰਾਇਲ, 780 ਸਿਖਲਾਈ ਕੈਂਪ ਅਤੇ 278 ਕਿੱਤਾਮੁਖੀ ਸਿਖਲਾਈਆਂ ਦੇ ਆਯੋਜਨ ਦੀ ਜ਼ਿੰਮੇਵਾਰੀ ਸੰਭਾਲੀ।
ਡਾ. ਧਾਲੀਵਾਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਅਤੇ ਕਾਰਜਾਂ ਲਈ ਬਹੁਤ ਸਾਰੇ ਮਾਣ ਸਨਮਾਨ ਹਾਸਿਲ ਹੋਏ। 2013 ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਿਭਾਈ ਗਈ ਮਿਸਾਲੀ ਸੇਵਾ ਲਈ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ, ਆਪ ਜੀ ਦ ਹਾਰਟੀਕਲਚਰਲ ਸੋਸਾਇਟੀ - 2015 ਦੇ ਫੈਲੋ (ਬਾਗਬਾਨੀ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਲਈ) ਬਣੇ, ਇਸ ਤੋਂ ਇਲਾਵਾ ਹੰਸ ਰਾਜ ਪਾਹਵਾ ਪੁਰਸਕਾਰ - 2012-13 (ਬਾਗਬਾਨੀ ਦੇ ਖੇਤਰ ਵਿੱਚ ਪ੍ਰਸ਼ੰਸਾਯੋਗ ਖੋਜ, ਅਧਿਆਪਨ ਅਤੇ ਪਸਾਰ ਕਾਰਜ ਦੀ ਮਾਨਤਾ ਵਜੋਂ), ਨਾਲ ਹੀ ਡਾ ਧਾਲੀਵਾਲ ਨੂੰ ਸ਼੍ਰੀਮਤੀ ਹਰਪਾਲ ਕੌਰ ਯਾਦਗਾਰੀ ਪੁਰਸਕਾਰ - 2011 (ਫਲ ਵਿਗਿਆਨ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਦੇ ਸਨਮਾਨ ਵਿੱਚ) ਨਾਲ ਸਨਮਾਨਿਤ ਕੀਤਾ ਗਿਆ।
ਡਾ ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਪੀ ਏ ਯੂ ਦੇ ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਸਮੂਹ ਕਰਮਚਾਰੀਆਂ ਦੇ ਨਾਂ ਆਪਣੇ ਸੰਦੇਸ਼ ਵਿਚ ਆਸ ਪ੍ਰਗਟਾਈ ਕਿ ਸਭ ਦੇ ਸਹਿਯੋਗ ਨਾਲ ਯੂਨੀਵਰਸਿਟੀ ਨੂੰ ਹੋਰ ਉੱਚੀਆਂ ਸਿਖਰਾਂ ਵੱਲ ਲਿਜਾਣ ਲਈ ਕੋਈ ਕਸਰ ਕਸਰ ਨਹੀਂ ਛੱਡੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਦੇਸ਼ ਨੂੰ ਭੁੱਖਮਰੀ ਦੀ ਹਾਲਤ ਚੋਂ ਬਾਹਰ ਲਿਆ ਕੇ ਵਾਧੂ ਅੰਨ ਵਾਲਾ ਖਿੱਤਾ ਬਣਾਉਣ ਲਈ ਇਤਿਹਾਸਕ ਯੋਗਦਾਨ ਦਿੱਤਾ ਹੈ, ਅੱਜ ਖੇਤੀ ਖੇਤਰ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਪੀ ਏ ਯੂ ਦੀ ਭੂਮਿਕਾ ਪਹਿਲਾਂ ਨਾਲੋਂ ਵੀ ਵਧੀ ਹੈ। ਡਾ ਧਾਲੀਵਾਲ ਨੇ ਕਿਸਾਨੀ ਸਮਾਜ ਦੀ ਬਿਹਤਰੀ ਲਈ ਸਮੂਹ ਵਿਗਿਆਨੀਆਂ ਨੂੰ ਡਟ ਕੇ ਕਾਰਜ ਦਾ ਸੱਦਾ ਦਿੱਤਾ।
ਨਵੇਂ ਵਾਈਸ ਚਾਂਸਲਰ, ਪੀਏਯੂ ਅਧਿਕਾਰੀਆਂ ਦਾ ਸਵਾਗਤ ਕਰਦੇ ਹੋਏ, ਸ਼੍ਰੀ ਸੁਖਜੀਤ ਪਾਲ ਸਿੰਘ (ਆਈਏਐਸ), ਰਜਿਸਟਰਾਰ, ਪੀਏਯੂ; ਡਾ. ਤੇਜਿੰਦਰ ਸਿੰਘ ਰਿਆੜ, ਅਸਟੇਟ ਅਫਸਰ; ਡਾ. ਐਚਐਸ ਕਿੰਗਰਾ, ਪ੍ਰਧਾਨ ਪਾਉਟਾ; ਸਰਦਾਰ ਬਲਦੇਵ ਸਿੰਘ ਵਾਲੀਆ, ਪ੍ਰਧਾਨ, ਪੀਏਯੂ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ; ਅਤੇ ਯੂਨੀਵਰਸਿਟੀ ਦੇ ਡੀਨ ਅਤੇ ਡਾਇਰੈਕਟਰਾਂ ਨੇ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਡਾ. ਧਾਲੀਵਾਲ ਨੂੰ ਯੂਨੀਵਰਸਿਟੀ ਦੇ ਮੁਖੀ ਵਜੋਂ ਸਫਲ ਅਤੇ ਸੰਪੂਰਨ ਨਵੀਂ ਪਾਰੀ ਦੀ ਕਾਮਨਾ ਕੀਤੀ।
- Download Babushahi App
-
-