Babushahi Special -ਝੋਟਾ ਕਤਲਕਾਂਡ : ਬੇਮਿਸਾਲ ਬੰਦ ਪਿੱਛੋਂ ਪੁਲਿਸ ਨੇ ਢੋਲ ਵਜਾਕੇ ਕੀਤੀ SHO ਮੁਅੱਤਲ
ਅਸ਼ੋਕ ਵਰਮਾ
ਬਠਿੰਡਾ , 15 ਅਕਤੂਬਰ 2026 : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਬਣੀ ਐਕਸ਼ਨ ਕਮੇਟੀ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਮਿਲੇ ਬੇਮਿਸਾਲ ਹੁੰਗਾਰੇ ਨੂੰ ਦੇਖਦਿਆਂ ਜਿਲ੍ਹਾ ਪੁਲਿਸ ਨੇ ਥਾਣਾ ਸਿਟੀ ਮਾਨਸਾ ਦੀ ਮਹਿਲਾ ਐੱਸ ਐੱਚ ਓ ਇੰਸਪੈਕਟਰ ਬੇਅੰਤ ਕੌਰ ਨੂੰ ਮੁਅੱਤਲ ਕਰਨਾ ਪਿਆ ਹੈ। ਇਹੋ ਹੀ ਨਹੀਂ ਭੜਕੇ ਲੋਕਾਂ ਨੂੰ ਠੰਢਾ ਕਰਨ ਲਈ ਬੇਅੰਤ ਕੌਰ ਨੂੰ ਲਾਈਨ ਹਾਜ਼ਰ ਅਤੇ ਜ਼ਿਲ੍ਹੇ ਤੋਂ ਬਾਹਰ ਵੀ ਬਦਲਿਆ ਗਿਆ ਹੈ। ਐੱਸਐੱਸਪੀ ਮਾਨਸਾ ਵੈਭਵ ਚੌਧਰੀ ਨੇ ਥਾਣਾ ਸਿਟੀ 2 ਦੀ ਮਹਿਲਾ ਐੱਸਐੱਚਓ ਖਿਲਾਫ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸ਼ਨ ਆਪਣੇ ਮੁਲਾਜਮਾਂ ਦੀ ਮੁਅੱਤਲੀ ਦੇ ਤੱਥ ਜਾਹਰ ਕਰਨ ਤੋਂ ਅਕਸਰ ਬਚਦਾ ਰਹਿੰਦਾ ਹੈ। ਇਸ ਦੇ ਉਲਟ ਮਾਨਸਾ ’ਚ ਸਰਕਾਰ ਲਈ ਬਣੀਆਂ ਮਜਬੂਰੀਆਂ ਕਾਰਨ ਐਸਐਸਪੀ ਵੱਲੋਂ ਇਸ ਸਬੰਧੀ ਜਾਰੀ ਹੁਕਮ ਜਿਲ੍ਹਾ ਲੋਕ ਸੰਪਰਕ ਵਿਭਾਗ ਰਾਹੀਂ ਮੀਡੀਆ ਨੂੰ ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਝੋਟਾ ਦੀਆਂ ਕਈ ਸ਼ਿਕਾਇਤਾਂ ਅਤੇ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਦੇਣ ’ਤੇ ਬੇਅੰਤ ਕੌਰ ਵੱਲੋਂ ਕੋਈ ਕਾਰਵਾਈ ਨਾ ਕਰਨ ਦੀ ਗੱਲ ਕਹੀ ਸੀ। ਝੋਟਾ ਕਤਲ ਮਾਮਲੇ ਵਿੱਚ ਡੀਆਈਜੀ ਹਰਜੀਤ ਸਿੰਘ ਨੇ ਵੀ ਇਸ ਸਬੰਧੀ ਕਸੂਰਵਾਰ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲਾਪਰਵਾਹੀ ਸਾਹਮਣੇ ਆਉਣ ’ਤੇ ਕਾਰਵਾਈ ਕਰਨ ਦੀ ਗੱਲ ਕਹੀ ਸੀ। ਓਧਰ ਇਸ ਮਾਮਲੇ ਵਿੱਚ ਇਨਸਾਫ਼ ਲੈਣ ਲਈ ਬਣਾਈ ਗਈ ਐਕਸ਼ਨ ਕਮੇਟੀ ਵੱਲੋਂ ਲਾਇਆ ਗਿਆ ਧਰਨਾ ਲਗਾਤਾਰ ਜਾਰੀ ਹੈ। ਐਕਸ਼ਨ ਕਮੇਟੀ ਨੇ ਲੋਕਾਂ ਨੂੰ ਬੰਦ ਦੌਰਾਨ ਅਮਨ-ਸ਼ਾਂਤੀ ਬਣਾਏ ਰੱਖਣ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਕਮੇਟੀ ਨੇ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਹੈ ਕਿ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾਵੇ। ਕਮੇਟੀ ਪੀ੍ਰਵਾਰ ਦੀ ਸਹਿਮਤੀ ਨਾਲ ਮੰਗਾਂ ਪੂਰੀਆਂ ਨਾਂ ਹੋਣ ਤੱਕ ਧਰਨਾ ਜਾਰੀ ਰੱਖਣ ’ਤੇ ਅੜੀ ਹੋਈ ਹੈ।
.jpg)
ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਦੀਆਂ ਮੁੱਖ ਮੰਗਾਂ ਵਿੱਚ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਦਾ ਅਸਤੀਫ਼ਾ, ਕਤਲ ਦੀ ਸੀਬੀਆਈ ਜਾਂਚ , ਸਬੰਧਤ ਜ਼ਿਲ੍ਹਾ ਡਰੱਗ ਇੰਸਪੈਕਟਰ , ਐਸਐਸਪੀ , ਡੀਐਸਪੀ ਅਤੇ ਥਾਣਾ ਮੁਖੀ (ਐਸਐਚਓ) ਨੂੰ ਬਰਖ਼ਾਸਤ ਕਰਨਾ ਸ਼ਾਮਲ ਹੈ। ਐਕਸ਼ਨ ਕਮੇਟੀ ਨੇ ਰੋਸ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਏ ਲੋਕਾਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਹੈ। ਦੂਜੇ ਪਾਸੇ ਕਮੇਟੀ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਬੇਮਿਸਾਲ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ, ਐਕਸ਼ਨ ਕਮੇਟੀ ਵੱਲੋਂ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਰਵਿੰਦਰ ਝੋਟਾ ਦੀ ਮੰਗਲਵਾਰ ਨੂੰ ਮਾਨਸਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ ‘ਤੇ ਨਸ਼ਿਆਂ ਦੀ ਬਰਾਮਦਗੀ ਨੂੰ ਲੈ ਕੇ ਕੈਮਿਸਟ ਨਾਲ ਹੋਈ ਬਹਿਸ ਤੋਂ ਬਾਅਦ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂਕਿ ਇਸ ਘਟਨਾ ਵਿੱਚ ਚਾਰ ਹੋਰ ਵੀ ਜ਼ਖ਼ਮੀ ਹੋ ਗਏ ਸਨ।
ਇਸੇ ਦੌਰਾਨ ਬਠਿੰਡਾ ਸ਼ਹਿਰ ਅਤੇ ਜਿਲ੍ਹੇ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਬੰਦ ਨੂੰ ਦੇਖਦਿਆਂ ਪ੍ਰਾਈਵੇਟ ਸਕੂਲਾਂ ਨੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਛੁੱਟੀ ਰੱਖੀ। ਸਰਕਾਰੀ ਸਕੂਲ ਖੁੱਲ੍ਹੇ ਪਰ ਹਾਜ਼ਰੀ ਕਾਫੀ ਘੱਟ ਰਹੀ। ਜਾਇਜੇ ਅਨੁਸਾਰ ਜਰੂਰੀ ਸੇਵਾਵਾਂ ਨੂੰ ਛੱਡਕੇ ਬਾਕੀ ਕਾਰੋਬਾਰੀ ਅਦਾਰੇ ਲੱਗਭਗ ਬੰਦ ਰਹੇ। ਹਾਲਾਂਕਿ ਇੱਕਾ ਦੁਕਾਨਾਂ ਖੁੱਲ੍ਹੀਆਂ ਜਾਂ ਸ਼ਟਰ ਅੱਧੇ ਖੁੱਲ੍ਹੇ ਹੋਏ ਸਨ ਪਰ ਗਾਹਕੀ ਨਾਂ ਹੋਣ ਕਾਰਨ ਮਹੌਲ ਬੰਦ ਵਰਗਾ ਹੀ ਸੀ। ਸ਼ਹਿਰ ਦੀ ਸਭ ਤੋਂ ਜਿਆਦਾ ਰੌਣਕ ਵਾਲੀ ਅਜੀਤ ਰੋਡ ਅਤੇ ਸੌ ਫੁੱਟੀ ਸੜਕ ’ਤੇ ਪੂਰੀ ਤਰਾਂ ਸੁੰਨੀ ਪਈ ਸੀ। ਨਿੱਜੀ ਬੱਸ ਮਾਲਕਾਂ ਅਤੇ ਸਰਕਾਰੀ ਬੱਸ ਕਾਮਿਆਂ ਵੱਲੋਂ ਬੰਦ ਨੂੰ ਹਮਾਇਤ ਕਾਰਨ ਬਠਿੰਡਾ ਦਾ ਬੱਸ ਅੱਡਾ ਭਾਂਅ ਭਾਂਅ ਕਰ ਰਿਹਾ ਸੀ। ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਉੱਪਰ ਜਾਮ ਲਾਇਆ। ਬੰਦ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।
.jpg)
ਅਸ਼ਵਨੀ ਦੀ ਪਤਨੀ ਨਾਮਜਦ
ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਮਾਨਸਾ ਪੁਲੀਸ ਨੇ ਮੁੱਖ ਮੁਲਜ਼ਮ ਮੈਡੀਕਲ ਦੁਕਾਨਦਾਰ ਅਸ਼ਵਨੀ ਕੁਮਾਰ ਅਤੇ ਉਸ ਦੀ ਪਤਨੀ ਨੀਲਮ ਰਾਣੀ ਵੀ ਨਾਮਜ਼ਦ ਕੀਤੀ ਹੈ। ਪੁਲਿਸ ਨੇ ਇੰਨ੍ਹਾਂ ਦੋਵਾਂ ਤੋਂ ਇਲਾਵਾ ਲਾਡੀ ਬਰਨਾਲਾ ਅਤੇ ਵਿਪਨ ਗਰਗ ’ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਡੀਆਈਜੀ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਜਾਂਚ ਚੱਲ ਰਹੀ ਹੈ ਜਿਸ ਬਾਰੇ ਜਿਆਦਾ ਖੁਲਾਸਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਕਿਸੇ ਹੋਰ ਦੀ ਭੂਮਿਕਾ ਸਾਹਮਣੇ ਆਈ ਤਾਂ ਉਸ ਨੂੰ ਨਾਮਜਦ ਕੀਤਾ ਜਾਏਗਾ।
ਡੀਆਈਜੀ ਨੇ ਮੁਆਫੀ ਮੰਗੀ
ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਨੇ ਮ੍ਰਿਤਕ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਕਰ ਰਹੀ ਐਕਸ਼ਨ ਕਮੇਟੀ ਤੋਂ ਉਸ ਸਮੇਂ ਮਾਫ਼ੀ ਮੰਗੀ ਹੈ। ਡੀਆਈਜੀ ਨੇ ਜਨਤਕ ਤੌਰ ‘ਤੇ ਕਿਹਾ, “ਜੇ ਮੇਰੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫ਼ੀ ਮੰਗਦਾ ਹਾਂ। ਮੇਰਾ ਇਰਾਦਾ ਤੁਹਾਡੇ ਮਨ ਨੂੰ ਦੁਖਾਉਣ ਦਾ ਨਹੀਂ ਸੀ। ਐਕਸ਼ਨ ਕਮੇਟੀ ਮੈਂਬਰ ਗੁਰਲਾਭ ਸਿੰਘ ਮਾਹਲ ਅਤੇ ਕਮੇਟੀ ਮੈਂਬਰਾਂ ਨੇ ਕਤਲ ਨੂੰ ਪੁਰਾਣੀ ਨਿੱਜੀ ਰੰਜਿਸ਼ ਨਾਲ ਜੋੜਨ ਵਾਲੀ ਉਨ੍ਹਾਂ ਦੀ ਟਿੱਪਣੀ ’ਤੇ ਇਤਰਾਜ਼ ਜਤਾਇਆ ਸੀ। ਡੀਆਈਜੀ ਨੇ ਕਿਹਾ ਸੀ ਕਿ ਝੋਟਾ ਦਾ ਕਤਲ ਕੈਮਿਸਟ ਅਸ਼ਵਨੀ ਕੁਮਾਰ ਨਾਲ ਪੁਰਾਣੀ ਨਿੱਜੀ ਦੁਸ਼ਮਣੀ ਨਾਲ ਜੁੜਿਆ ਹੋਇਆ ਸੀ।
- Download Babushahi App
-
-