ਪਤਨੀ ਦਾ ਤੇਜਧਾਰ ਹਥਿਆਰ ਨਾਲ ਕਤਲ ਕਰਨ ਪਿੱਛੋਂ ਪਤੀ ਨੇ ਨਿਗਲੀ ਜ਼ਹਿਰੀਲੀ ਚੀਜ਼ -ਮੌਤ ਹੋਈ
ਅਸ਼ੋਕ ਵਰਮਾ
ਮਹਿਲ ਕਲਾਂ, 16 ਅਕਤੂਬਰ 2026 ,:ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਵਿਖੇ ਘਰੇਲੂ ਝਗੜੇ ਦੇ ਪਿਛੋਕੜ ਵਿੱਚ ਵਾਪਰੀ ਇੱਕ ਦੁਖਦਾਈ ਘਟਨਾ ਦੌਰਾਨ ਪਤੀ ਨੇ ਆਪਣੀ ਪਤਨੀ ਦਾ ਕੁਹਾੜੇ ਨਾਲ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਜ਼ਹਿਰੀਲੀ ਚੀਜ਼ ਨਿਗਲ ਲਈ ਕਾਰਨ ਉਸ ਦੀ ਵੀ ਮੌਤ ਹੋ ਗਈ। ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦੇ ਚਾਰ ਬੱਚਿਆਂ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ (45) ਪਤਨੀ ਭੋਲਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਚੰਨਣਵਾਲ ਰੋਜ਼ਾਨਾ ਦੀ ਤਰ੍ਹਾਂ ਇੱਕ ਹੋਰ ਔਰਤ ਮਨਜੀਤ ਕੌਰ ਨਾਲ ਪਸ਼ੂਆਂ ਲਈ ਚਾਰਾ ਵੱਢਣ ਵਾਸਤੇ ਖੇਤਾਂ ਦੀਆਂ ਵੱਟਾਂ ’ਤੇ ਗਈ ਹੋਈ ਸੀ। ਦੁਪਹਿਰ ਕਰੀਬ 2.40 ਵਜੇ ਜਦੋਂ ਉਹ ਚਾਰਾ ਵੱਢ ਰਹੀ ਸੀ ਤਾਂ ਉਸ ਦਾ ਪਤੀ ਭੋਲਾ ਸਿੰਘ ਉੱਥੇ ਪਹੁੰਚ ਗਿਆ ਅਤੇ ਪਿੱਛਿਓਂ ਆ ਕੇ ਉਸ ’ਤੇ ਕੁਹਾੜੇ ਨਾਲ ਕਈ ਵਾਰ ਕਰ ਦਿੱਤੇ।
ਗੰਭੀਰ ਸੱਟਾਂ ਲੱਗਣ ਕਾਰਨ ਕੁਲਵਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ।ਘਟਨਾ ਤੋਂ ਬਾਅਦ ਭੋਲਾ ਸਿੰਘ ਪਿੰਡ ਵਾਪਸ ਚਲਾ ਗਿਆ, ਜਿੱਥੇ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ, ਪਰ ਉੱਥੇ ਉਸ ਦੀ ਵੀ ਮੌਤ ਹੋ ਗਈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਜਸਵਿੰਦਰ ਕੌਰ ਨੇ ਦੱਸਿਆ ਕਿ ਕੁਲਵਿੰਦਰ ਕੌਰ ਰੋਜ਼ਾਨਾ ਦੀ ਤਰ੍ਹਾਂ ਖੇਤਾਂ ਵਿੱਚ ਚਾਰਾ ਵੱਢਣ ਗਈ ਹੋਈ ਸੀ, ਜਿੱਥੇ ਉਸ ਦੇ ਪਤੀ ਨੇ ਕੁਹਾੜੇ ਨਾਲ ਹਮਲਾ ਕਰਕੇ ਉਸ ਦੀ ਜਾਨ ਲੈ ਲਈ। ਇਸ ਤੋਂ ਬਾਅਦ ਭੋਲਾ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਘਟਨਾ ਪਿੱਛੇ ਕੀ ਕਾਰਨ ਸਨ।
ਪਿੰਡ ਦੇ ਸਰਪੰਚ ਗੁਰਜੰਟ ਸਿੰਘ ਚੰਨਣਵਾਲ ਨੇ ਦੱਸਿਆ ਕਿ ਮ੍ਰਿਤਕ ਪਤੀ-ਪਤਨੀ ਦੇ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਉਨ੍ਹਾਂ ਦੀ ਇੱਕ ਵੱਡੀ ਧੀ ਦਾ ਵਿਆਹ ਹੋ ਚੁੱਕਾ ਹੈ, ਜਦਕਿ ਬਾਕੀ ਬੱਚੇ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਬੱਚੇ ਮਾਪਿਆਂ ਤੋਂ ਵਾਂਝੇ ਹੋ ਗਏ ਹਨ, ਜਿਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।ਸਰਪੰਚ ਅਨੁਸਾਰ ਭੋਲਾ ਸਿੰਘ ਨਸ਼ੇ ਦਾ ਆਦੀ ਸੀ ਅਤੇ ਪਤੀ-ਪਤਨੀ ਵਿਚਕਾਰ ਪਹਿਲਾਂ ਵੀ ਕਈ ਵਾਰ ਝਗੜੇ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਕੁਲਵਿੰਦਰ ਕੌਰ ਨੇ ਪਹਿਲਾਂ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਘਟਨਾ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋ ਸਕੇਗੀ। ਇਸ ਮੌਕੇ ’ਤੇ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਕਮਲਜੀਤ ਕੌਰ, ਏਐੱਸਆਈ ਲਾਭ ਸਿੰਘ, ਸੀਆਈ ਸਟਾਫ਼ ਦੇ ਜਗਦੀਪ ਸਿੰਘ, ਗੁਰਦੀਪ ਸਿੰਘ ਅਤੇ ਡੀਐੱਸਪੀ ਰੀਡਰ ਗੁਰਦੀਪ ਸਿੰਘ ਛੀਨੀਵਾਲ ਕਲਾਂ ਸਮੇਤ ਪੁਲਿਸ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- Download Babushahi App
-
-